ਨਸ਼ੇ ਵਾਲੀਆਂ 150 ਗੋਲੀਆਂ ਅਤੇ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

11/12/2019 9:22:20 PM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਪੁਲਸ ਨੇ 4 ਵੱਖ-ਵੱਖ ਕੇਸਾਂ ’ਚ ਨਸ਼ੇ ਵਾਲੀਆਂ 150 ਗੋਲੀਆਂ ਅਤੇ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀ ਹਰਬੰਸ ਸਿੰਘ ਗਸ਼ਤ ਦੌਰਾਨ ਜਦੋਂ ਪਿੰਡ ਨੰਗਲਾ ਮੌਜੂਦ ਸੀ ਤਾਂ ਪਿੰਡ ਸੰਗਤੀਵਾਲਾ ਸਾਈਡ ਤੋਂ ਇਕ ਵਿਅਕਤੀ ਹੱਥ ’ਚ ਲਿਫਾਫਾ ਚੁੱਕੀ ਆਉਂਦਾ ਦਿਖਾਈ ਦਿੱਤਾ। ਪੁਲਸ ਪਾਰਟੀ ਨੂੰ ਦੇਖ ਕੇ ਉਹ ਪਿੱਛੇ ਮੁਡ਼ਨ ਲੱਗਾ ਤਾਂ ਉਸ ਦਾ ਲਿਫਾਫਾ ਹੇਠਾਂ ਡਿੱਗ ਪਿਆ ਅਤੇ ਨਸ਼ੇ ਵਾਲੀਆਂ ਗੋਲੀਆਂ ਦੇ ਪੱਤੇ ਬਾਹਰ ਨਿਕਲ ਗਏ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਕੇ ਉਸ ਤੋਂ 150 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਗ੍ਰਿਫਤਾਰ ਕੀਤਾ। ਉਕਤ ਵਿਅਕਤੀ ਦੀ ਪਛਾਣ ਕਾਲਾ ਸਿੰਘ ਵਾਸੀ ਸੰਗਤੀਵਾਲਾ ਥਾਣਾ ਲਹਿਰਾ ਦੇ ਤੌਰ ’ਤੇ ਹੋਈ ਹੈ। ਉਸ ਵਿਰੁੱਧ ਥਾਣਾ ਲਹਿਰਾ ਵਿਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਕ ਹੋਰ ਮਾਮਲੇ ’ਚ ਥਾਣਾ ਮੂਨਕ ਦੇ ਪੁਲਸ ਅਧਿਕਾਰੀ ਅਵਤਾਰ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਸਲੇਮਗਡ਼੍ਹ ਮੌਜੂਦ ਸੀ ਤਾਂ ਇਕ ਵਿਅਕਤੀ ਸੱਜੇ ਮੋਢੇ ’ਤੇ ਇਕ ਥੈਲਾ ਚੁੱਕੀ ਆਉਂਦਾ ਦਿਖਾਈ ਦਿੱਤਾ। ਉਸ ਨੂੰ ਰੋਕ ਕੇ ਨਾਂ-ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਂ ਗੁਰਜੰਟ ਸਿੰਘ ਉਰਫ ਜੰਟੀ ਵਾਸੀ ਸਲੇਮਗਡ਼੍ਹ ਦੱਸਿਆ। ਥੈਲਾ ਚੈੱਕ ਕਰਨ ’ਤੇ ਉਸ ’ਚੋਂ 40 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕਰ ਕੇ ਉਸ ਨੂੰ ਮੌਕੇ ’ਤੇ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਿਟੀ 1 ਦੇ ਪੁਲਸ ਅਧਿਕਾਰੀ ਪਰਮਜੀਤ ਸਿੰਘ ਜਦੋਂ ਚੈਕਿੰਗ ਦੌਰਾਨ ਉੱਭਾਵਾਲ ਰੋਡ ਮੌਜੂਦ ਸੀ ਤਾਂ ਪਟਡ਼ੀ ’ਤੇ ਇਕ ਔਰਤ ਆਉਂਦੀ ਦਿਖਾਈ ਦਿੱਤੀ। ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁਡ਼ਨ ਲੱਗੀ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਕੇ ਉਸ ਕੋਲੋਂ 10 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਉਕਤ ਔਰਤ ਦੀ ਪਛਾਣ ਮਨਜੀਤ ਕੌਰ ਵਾਸੀ ਸੰਗਰੂਰ ਦੇ ਤੌਰ ’ਤੇ ਹੋਈ ਹੈ।


Bharat Thapa

Content Editor

Related News