19 ਸਾਲਾ ਲਡ਼ਕੀ ਦੀ ਸ਼ੱਕੀ ਹਾਲਾਤ ’ਚ ਮੌਤ
Tuesday, Oct 02, 2018 - 07:38 AM (IST)

ਡੇਰਾਬੱਸੀ, (ਅਨਿਲ)- ਨਜ਼ਦੀਕੀ ਪਿੰਡ ਜਵਾਹਰਪੁਰ ਦੀ ਵਾਸੀ 19 ਸਾਲਾ ਮੁਟਿਆਰ ਦੀ ਅੱਜ ਸਵੇਰੇ ਸ਼ੱਕੀ ਹਾਲਾਤ ’ਚ ਮੌਤ ਹੋ ਗਈ, ਜਿਸ ਦੀ ਪਹਿਚਾਣ ਪ੍ਰਵੀਨ ਕੌਰ ਪੁੱਤਰੀ ਸਵਰਗੀ ਤਰਸੇਮ ਸਿੰਘ ਦੇ ਤੌਰ ’ਤੇ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਵੀਨ ਦੀ ਚਾਚੀ ਗੁਰਮੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਵੀਨ ਕੌਰ ਸਵੇਰੇ ਕਰੀਬ ਸਾਢੇ 8 ਵਜੇ ਬਾਥਰੂਮ ਗਈ ਸੀ, ਜਿਥੇ ਉਹ ਕਿਸੇ ਬੀਮਾਰੀ ਨਾਲ ਪਏ ਦੌਰੇ ਦਾ ਸ਼ਿਕਾਰ ਹੋ ਗਈ। ਉਸ ਦਾ ਮੂੰਹ ਉਥੇ ਪਾਣੀ ਨਾਲ ਭਰੇ ਵੱਡੇ ਟੱਪ ਵਿਚ ਡੁੱਬ ਗਿਆ।
ਉਸ ਨੂੰ ਪਰਿਵਾਰ ਵਾਲਿਆਂ ਦੀ ਮਦਦ ਨਾਲ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਪ੍ਰਵੀਨ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਲਾਂਕਿ ਗੁਰਮੀਤ ਮੁਤਾਬਕ ਪ੍ਰਵੀਨ ਨੂੰ ਮਿਰਗੀ ਵਰਗੀ ਬੀਮਾਰੀ ਦੇ ਦੌਰੇ ਪੈਂਦੇ ਸਨ। ਪੁਲਸ ਨੇ ਸੀ. ਆਰ. ਪੀ. 174 ਦੇ ਤਹਿਤ ਕਾਰਵਾਈ ਕੀਤੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ’ਚ ਪੋਸਟਮਾਰਟਮ ਮਗਰੋਂ ਉਸ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ।