149 ਸੈਂਪਲ ਜਾਂਚ ਲਈ ਭੇਜੇ, 135 ਲੋਕਾਂ ਨੂੰ ਕੀਤਾ ਹੋਮ ਕੁਆਰੰਟਾਈਨ

05/24/2020 1:03:15 AM

ਲੁਧਿਆਣਾ, (ਸਹਿਗਲ)— ਜ਼ਿਲ੍ਹਾ ਸਿਹਤ ਵਿਭਾਗ ਨੇ ਸ਼ਨੀਵਾਰ ਸ਼ੱਕ ਦੇ ਅਧਾਰ 'ਤੇ 149 ਵਿਅਕਤੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਸ਼ਨੀਵਾਰ ਸਕ੍ਰੀਨਿੰਗ ਦੌਰਾਨ 135 ਲੋਕਾਂ ਨੂੰ ਹੋਮ ਕੁਅਰੰਟਾਈਨ 'ਚ ਭੇਜ ਦਿੱਤਾ ਹੈ।
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 2311 ਵਿਅਕਤੀ ਅਜੇ ਵੀ ਹੋਮ ਕੁਅਰੰਟਾਈਨ 'ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 5742 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜਾ ਜਾ ਚੁੱਕੇ ਹਨ। ਇਨ੍ਹਾਂ 'ਚੋਂ 5502 ਵਿਅਕਤੀਆਂ ਦੀ ਰਿਪੋਰਟ ਮਿਲੀ ਹੈ, ਜਿਸ 'ਚ 5237 ਸੈਂਪਲ ਨੈਗੇਟਿਵ ਹਨ, ਜਦੋਂਕਿ 179 ਵਿਅਕਤੀਆਂ ਦੀ ਰਿਪੋਰਟ ਪੋਜ਼ੇਟਿਵ ਆਈ ਹੈ। 135 ਵਿਅਕਤੀ ਠੀਕ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 240 ਅਜੇ ਬਾਕੀ ਹਨ। ਸ਼ਨੀਵਾਰ ਸ਼ਾਮ ਜੀ. ਐੱਮ. ਸੀ. ਪਟਿਆਲਾ ਤੋਂ 149 ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜੋ ਕਿ ਸਾਰੇ ਸੈਂਪਲ ਨੈਗੇਟਿਵ ਹਨ। ਪੀ. ਪੀ. ਈ. ਕਿੱਟ ਅਤੇ ਮਾਸਕ ਦੀ ਜਾਂਚ ਦੀ ਰਿਪੋਰਟ ਵਿਜ਼ੀਲੈਂਸ ਨੂੰ ਸਿਵਲ ਸਰਜਨ ਰਾਜੇਸ਼ ਬੱਗਾ ਨੇ ਐੱਸ. ਐੱਸ. ਪੀ. ਵਿਜੀਲੈਂਸ ਨੂੰ ਪੱਤਰ ਲਿਖ ਕੇ ਪੀ. ਪੀ. ਈ. ਕਿੱਟਾਂ ਅਤੇ ਮਾਸਕ ਦੀ ਕੁਆਲਿਟੀ ਦੀ ਜਾਂਚ ਲਈ ਕਮੇਟੀ ਬਣਾਉਣ ਸਬੰਧੀ ਸੂਚਿਤ ਕਰਦੇ ਹੋਏ ਕਿਹਾ ਕਿ ਉਕਤ ਕਮੇਟੀ ਇਹ ਰਿਪੋਰਟ ਉਨ੍ਹਾਂ ਨੂੰ ਪੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਕਮੇਟੀ 'ਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਮਹਿੰਦਰ ਸਿੰਘ, ਡੀ. ਐੱਸ. ਪੀ. ਵਿਜ਼ੀਲੈਂਸ ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸੋਢੀ ਡਰੱਗ ਇੰਸਪੈਕਟਰ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਪੀ. ਪੀ. ਈ. ਕਿੱਟ ਅਤੇ ਮਾਸਕ ਬਣਾਉਣ ਵਾਲੀਆਂ ਫੈਕਟਰੀਆਂ ਦਾ ਦੌਰਾ ਕਰ ਕੇ ਉਥੇ ਬਣ ਰਹੇ ਮਾਲ ਦੀ ਕੁਆਲਟੀ ਦੀ ਜਾਂਚ ਕਰੇਗੀ।

ਰੇਲਵੇ ਦੇ ਟਿਕਟ ਚੈੱਕਰ ਕੁਅਰੰਟਾਈਨ 'ਚ ਹੋ ਸਕਦੀ ਮੁੜ ਸੈਂਪਲਿੰਗ
ਹਾਈ ਰਿਸਕ ਏਰੀਆ ਨਾਲ ਸਾਹਮਣੇ ਆਉਣ ਵਾਲੇ ਮਰੀਜ਼ਾਂ ਦੇ ਕੰਟੈਕਟ ਅਤੇ ਉਕਤ ਖੇਤਰ ਦੇ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਵਿਅਕਤੀਆਂ, ਜਿਨ੍ਹਾਂ ਦੀ ਪਹਿਲਾਂ ਸੈਂਪਲਿੰਗ ਹੋ ਚੁੱਕੀ ਹੈ ਜਾਂ ਉਨ੍ਹਾਂ ਨੂੰ ਆਈਸੋਲੇਸ਼ਨ ਸੈਂਟਰ 'ਚ ਰੱਖਿਆ ਗਿਆ ਹੈ ਕਿ ਸਾਵਧਾਨੀ ਵਜੋਂ ਮੁੜ ਸੈਂਪਲਿੰਗ ਹੋ ਸਕਦੀ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਰੇਲਵੇ 'ਚ ਕਾਫੀ ਗਿਣਤੀ 'ਚ ਲੋਕ ਪੋਜ਼ੇਟਿਵ ਆਏ ਹਨ, ਜਿਨ੍ਹਾਂ 'ਚ ਜ਼ਿਆਦਾਤਰ ਆਰ. ਪੀ. ਐੱਫ. ਦੇ ਜਵਾਨ ਹਨ ਪਰ ਜਿਨ੍ਹਾਂ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਕੁਅਰੰਟਾਈਨ ਸੈਂਟਰ 'ਚ ਰੱਖਿਆ ਗਿਆ ਹੈ, ਚਾਹੇ ਉਨ੍ਹਾਂ ਦੇ ਟੈਸਟ ਪਹਿਲੀ ਵਾਰ ਨੈਗੇਟਿਵ ਆ ਗਏ ਹੋਣ, ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਦੀ ਸੈਂਪਲਿੰਗ ਮੁੜ ਵੀ ਹੋ ਸਕਦੀ ਹੈ ਅਤੇ ਉਨ੍ਹਾਂ ਦੇ ਵੱਖਰੇ ਰਹਿਣ ਦਾ ਸਮਾਂ ਵੀ ਵਧਾਇਆ ਜਾ ਸਕਦਾ ਹੈ। ਵਰਣਨਯੋਗ ਹੈ ਕਿ ਰੇਲਵੇ ਦੇ ਪੰਜ ਟਿਕਟ ਚੈੱਕਰ ਇਸ ਸਮੇਂ ਇਕਾਂਤਵਾਸ 'ਚ ਰਹਿ ਰਹੇ ਹਨ। 57 ਆਰ. ਪੀ. ਐੱਫ. ਦੇ ਜਵਾਨਾਂ ਤੋਂ ਇਲਾਵਾ 2 ਮੁਲਾਜ਼ਮ ਵੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਆ ਚੁੱਕੇ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲ ਵਿਭਾਗ ਦਾ ਕਾਰਜ ਖੇਤਰ ਬਹੁਤ ਵੱਡਾ ਹੈ। ਇਸ ਲਈ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ।
 


KamalJeet Singh

Content Editor

Related News