ਦੋਹਾ ਕਤਰ ਭੇਜਣ ਦੀ ਥਾਂ ਮਾਰੀ ਲੱਖਾਂ ਦੀ ਠੱਗੀ, ਪੀੜਤ ਪਰਿਵਾਰ ਵਲੋਂ ਕਾਰਵਾਈ ਦੀ ਮੰਗ

01/21/2020 5:53:22 PM

ਵਲਟੋਹਾ (ਗੁਰਮੀਤ)- ਵਿਦੇਸ਼ 'ਚ ਨੌਕਰੀ ਲਗਾ ਮੋਟੀਆਂ ਤਨਖ਼ਾਹਾਂ ਦਿਵਾਉਣ ਦਾ ਝਾਂਸਾ ਦੇ ਗਰੀਬ ਪਰਿਵਾਰ ਤੋਂ ਲੱਖਾਂ ਰੁਪਏ ਬਟੋਰਨ ਵਾਲੇ ਟ੍ਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਨਜੀਤ ਕੌਰ ਪਤਨੀ ਬੋਹੜ ਸਿੰਘ ਨੇ ਦੱਸਿਆ ਕਿ ਉਸ ਦੀ ਸੁੱਖੀ ਨਾਮਕ ਔਰਤ ਨਾਲ ਜਾਣ-ਪਛਾਣ ਸੀ, ਜੋ ਕੁਝ ਸਮਾਂ ਪਹਿਲਾਂ ਆਪਣੇ ਭਰਾ ਸੱਤਾ ਨਾਲ ਸਾਡੇ ਘਰ ਆਈ। ਉਸ ਨੇ ਸਾਡੀ ਕੁੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਚੰਗੀ ਤਨਖਾਹ ਲਗਾਉਣ ਦੀ ਗੱਲ ਕਹੀ। ਸਾਨੂੰ ਆਪਣੇ ਝਾਂਸੇ ’ਚ ਫਸਾਉਣ ਮਗਰੋਂ ਸੁੱਖੀ ਤੇ ਸੱਤਾ ਟਰੈਵਲ ਏਜੰਟ ਸੁੱਖਾ ਸਿੰਘ ਨੂੰ ਸਾਡੇ ਕੋਲ ਲੈ ਆਏ, ਜਿਨ੍ਹਾਂ ਨੇ ਸਾਡੇ ਤੋਂ 1 ਲੱਖ 80 ਹਜ਼ਾਰ ਰੁਪਏ ਦੀ ਮੰਗ ਕੀਤੀ। 

ਪੂਰੇ ਪੈਸੇ ਲੈਣ ਮਗਰੋਂ ਉਕਤ ਲੋਕਾਂ ਨੇ ਸਾਡੀ ਕੁੜੀ ਨੂੰ ਦੋਹਾ ਕਤਰ ਭੇਜਣ ਦੀ ਥਾਂ ਦੁਬਈ ਭੇਜ ਦਿੱਤਾ, ਜਿੱਥੇ ਉਸ ਦੀ ਕੁੜੀ ਨੂੰ ਕੋਈ ਨੌਕਰੀ ਨਹੀਂ ਦਿਵਾਈ ਗਈ ਸਗੋਂ ਬੰਦੀ ਬਣਾ ਕੇ ਰੱਖਿਆ ਗਿਆ। ਅਸੀਂ ਉਕਤ ਲੋਕਾਂ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਆਪਣਾ ਫੋਨ ਨੰਬਰ ਬਦਲ ਲਿਆ। ਬਾਅਦ ’ਚ ਉਕਤ ਲੋਕਾਂ ਨੇ ਸਾਡੀ ਕੁੜੀ ਨੂੰ ਵਾਪਸ ਮੰਗਵਾਉਣ ਲਈ ਸਾਡੇ ਤੋਂ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। 32 ਹਜ਼ਾਰ ਰੁਪਏ ਦੇਣ ’ਤੇ ਟਿਕਟ ਕਰਵਾਉਣ ਨਾਲ ਕੁੜੀ ਭਾਰਤ ਵਾਪਸ ਆ ਗਈ, ਜਿਸ ਨੇ ਸਾਰੀ ਹੱਡ-ਬੀਤੀ ਦੱਸੀ। ਪੀੜਤ ਪਰਿਵਾਰ ਨੇ ਕਿਹਾ ਕਿ ਉਕਤ ਲੋਕਾਂ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ, ਜਿਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਸਾਡੇ ਪੈਸੇ ਵਾਪਸ ਦਿਵਾਏ ਜਾਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

ਕੀ ਕਹਿੰਦਾ ਹੈ ਟ੍ਰੈਵਲ ਏਜੰਟ ਸੁੱਖਾ ਸਿੰਘ 
ਇਸ ਸਬੰਧੀ ਟ੍ਰੈਵਲ ਏਜੰਟ ਸੁੱਖਾ ਸਿੰਘ ਨੇ ਕਿਹਾ ਕਿ ਸਾਡਾ ਥਾਣਾ ਵਲਟੋਹਾ ਵਿਖੇ ਫੈਸਲਾ ਹੋਇਆ ਸੀ ਜਿਸ ਅਨੁਸਾਰ ਮੈਂ ਇਨ੍ਹਾਂ ਦੇ 20 ਹਜ਼ਾਰ ਰੁਪਏ ਵਾਪਸ ਕਰਨੇ ਹਨ। ਉਕਤ ਪਰਿਵਾਰ ਵਲੋਂ 1 ਲੱਖ 80 ਹਜ਼ਾਰ ਰੁਪਏ ਦੇਣ ਦਾ, ਜੋ ਇਲਜ਼ਾਮ ਲਾਇਆ ਜਾ ਰਿਹਾ ਹੈ, ਉਹ ਝੂਠ ਹੈ। 

ਕੀ ਕਹਿੰਦੇ ਹਨ ਥਾਣਾ ਮੁਖੀ ਵਲਟੋਹਾ 
ਥਾਣਾ ਵਲਟੋਹਾ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮੇਰੇ ਅਹੁਦਾ ਸੰਭਾਲਣ ਤੋਂ ਪਹਿਲਾਂ ਦਾ ਹੈ। ਜੇਕਰ ਪੀੜਤ ਪਰਿਵਾਰ ਦੀ ਫੈਸਲੇ ਪ੍ਰਤੀ ਕੋਈ ਸੰਤੁਸ਼ਟੀ ਨਹੀਂ ਹੁੰਦੀ ਤਾਂ ਮੈਨੂੰ ਆ ਕੇ ਮਿਲ ਸਕਦੇ ਹਨ। ਕਿਸੇ ਨਾਲ ਵੀ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ। 


rajwinder kaur

Content Editor

Related News