ਪਿੰਡ ਬਸਰਾਵਾਂ ਦੇ ਗੁਰਦੁਆਰਾ ਬੋਹੜੀ ਸਾਹਿਬ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ, ਸਥਿਤੀ ਬਣੀ ਤਨਾਅਪੂਰਨ

07/03/2022 2:34:15 PM

ਬਟਾਲਾ (ਸਾਹਿਲ) : ਪਿੰਡ ਬਸਰਾਵਾਂ ਵਿਖੇ ਸਥਿਤ ਗੁਰਦੁਆਰਾ ਬੋਹੜੀ ਸਾਹਿਬ ਅੰਦਰ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਇਕ ਜਥੇਬੰਦੀ ਵੱਲੋਂ ਗੁਰਦੁਆਰਾ ਸਾਹਿਬ ’ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਨੂੰ ਤਾਲੇ ਲਗਾ ਦਿੱਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਬੋਹੜੀ ਸਾਹਿਬ ਬਸਰਾਵਾਂ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 25 ਸਾਲਾਂ ਤੋਂ ਉਹ ਗੁਰਦੁਆਰਾ ਸ੍ਰੀ ਬੋਹੜੀ ਸਾਹਿਬ ਵਿਖੇ ਆਪਣੇ ਪੂਰੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਿਹਾ ਹੈ। ਦੂਸਰੀ ਜਥੇਬੰਦੀ ਨੇ ਹਰਚੋਵਾਲ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਤੋਂ ਇਥੇ ਪਹੁੰਚ ਕੇ ਸਾਡੇ ਉੱਪਰ ਝੂਠੇ ਦੋਸ਼ ਲਗਾਉਂਦੇ ਹੋਏ ਪੁਲਸ ਨੂੰ ਝੂਠੀ ਸ਼ਿਕਾਇਤ ਦੇ ਦਿੱਤੀ। 

ਮੁਖ ਸੇਵਾਦਾਰ ਨੇ ਅੱਗੇ ਦੱਸਿਆ ਕਿ ਸਬੰਧਿਤ ਜਥੇਬੰਦੀ ਨੇ ਸਾਡੇ ਉੱਪਰ ਦਬਾਅ ਬਣਾਉਂਦਿਆਂ ਗੁਰਦੁਆਰੇ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇਸ ਨੂੰ ਤਾਲੇ ਲਗਾ ਦਿੱਤੇ। ਇਸ ਮਾਮਲੇ ਸਬੰਧੀ ਡੇਰੇ ਦੇ ਵਸਨੀਕਾਂ ਨੇ ਦੱਸਿਆ ਕਿ 70 ਸਾਲ ਪਹਿਲਾਂ ਤਰਨਾ ਦਲ ਮਹਿਤਾ ਚੌਕ ਬਾਬਾ ਜਥੇਦਾਰ ਗੁਰਦਿੱਤ ਸਿੰਘ ਜਥੇਬੰਦੀ ਨੂੰ ਪਿੰਡ ਦੇ ਲੋਕਾਂ ਨੇ ਇਹ ਗੁਰਦੁਆਰਾ ਸਾਹਿਬ ਦਾਨ ਵਿਚ ਦਿੱਤਾ ਸੀ। ਉਨ੍ਹਾਂ ਤੋਂ ਬਾਅਦ ਸੱਚਖੰਡ ਵਾਸੀ ਜਥੇਦਾਰ ਬਾਬਾ ਸੁੱਖਾ ਸਿੰਘ ਵਲੋਂ ਬਾਬਾ ਅਮਰੀਕ ਸਿੰਘ ਨੂੰ ਕਰੀਬ 25 ਸਾਲ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਲਈ ਸੇਵਾ ਕਰਨ ਲਈ ਗੱਦੀ ’ਤੇ ਬਿਠਾਇਆ ਗਿਆ। ਹੁਣ ਬਾਬਾ ਰਣਜੀਤ ਸਿੰਘ ਵੱਲੋਂ ਜ਼ਬਰਦਸਤੀ ਗੁਰਦਆਰਾ ਸਾਹਿਬ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਡੇਰੇ ਦੇ ਲੋਕ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। 

ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਬਾਬਾ ਅਮਰੀਕ ਸਿੰਘ ਅਤੇ ਪਿੰਡ ਦੇ ਡੇਰਿਆਂ ’ਤੇ ਰਹਿੰਦੇ ਲੋਕਾਂ ਨੂੰ ਸੱਚਾਈ ਸਾਹਮਣੇ ਲਿਆ ਕੇ ਇਨਸਾਫ ਦਿੱਤਾ ਜਾਵੇ। ਇਸ ਸਬੰਧੀ ਸੂਚਨਾ ਮਿਲਦਿਆਂ ਤਿੰਨਾਂ ਥਾਣਿਆਂ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਡੀ.ਐੱਸ.ਪੀ ਸ੍ਰੀ ਹਰਗੋਬਿੰਦਪੁਰ ਜਤਿੰਦਰਪਾਲ ਸਿੰਘ, ਐੱਸ.ਐੱਚ.ਓ ਸ੍ਰੀ ਹਰਗੋਬਿੰਦਪੁਰ ਮੈਡਮ ਬਲਜੀਤ ਕੌਰ, ਥਾਣਾ ਸੇਖਵਾਂ ਦੇ ਐੱਸ.ਐੱਚ.ਓ. ਜੋਗਿੰਦਰ ਸਿੰਘ ਅਤੇ ਥਾਣਾ ਕਾਦੀਆਂ ਦੇ ਐੱਸ.ਐੱਚ.ਓ ਸੁਖਰਾਜ ਸਿੰਘ ਵੱਡੀ ਗਿਣਤੀ ਵਿਚ ਅਫਸਰਾਂ ਤੇ ਪੁਲਸ ਟੀਮਾਂ ਸਮੇਤ ਗੁਰਦੁਆਰਾ ਸਾਹਿਬ ਪਹੁੰਚ ਗਏ। ਗੁਰਦੁਆਰਾ ਸਾਹਿਬ ਦੀ ਤਣਾਅਪੂਰਨ ਸਥਿਤੀ ਨੂੰ ਕਾਬੂ ਕਰਕੇ ਪੁਲਸ ਮੁਲਾਜ਼ਮਾਂ ਦੀ ਸੋਮਵਾਰ ਤੱਕ ਡਿਊਟੀ ਲਗਾ ਦਿੱਤੀ ਹੈ। ਇਸ ਮੌਕੇ  ਸਤਨਾਮ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ, ਬਰਿੰਦਰਜੀਤ ਸਿੰਘ ਆਦਿ ਸਮੇਤ ਡੇਰੇ ਦੇ ਲੋਕ ਹਾਜ਼ਰ ਸਨ ।


rajwinder kaur

Content Editor

Related News