12 ਸਾਲਾ ਬੱਚੇ ਦੇ ਜਨਮ ਦਿਨ ਮੌਕੇ ਕੇਕ ਲੈ ਕੇ ਪੁੱਜੀ ਪੁਲਸ

Sunday, May 10, 2020 - 12:14 AM (IST)

12 ਸਾਲਾ ਬੱਚੇ ਦੇ ਜਨਮ ਦਿਨ ਮੌਕੇ ਕੇਕ ਲੈ ਕੇ ਪੁੱਜੀ ਪੁਲਸ

ਭਵਾਨੀਗੜ,(ਵਿਕਾਸ) : ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ 'ਚ ਲਗਾਏ ਗਏ ਕਰਫਿਊ ਦੌਰਾਨ ਆਪਣਾ ਜਨਮਦਿਨ ਨਾ ਮਨਾਏ ਜਾਣ ਤੋਂ ਮਾਯੂਸ 12 ਸਾਲ ਦੇ ਬੱਚੇ ਲਈ ਅੱਜ ਭਵਾਨੀਗੜ ਪੁਲਸ ਨੇ ਸਰਪ੍ਰਾਇਜ਼ ਦਿੱਤਾ। ਬੱਚੇ ਦੇ ਘਰ ਕੇਕ ਲੈ ਕੇ ਪਹੁੰਚੀ ਪੁਲਸ ਟੀਮ ਨੇ ਉਸ ਨੂੰ ਵਧਾਈ ਦਿੰਦੇ ਹੋਏ ਹੈਪੀ ਬਰਥ-ਡੇ ਟੂ ਯੂ ਕਿਹਾ। ਪੁਲਸ ਦੇ ਸਰਪ੍ਰਾਇਜ਼ ਤੋਂ ਬਾਅਦ ਬੱਚੇ ਦਾ ਚਿਹਰਾ ਖਿੜ ਗਿਆ ਤੇ ਬੱਚੇ ਨੇ ਵੀ ਥੈਂਕ ਯੂ ਪੁਲਸ ਅੰਕਲ ਕਹਿ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਬੱਚੇ ਦੇ ਮਾਤਾ-ਪਿਤਾ ਨੇ ਵੀ ਪੁਲਸ ਦੀ ਤਾਰੀਫ਼ ਕੀਤੀ।
ਪਿੰਡ ਝਨੇੜੀ ਦੇ ਰਹਿਣ ਵਾਲੇ ਸੰਜੀਵ ਭਾਰਦਵਾਜ ਦੇ ਨੌਵੀਂ ਜਮਾਤ 'ਚ ਪੜਦੇ ਬੱਚੇ ਪ੍ਰਾਸ਼ੂੰ ਸ਼ਰਮਾ ਦਾ ਸ਼ਨੀਵਾਰ ਜਨਮ ਦਿਨ ਸੀ ਪਰ ਪਿਛਲੇ ਡੇਢ ਮਹੀਨੇ ਤੋਂ ਘਰ ਬੈਠੇ ਪ੍ਰਾਸ਼ੂੰ ਨੂੰ ਪਰਿਵਾਰ ਨੇ ਸਮਝਾ ਦਿੱਤਾ ਸੀ ਕਿ ਇਸ ਵਾਰ ਲਾਕ-ਡਾਊਨ ਦੇ ਚੱਲਦਿਆਂ ਉਸ ਦਾ ਜਨਮਦਿਨ ਨਹੀਂ ਮਨਾਇਆ ਜਾ ਸਕੇਗਾ ਪਰ ਪ੍ਰਾਸ਼ੂੰ ਚਾਹੁੰਦਾ ਸੀ ਕਿ ਉਸਦਾ ਜਨਮ ਦਿਨ ਮਨਾਇਆ ਜਾਵੇ ਤਾਂ ਉਸ ਦੇ ਪਰਿਵਾਰ ਨੇ ਅਪਣੇ ਬੱਚੇ ਦੀ ਇੱਛਾ ਪੁਲਸ ਨੂੰ ਕੰਟਰੋਲ ਰੂਮ 'ਤੇ ਫੋਨ ਕਰਕੇ ਦੱਸੀ ਤਾਂ ਥਾਣਾ ਮੁਖੀ ਭਵਾਨੀਗੜ ਰਮਨਦੀਪ ਸਿੰਘ ਨੇ ਬੱਚੇ ਲਈ ਦੋ ਪੁਲਸ ਮੁਲਾਜ਼ਮਾਂ ਦੇ ਹੱਥ ਜਨਮ ਦਿਨ ਦਾ ਕੇਕ ਭੇਜ ਕੇ ਬੱਚੇ ਦੇ ਨਾਲ-ਨਾਲ ਉਸ ਦੇ ਪਰਿਵਾਰ ਨੂੰ ਵੀ ਸਰਪ੍ਰਾਈਜ਼ ਦਿੱਤਾ। ਆਪਣੇ ਘਰ ਦੇ ਬਾਹਰ ਆਈ ਪੁਲਸ ਨੂੰ ਦੇਖ ਕੇ ਇਕ ਵਾਰ ਪਰਿਵਾਰ ਹੈਰਾਨ ਰਹਿ ਗਿਆ ਤੇ ਜਦੋਂ ਪੁਲਸ ਨੇ 'ਹੈਪੀ ਬਰਥ-ਡੇ ਪ੍ਰਾਸ਼ੂੰ ਬੇਟਾ' ਕਿਹਾ ਤਾਂ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਇਸ ਮੌਕੇ ਬੱਚੇ ਦਾ ਕਹਿਣਾ ਸੀ ਕਿ ਉਸਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਪੁਲਸ ਇਸ ਤਰੀਕੇ ਨਾਲ ਉਸ ਦਾ ਜਨਮ ਦਿਨ ਮਨਾਉਣ ਲਈ ਉਸ ਦੇ ਘਰ ਆਵੇਗੀ। ਬੱਚੇ ਨੇ ਧੰਨਵਾਦ ਕਰਦਿਆਂ ਪੁਲਸ ਮੁਲਾਜ਼ਮਾਂ ਦਾ ਵੀ ਮੂੰਹ ਮਿਠਾ ਕਰਵਾਇਆ।


author

Deepak Kumar

Content Editor

Related News