ਦੀਵਾਲੀ ਵਾਲੀ ਰਾਤ ਪਿੰਡ ਵੜੈਚ ਵਿੱਚ ਮਜ਼ਦੂਰ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ
Wednesday, Oct 22, 2025 - 08:11 PM (IST)

ਗੁਰਦਾਸਪੁਰ, (ਹਰਮਨ)- ਜਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਨੂੰਨ ਅਧੀਨ ਪੈਂਦੇ ਪਿੰਡ ਵੜੈਚ ਵਿੱਚ ਦਿਵਾਲੀ ਵਾਲੀ ਰਾਤ ਇੱਕ ਮਜ਼ਦੂਰ ਨੌਜਵਾਨ ਦੀ ਭੇਦ ਭਰੇ ਹਾਲਤ ਵਿੱਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਉੱਪਰ ਉਕਤ ਮਜ਼ਦੂਰ ਨੂੰ ਮਾਰਨ ਦੇ ਦੋਸ਼ ਲਗਾਏ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਰਾਜਾ ਮਸੀਹ, ਪੁੱਤਰ ਬਿੱਟੂ ਮਸੀਹ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਮੰਗਲਵਾਰ ਦੀ ਰਾਤ ਨੂੰ ਉਸ ਦਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਅਤੇ ਸਵੇਰ ਨੂੰ ਉਸਦੇ ਘਰ ਵਿੱਚ ਉਸਦੀ ਲਾਸ਼ ਮਿਲੀ।
ਇਸ ਸਬੰਧੀ ਮ੍ਰਿਤਕ ਦੇ ਵਾਰਸਾਂ ਵੱਲੋਂ ਪਿੰਡ ਦੇ ਹੀ ਦੋ ਵਿਅਕਤੀਆਂ ਉੱਤੇ ਰਾਜਾ ਮਸੀਹ ਨੂੰ ਕਤਲ ਕਰਨ ਦੇ ਦੋਸ਼ ਲਗਾਏ ਹਨ। ਥਾਣਾ ਕਾਹਨੂੰਵਾਨ ਦੇ ਮੁਖੀ ਗੁਰਨਾਮ ਸਿੰਘ ਅਤੇ ਹੋਰ ਤਫਤੀਸ਼ੀ ਅਫਸਰ ਅਤੇ ਡੀਐੱਸਪੀ ਕੁਲਵੰਤ ਸਿੰਘ ਮਾਨ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਉਨਾਂ ਨੇ ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਥਾਣਾ ਮੁਖੀ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ।
ਮ੍ਰਿਤਕ ਦੀ ਪਤਨੀ ਰਿਬਕਾ ਅਤੇ ਭਰਾ ਸਾਬੀ ਨੇ ਦੱਸਿਆ ਕਿ ਮੰਗਲਵਾਰ ਦੀ ਸ਼ਾਮ ਨੂੰ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਉਸ ਨਾਲ ਝਗੜਾ ਕੀਤਾ। ਇਸ ਉਪਰੰਤ ਇਨ੍ਹਾਂ ਵਿਅਕਤੀਆਂ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਜਿੱਥੇ ਰਾਜਾ ਮਸੀਹ ਦੀ ਭਾਰੀ ਕੁੱਟਮਾਰ ਕੀਤੀ ਉਸ ਦੇ ਨਾਲ ਉਸਦੀ ਪਤਨੀ ਰਿਬਕਾ ਨੂੰ ਵੀ ਇਨ੍ਹਾਂ ਵਿਅਕਤੀਆਂ ਨੇ ਆਪਣੀ ਕੁੱਟਮਾਰ ਦਾ ਸ਼ਿਕਾਰ ਬਣਾਇਆ। ਇਸ ਮੌਕੇ ਰਿਬਕਾ ਨੇ ਰਾਤ ਵਾਲੀ ਸਾਰੀ ਵਾਰਦਾਤ ਤੋਂ ਇਲਾਵਾ ਉਨ੍ਹਾਂ ਵਿਅਕਤੀਆਂ ਵੱਲੋਂ ਰਿਬਕਾ ਉੱਪਰ ਮਾਰੀਆਂ ਸੱਟਾਂ ਦੇ ਨਿਸ਼ਾਨ ਵੀ ਦੱਸੇ। ਰਿਬਕਾ ਨੇ ਕਿਹਾ ਕਿ ਪਿਛਲੇ ਸਾਲ ਵੀ ਇਨ੍ਹਾਂ ਵਿਅਕਤੀਆਂ ਨੇ ਰਾਜਾ ਮਸੀਹ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ। ਬੀਤੇ ਮੰਗਲਵਾਰ ਨੂੰ ਵੀ ਉਨ੍ਹਾਂ ਨੇ ਪਹਿਲਾਂ ਪਿੰਡ ਵਿੱਚ ਰਾਜਾ ਮਸੀਹ ਨੂੰ ਹਮਲਾ ਕਰਕੇ ਕੁੱਟਮਾਰ ਕੀਤੀ ਅਤੇ ਇਸ ਉਪਰੰਤ ਰਾਤ ਨੂੰ 8 ਵਜੇ ਦੇ ਕਰੀਬ ਘਰ ਦੇ ਵਿੱਚ ਦਾਖਲ ਹੋ ਕੇ ਫਿਰ ਪਤੀ-ਪਤਨੀ ਨਾਲ ਕੁੱਟਮਾਰ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਕੋਲ ਬੇਸਬਾਲ ਸਨ, ਉਸ ਬੇਸਬਾਲ ਦੇ ਹਮਲੇ ਵਿੱਚ ਹੀ ਰਾਜਾ ਮਸੀਹ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜਿਸ ਦੇ ਚਲਦਿਆਂ ਉਸ ਦੀ ਦਿਨ ਚੜਨ ਤੱਕ ਮੌਤ ਹੋ ਗਈ। ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਹੈ।