ਵੂਲਨ ਐਂਡ ਵੂਲ ਐਸੋਸੀਏਸ਼ਨ ਨੇ ਅੰਮ੍ਰਿਤਸਰ ''ਚ ਕਰਵਾਇਆ ਸੈਮੀਨਾਰ

03/30/2023 6:26:23 PM

ਅੰਮ੍ਰਿਤਸਰ : ਟੈਕਸਟਾਈਲ ਇੰਡਸਟਰੀਜ਼ ਦੀ ਅੰਡਰ ਵੂਲਨ ਐਂਡ ਵੂਲ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਇਕ ਵਿਸ਼ੇਸ਼ ਸਮਾਗਮ ‘ਕੈਪਸਿਟੀ ਬਿਲਡਿੰਗ ਪ੍ਰੋਗਰਾਮ’ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਸਬੰਧੀ ਰਮੇਸ਼ ਖਜੂਰੀਆ ਚੇਅਰਮੈਨ ਵੂਲਨ ਐਂਡ ਵੂਲ ਐਸੋਸੀਏਸ਼ਨ ਅੰਮ੍ਰਿਤਸਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਾਰੋਬਾਰੀ ਮੌਕੇ ਕਿਵੇਂ ਵਧਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਟੈਕਸਟਾਈਲ ਮੰਤਰਾਲੇ ਅਤੇ ਵਣਜ ਤੇ ਉਦਯੋਗ ਮੰਤਰਾਲੇ ਦੇ ਅਧੀਨ ਆਉਂਦੀ ਹੈ। ਅੱਜ ਉਨ੍ਹਾਂ ਦੀ ਸੰਸਥਾ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾ ਰਹੀ ਹੈ। ਇਹ ਸਮਰੱਥਾ ਨਿਰਮਾਣ ਪ੍ਰੋਗਰਾਮ ਉਦਯੋਗ ਦੇ ਲੋਕਾਂ ਨਾਲ ਸੰਪਰਕ ਵਧਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਟੈਕਸਟਾਈਲ ਅਤੇ ਉਦਯੋਗਾਂ ਦਾ ਕੇਂਦਰ ਰਿਹਾ ਹੈ। ਕੋਵਿਡ ਕਾਰਨ ਕਈ ਮੁਸ਼ਕਿਲਾਂ ਆਈਆਂ, ਇਸ ਤੋਂ ਇਲਾਵਾ ਰੂਸ-ਯੂਕ੍ਰੇਨ ਯੁੱਧ ਦਾ ਵੀ ਉਦਯੋਗਾਂ 'ਤੇ ਕਾਫੀ ਅਸਰ ਪਿਆ। ਇਸ ਪ੍ਰਭਾਵ ਨੂੰ ਘਟਾਉਣ ਅਤੇ ਉਦਯੋਗਾਂ ਵਿੱਚ ਸੁਧਾਰ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਨੂੰ ਅੱਜ ਲਾਗੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਫਾਇਨਾਂਸ ਦਫ਼ਤਰ ਨੂੰ ਬਣਾਇਆ ਨਿਸ਼ਾਨਾ, ਕਰੀਬ 2 ਲੱਖ ਦੀ ਨਕਦੀ ਲੁੱਟ ਕੇ ਫਰਾਰ

ਉਨ੍ਹਾਂ ਅੱਗੇ ਦੱਸਿਆ ਕਿ ਜੀ-20 ਦੇ ਆਉਣ ਤੋਂ ਬਾਅਦ ਭਾਰਤ ਵਿੱਚ ਇਕ ਨਵੀਂ ਲਹਿਰ ਆਈ ਹੈ। ਉਦਯੋਗਪਤੀਆਂ ਅਤੇ ਨਵੇਂ ਉੱਦਮੀਆਂ ਨੂੰ ਨਵੇਂ ਮੌਕੇ ਮਿਲ ਰਹੇ ਹਨ। ਜੀ-20 ਉਦਯੋਗ ਲਈ ਬਹੁਤ ਮਹੱਤਵ ਰੱਖਦਾ ਹੈ। ਜੀ-20 ਦੇ ਕਾਰਨ ਐੱਮਐੱਨਸੀ ਅੰਮ੍ਰਿਤਸਰ ਪਹੁੰਚੇਗੀ, ਜੋ ਉਦਯੋਗ ਨੂੰ ਨਵੇਂ ਪੱਧਰ 'ਤੇ ਲੈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਨ੍ਹਾਂ ਵੱਲੋਂ ਆਪਣੇ ਖੇਤਰ ਵਿੱਚ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪਿਛਲੇ ਸਾਲ ਕਰਵਾਏ ਗਏ ਸਮਾਗਮਾਂ ਨੂੰ ਵੀ ਭਰਪੂਰ ਸਮਰਥਨ ਮਿਲਿਆ ਹੈ।

ਇਹ ਵੀ ਪੜ੍ਹੋ : G-20 ਦੀ ਦੂਜੀ ਐਗਰੀਕਲਚਰ ਡਿਪਟੀਜ਼ ਮੀਟਿੰਗ ਚੰਡੀਗੜ੍ਹ 'ਚ ਸ਼ੁਰੂ

ਉਨ੍ਹਾਂ ਦੱਸਿਆ ਕਿ ਮੰਦੀ ਦੇ ਬਾਵਜੂਦ ਸਾਲ 2022-23 ਵਿੱਚ ਵੂਲਨ ਉਦਯੋਗ 'ਚ 29% ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਇਸ ਵਾਧੇ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੱਪੜਾ ਤੇ ਵਣਜ ਮੰਤਰਾਲੇ ਦੀਆਂ ਕੋਸ਼ਿਸ਼ਾਂ ਨੂੰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਇਸ ਇੰਡਸਟਰੀ 'ਚ ਹਨ ਪਰ ਪਿਛਲੇ 2 ਸਾਲਾਂ 'ਚ ਇੰਡਸਟਰੀ ਨੇ ਕਾਫੀ ਤਰੱਕੀ ਕੀਤੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਵੂਲਨ ਇੰਡਸਟਰੀ ਦੇ 100 ਲੋਕਾਂ ਨੇ ਭਾਗ ਲਿਆ। ਇਸ ਵਿੱਚ ਉਦਯੋਗਿਕ ਮਾਹਿਰ ਵੀ ਹਿੱਸਾ ਲੈ ਰਹੇ ਹਨ। ਹਰ ਵਰਗ ਦੇ ਲੋਕ ਇਸ ਇੰਡਸਟਰੀ ਨਾਲ ਜੁੜ ਰਹੇ ਹਨ। ਤਕਨੀਕੀ, ਡਿਜ਼ਾਈਨਰ, ਬੈਂਕਿੰਗ, ਇਨਸੈਂਟਿਵ, ਸਟਾਰਟਅਪ ਨਾਲ ਜੁੜੇ ਸਾਰੇ ਲੋਕ ਅੱਜ ਇੱਥੇ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਵਾਲੇ ਦਿਨ ਲਾੜੇ ਦੇ ਚਾਚੇ ਦੀ ਮੌਤ

ਦੂਜੇ ਪਾਸੇ ਪ੍ਰੋਗਰਾਮ 'ਚ ਸ਼ਾਮਲ ਹੋਏ ਅੰਮ੍ਰਿਤਸਰ ਤੋਂ ਮੇਨ ਐਸੋਸੀਏਸ਼ਨ ਦੇ ਮੈਂਬਰ ਆਰ.ਸੀ. ਖੰਨਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕੁਝ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਹੌਲੀ-ਹੌਲੀ ਇਸ ਇੰਡਸਟਰੀ ਦੇ ਮੈਂਬਰ ਵਧਾਏ ਜਾਣਗੇ। ਅੰਮ੍ਰਿਤਸਰ ਦੀ ਇੰਡਸਟਰੀ ਨੂੰ ਅੱਗੇ ਲਿਜਾਇਆ ਜਾਵੇਗਾ। ਇਸ ਤੋਂ ਇਲਾਵਾ ਲੁਧਿਆਣਾ ਦੇ ਵਧੀਕ ਈ.ਡੀ. ਸੰਜੇ ਚਾਵਲਾ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ ਜੋ ਗੱਲਾਂ ਦੱਸੀਆਂ ਜਾਣਗੀਆਂ, ਉਨ੍ਹਾਂ ਦਾ ਵਪਾਰ ਵਿੱਚ ਵੀ ਉਪਯੋਗ ਕੀਤਾ ਜਾਵੇਗਾ। ਇਹ ਪ੍ਰੋਗਰਾਮ ਸਿਰਫ਼ ਅੰਮ੍ਰਿਤਸਰ ਵਿੱਚ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ 'ਚ ਵੀ ਕਰਵਾਏ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਇਸ ਉਦਯੋਗ ਦੇ ਲਾਭਾਂ ਬਾਰੇ ਦੱਸਣਾ ਹੈ ਤਾਂ ਜੋ ਵਿਦੇਸ਼ਾਂ ਵਿੱਚ ਭਾਰਤੀ ਉਦਯੋਗ ਤੇ ਉਤਪਾਦਾਂ ਦੀ ਪਛਾਣ ਹੋ ਸਕੇ। ਵਾਈਸ ਚੇਅਰਮੈਨ ਸੁਮੀਰ ਖੰਨਾ ਨੇ ਕਿਹਾ ਕਿ ਇਸ ਇੰਡਸਟਰੀ ਬਾਰੇ ਲੋਕਾਂ ਲਈ ਜਾਣਨਾ ਬਹੁਤ ਜ਼ਰੂਰੀ ਹੈ। ਇਹ ਕੋਈ ਔਖਾ ਕੰਮ ਨਹੀਂ ਹੈ। ਵੂਲਨ ਅਤੇ ਵੂਲ ਇੰਡਸਟਰੀ ਪੂਰੇ ਭਾਰਤ ਵਿੱਚ ਸਮਾਗਮਾਂ ਦਾ ਆਯੋਜਨ ਕਰਦੀ ਹੈ। ਕਿਸੇ ਵੀ ਕਿਸਮ ਦੇ ਖਰਚੇ ਜਿਵੇਂ ਕਿ ਹੋਟਲ ਦੇ ਖਰਚੇ, ਯਾਤਰਾ ਦੇ ਖਰਚੇ ਕੌਂਸਲ ਦੁਆਰਾ ਕਵਰ ਕੀਤੇ ਜਾਂਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News