ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ, ਨੌਜਵਾਨ ਨੂੰ ਬਚਾਇਆ ਨਹੀਂ ਸਗੋਂ ਬਣਾਈ ਵੀਡੀਓ, ਫਲਾਈਓਵਰ ਤੋਂ ਹੇਠਾਂ...

Sunday, Feb 01, 2026 - 01:49 PM (IST)

ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ, ਨੌਜਵਾਨ ਨੂੰ ਬਚਾਇਆ ਨਹੀਂ ਸਗੋਂ ਬਣਾਈ ਵੀਡੀਓ, ਫਲਾਈਓਵਰ ਤੋਂ ਹੇਠਾਂ...

ਅੰਮ੍ਰਿਤਸਰ (ਮਮਤਾ)- ਇੱਕ ਪਾਸੇ ਪੰਜਾਬ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਜਦੋਂ ਕਿਸੇ ਦੀ ਜਾਨ ਬਚਾਉਣ ਦੀ ਵਾਰੀ ਆਉਂਦੀ ਹੈ ਤਾਂ ਪੁਲਸ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਸ਼ਰੇਆਮ ਸਾਹਮਣੇ ਆ ਜਾਂਦੀ ਹੈ। ਸ਼ੁੱਕਰਵਾਰ ਦੁਪਹਿਰ ਬਾਅਦ ਸਥਾਨਕ ਕਚਹਿਰੀ ਚੌਕ ਸਥਿਤ ਫਲਾਈਓਵਰ ’ਤੇ ਇੱਕ ਨੌਜਵਾਨ ਲਗਭਗ 10 ਮਿੰਟ ਤੱਕ ਜਾਨ ਜੋਖ਼ਮ ਵਿੱਚ ਪਾ ਕੇ ਲਟਕਦਾ ਰਿਹਾ ਪਰ ਮੌਕੇ ’ਤੇ ਮੌਜੂਦ ਪੁਲਸ ਉਸ ਨੂੰ ਸਮੇਂ ਸਿਰ ਬਚਾਉਣ ਵਿੱਚ ਅਸਫ਼ਲ ਰਹੀ। ਆਖ਼ਿਰਕਾਰ ਨੌਜਵਾਨ ਹੇਠਾਂ ਡਿੱਗ ਪਿਆ ਅਤੇ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ 1, 2, 3 ਤੇ 4 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ

ਮਿਲੀ ਜਾਣਕਾਰੀ ਮੁਤਾਬਕ ਜ਼ਖ਼ਮੀ ਨੌਜਵਾਨ ਦੀ ਪਛਾਣ ਜਸਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਚੱਬੇਵਾਲ, ਹੁਸ਼ਿਆਰਪੁਰ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਜਸਪਾਲ ਸਿੰਘ ਅਚਾਨਕ ਕਚਹਿਰੀ ਚੌਕ ਤੋਂ ਲੰਘਦੇ ਫਲਾਈਓਵਰ ਦੀ ਕੰਧ ਟੱਪ ਕੇ ਹੇਠਾਂ ਵੱਲ ਲਟਕ ਗਿਆ। ਕੁਝ ਸਮੇਂ ਤੱਕ ਉਹ ਫਲਾਈਓਵਰ ਦੀ ਸ਼ੈਲਫ਼ ’ਤੇ ਰੇਲਿੰਗ ਫੜ ਕੇ ਇੱਧਰ-ਉਧਰ ਝੂਲਦਾ ਰਿਹਾ। ਸ਼ੁਰੂ ਵਿੱਚ ਉੱਥੋਂ ਲੰਘ ਰਹੇ ਲੋਕਾਂ ਨੂੰ ਲੱਗਾ ਕਿ ਫਲਾਈਓਵਰ ’ਤੇ ਕੋਈ ਮੁਰੰਮਤ ਕੰਮ ਚੱਲ ਰਿਹਾ ਹੈ ਅਤੇ ਨੌਜਵਾਨ ਕਿਸੇ ਮਜ਼ਦੂਰ ਨਾਲ ਸੰਬੰਧਤ ਹੋ ਸਕਦਾ ਹੈ ਪਰ ਜਦੋਂ ਕਾਫ਼ੀ ਦੇਰ ਤੱਕ ਉਹ ਬਿਨਾਂ ਕਿਸੇ ਕੰਮ ਦੇ ਲਟਕਦਾ ਦਿਖਾਈ ਦਿੱਤਾ ਤਾਂ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਕਚਹਿਰੀ ਚੌਕ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਬੱਸ ਹਾਦਸਾ, ਗਰਭਵਤੀ ਔਰਤ ਸਮੇਤ 7 ਸਵਾਰੀਆਂ ਜ਼ਖ਼ਮੀ, ਪੈ ਗਿਆ ਚੀਕ-ਚਿਹਾੜਾ

ਨਗਰ ਨਿਗਮ ਦੀ ਗੱਡੀ ਮੌਕੇ ’ਤੇ ਪੁੱਜੀ ਪਰ ਨਹੀਂ ਲਗਾਈ ਗਈ ਪੌੜੀ

ਨੌਜਵਾਨ ਨੂੰ ਇਸ ਹਾਲਤ ਵਿੱਚ ਦੇਖ ਕੇ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕਈ ਲੋਕ ਉਸ ਨੂੰ ਆਵਾਜ਼ਾਂ ਮਾਰ ਕੇ ਸੰਭਲਣ ਲਈ ਕਹਿੰਦੇ ਰਹੇ, ਜਦਕਿ ਕੁਝ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਰਹੀ ਕਿ ਕੁਝ ਪੁਲਸ ਕਰਮਚਾਰੀ ਵੀ ਵੀਡੀਓ ਬਣਾਉਂਦੇ ਨਜ਼ਰ ਆਏ ਪਰ ਨੌਜਵਾਨ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਦੌਰਾਨ ਨਗਰ ਨਿਗਮ ਦੀ ਸਟਰੀਟ ਲਾਈਟ ਮੁਰੰਮਤ ਕਰਨ ਵਾਲੀ ਗੱਡੀ ਵੀ ਮੌਕੇ ’ਤੇ ਆ ਗਈ ਪਰ ਇਸ ਦੇ ਬਾਵਜੂਦ ਪੌੜੀ ਨਹੀਂ ਖੋਲ੍ਹੀ ਗਈ, ਜਿਸ ਨਾਲ ਨੌਜਵਾਨ ਨੂੰ ਬਚਾਇਆ ਜਾ ਸਕਦਾ ਸੀ। ਇਹ ਲਾਪਰਵਾਹੀ ਲੋਕਾਂ ਲਈ ਹੋਰ ਵੀ ਹੈਰਾਨ ਕਰਨ ਵਾਲੀ ਰਹੀ। ਸਥਾਨਕ ਲੋਕਾਂ ਅਨੁਸਾਰ ਨੌਜਵਾਨ ਜਾਂ ਤਾਂ ਨਸ਼ੇ ਦੀ ਹਾਲਤ ਵਿੱਚ ਸੀ ਜਾਂ ਮਾਨਸਿਕ ਤਣਾਅ ਵਿੱਚ। ਲਗਭਗ 10 ਮਿੰਟ ਤੱਕ ਨੌਜਵਾਨ ਹੇਠਾਂ ਸੜਕ ਵੱਲ ਲਟਕਦਾ ਰਿਹਾ ਅਤੇ ਲੋਕ ਆਪਣੇ ਵਾਹਨਾਂ ’ਤੇ ਰੁੱਕ ਕੇ ਸਾਰਾ ਦ੍ਰਿਸ਼ ਦੇਖਦੇ ਰਹੇ। ਅਖ਼ਿਰਕਾਰ ਉਸ ਦਾ ਹੱਥ ਛੁੱਟ ਗਿਆ ਅਤੇ ਉਹ ਹੇਠਾਂ ਡਿੱਗ ਕੇ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਚੁੱਕ ਕੇ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ- ਰਿਸ਼ਤੇਦਾਰਾਂ ਨੂੰ ਮਿਲ ਕੇ ਘਰ ਆ ਰਹੇ ਪਤੀ–ਪਤਨੀ ਨਾਲ ਵਾਪਰਿਆ ਹਾਦਸਾ, ਪਤਨੀ ਦੀ ਦਰਦਨਾਕ ਮੌਤ

ਫਲਾਈਓਵਰ ’ਤੇ ਪਹੁੰਚ ਕੇ ਨੌਜਵਾਨ ਨੂੰ ਫੜਨ ਸਕਦੀ ਸੀ ਪੁਲਸ 

 ਘਟਨਾ ਤੋਂ ਬਾਅਦ ਰਾਹਗੀਰਾਂ ਅਤੇ ਦੁਕਾਨਦਾਰਾਂ ਵਿਚ ਪੁਲਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਕਰਮਚਾਰੀ ਫਲਾਈਓਵਰ ਦੇ ਉੱਪਰ ਸਿਰਫ਼ ਦੋ ਮਿੰਟ ਵਿੱਚ ਪਹੁੰਚ ਸਕਦੇ ਸਨ ਅਤੇ ਨੌਜਵਾਨ ਨੂੰ ਆਸਾਨੀ ਨਾਲ ਫੜ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਪੁਲਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਨੌਜਵਾਨ ਦੀ ਜਾਨ ਖ਼ਤਰੇ ਵਿੱਚ ਪੈ ਗਈ।

ਇਹ ਵੀ ਪੜ੍ਹੋ- ਪਤੀ ਦੀ ਗੈਰ-ਮੌਜੂਦਗੀ ’ਚ 2 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫ਼ਰਾਰ, ਰੋਜ਼ੀ-ਰੋਟੀ ਲਈ ਕੁਵੈਤ ਗਿਆ ਸੀ ਪਤੀ

ਪੁਲਸ ਨੇ ਬਚਾਉਣ ਦੀ ਕੋਸਿਸ਼ ਕੀਤੀ ਪਰ ਨੌਜਵਾਨ ਨੇ ਮਾਰ ਦਿੱਤੀ ਛਾਲ

ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਸਿਵਲ ਲਾਈਨ ਦੇ ਐੱਸ ਐੱਚ. ਓ ਗੁਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਨੌਜਵਾਨ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪੁਲਸ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੇ ਅਚਾਨਕ ਛਾਲ ਮਾਰ ਦਿੱਤੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਨਹੀਂ ਸੀ ਅਤੇ ਇਸ ਘਟਨਾ ਦੇ ਪਿੱਛੇ ਕੋਈ ਹੋਰ ਕਾਰਨ ਸੀ। ਹਾਲਾਂਕਿ ਪੁਲਸ ਦੇ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਮੌਕੇ ’ਤੇ ਮੌਜੂਦ ਲੋਕਾਂ ਅਤੇ ਵਾਇਰਲ ਵੀਡੀਓਜ਼ ਨੇ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਨੂੰ ਅਣਡਿੱਠਾ ਕਰਨਾ ਮੁਸ਼ਕਲ ਨਜ਼ਰ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News