ਗੰਦਾ ਪਾਣੀ ਪੀਣ ਨਾਲ 13 ਮਹੀਨਿਆਂ ਦੇ ਬੱਚੇ ਦੀ ਮੌਤ
Friday, Jul 19, 2019 - 11:44 PM (IST)

ਨਾਭਾ (ਜੈਨ)— ਸ਼ੁਕੱਰਵਾਰ ਸ਼ਾਮ ਮਾਲੇਰਕੋਟਲਾ ਰੋਡ ਚੁੰਗੀ ਚੌਕ ਵਿਖੇ ਕੰਡਾਘਾਟ ਬਸਤੀ ਦੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਧਰਨਾ ਦੇ ਕੇ ਟਰੈਫਿਕ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਵਨ ਕੁਮਾਰ ਨਾਮੀ ਵਿਅਕਤੀ ਨੇ ਰੋਂਦੇ ਹੋਏ ਦੱਸਿਆ ਕਿ ਸਾਡੀ ਬਸਤੀ 'ਚ ਪਿਛਲੇ ਕਈ ਦਿਨਾਂ ਤੋਂ ਗੰਦਾ ਪਾਣੀ ਖੜ੍ਹਾ ਹੈ। ਵਾਟਰ ਸਪਲਾਈ ਪਾਈਪਾਂ ਦੀ ਲੀਕੇਜ ਕਾਰਣ ਪੀਣ ਲਈ ਵੀ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ। ਇਸ ਪਾਣੀ ਨਾਲ ਬੀਮਾਰੀਆਂ ਫੈਲ ਰਹੀਆਂ ਹਨ। ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਗਿਆ।
ਪਵਨ ਕੁਮਾਰ ਨੇ ਕਿਹਾ ਕਿ ਮੇਰਾ 13 ਮਹੀਨਿਆਂ ਦਾ ਬੱਚਾ ਅੱਜ ਗੰਦੇ ਪਾਣੀ ਕਾਰਣ ਰੱਬ ਨੂੰ ਪਿਆਰਾ ਹੋ ਗਿਆ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ, ਮਹਿਲਾਵਾਂ ਅਤੇ ਭੜਕੇ ਹੋਏ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਤਿੰਨ ਘੰਟੇ ਦੇ ਜਾਮ ਕਾਰਣ ਮਾਲੇਰਕੋਟਲਾ, ਪਟਿਆਲਾ, ਭਾਦਸੋਂ ਅਤੇ ਹੋਰ ਕਸਬਿਆਂ ਨੂੰ ਆਉਣ-ਜਾਣ ਵਾਲੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ। ਲੋਕਾਂ ਨੂੰ ਸੜਕਾਂ 'ਤੇ ਖੜ੍ਹੇ ਬਰਸਾਤੀ ਪਾਣੀ ਕਾਰਣ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਨਾ ਹੀ ਬਰਸਾਤੀ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਪੀਣ ਵਾਲੇ ਸਵੱਛ ਪਾਣੀ ਦਾ ਕੋਈ ਪ੍ਰਬੰਧ ਹੈ। ਧਰਮਵੀਰ ਦੀ ਅਗਵਾਈ ਹੇਠ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਮੌਕੇ 'ਤੇ ਪਹੁੰਚੇ ਨਾਇਬ-ਤਹਿਸੀਲਦਾਰ ਕੁਲਭੂਸ਼ਣ ਸ਼ਰਮਾ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।