ਵਾਲਮੀਕਿ ਸਮਾਜ ਵੱਲੋਂ  ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ

11/13/2018 6:05:56 AM

 ਅੰਮ੍ਰਿਤਸਰ,  (ਛੀਨਾ)-  ਕੌਂਸਲਰ ਅਜੀਤ ਸਿੰਘ ਭਾਟੀਆ ਨੂੰ ਥੱਪਡ਼ ਮਾਰਨ ਦੇ ਮਾਮਲੇ ’ਚ ਪੁਲਸ ਵੱਲੋਂ 11-12 ਵਿਅਕਤੀਆਂ ਅਤੇ ਕੁਝ ਅੌਰਤਾਂ ’ਤੇ ਦਰਜ ਕੀਤੇ ਗਏ ਪੁਲਸ ਕੇਸ ਦੇ ਵਿਰੋਧ ’ਚ ਅੱਜ ਭਾਜਪਾ ਐੱਸ.ਸੀ.ਮੋਰਚਾ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ, ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਅਤੇ ਕੁਝ ਹੋਰ ਵਾਲਮੀਕਿ ਸਮਾਜ ਨਾਲ ਸਬੰਧਤ ਜਥੇਬੰਦੀਆਂ ਦੇ ਨੁਮਾਇੰਦੇ ਇਕ ਵਫਦ ਦੇ ਰੂਪ ’ਚ ਏ.ਡੀ.ਸੀ.ਪੀ.ਕ੍ਰਾਈਮ ਹਰਜੀਤ ਸਿੰਘ ਧਾਲੀਵਾਲ ਨੂੰ ਮਿਲਣ ਪੁੱਜੇ। ਇਸ ਮਾਮਲੇ ’ਚ ਜੇਲ ਤੋਂ ਜ਼ਮਾਨਤ ’ਤੇ ਆਏ ਬੂਆ ਦਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਟਨਾ ਵਾਲੇ ਦਿਨ ਕੌਂਸਲਰ ਅਜੀਤ ਸਿੰਘ ਭਾਟੀਆ ਨੂੰ ਜਦੋਂ ਉਹ ਮਿਲਣ ਗਏ ਸਨ ਤਾਂ ਭਾਟੀਆ ਨੇ ਕਿਸੇ ਗੱਲ ਤੋਂ ਤੈਸ਼ ’ਚ ਆ ਕੇ ਉਨ੍ਹਾਂ ਨੂੰ ਜਾਤੀ-ਸੂਚਕ ਸ਼ਬਦ ਬੋਲੇ ਸਨ ਜਿਸ ਦੇ ਰੋਸ ਵਜੋਂ ਹੀ ਅਜੇ ਗਿੱਲ ਨੇ ਕੌਂਸਲਰ ਭਾਟੀਆ ਦੇ ਥੱਪਡ਼ ਮਾਰਿਆ ਸੀ। 
ਇਸ ਮੌਕੇ  ਭਾਜਪਾ ਐੱਸ.ਸੀ.ਮੋਰਚਾ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ, ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ, ਭਾਰਤੀ ਵਾਲਮੀਕਿ ਧਰਮ ਸਮਾਜ ਰਜਿ. ਦੇ ਜ਼ਿਲਾ ਪ੍ਰਧਾਨ ਕਮਲ ਨਾਹਰ, ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਪੰਜਾਬ ਦੇ ਉਪ ਪ੍ਰਧਾਨ ਸੁਜਿੰਦਰ ਬਿਡਲਾਨ, ਭਾਰਤੀ ਵਾਲਮੀਕਿ ਵੀਰ ਸੇਨਾ ਪੰਜਾਬ ਦੇ ਪ੍ਰਧਾਨ ਸੁਮਿਤ ਕਾਲੀ ਤੇ ਜ਼ਿਲਾ ਪ੍ਰਧਾਨ ਸ਼ਿਵ ਕੁਮਾਰ ਨੇ ਕਿਹਾ ਕਿ ਪੁਲਸ ਨੇ ਥੱਪਡ਼ ਮਾਰਨ ਦੇ ਦੋਸ਼ ’ਚ ਸਾਜ਼ਿਸ਼ ਤਹਿਤ 11-12 ਵਿਅਕਤੀਆਂ ਅਤੇ ਕੁਝ ਅੌਰਤਾਂ ’ਤੇ ਗਲਤ ਧਾਰਾਵਾਂ ਤਹਿਤ ਨਾਜਾਇਜ਼ ਹੀ ਪਰਚਾ ਦਰਜ ਕਰ ਦਿੱਤਾ ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਕੌਂਸਲਰ ਨੂੰ ਥੱਪਡ਼ ਮਾਰਨ ਵਾਲੇ ਵਿਅਕਤੀ ’ਤੇ ਪੁਲਸ ਕੇਸ ਦਰਜ ਕਰਨਾ ਤਾਂ ਸਮਝ ’ਚ ਆਉਂਦਾ ਹੈ ਪਰ ਬਾਕੀ ਵਿਅਕਤੀਆਂ ’ਤੇ ਪੁਲਸ ਕੇਸ ਬਣਾ ਕੇ ਉਨ੍ਹਾਂ ਨੂੰ ਕਿਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਇਸ ਮਾਮਲੇ ’ਚ ਨੈਸ਼ਨਲ ਐੱਸ.ਸੀ.ਕਮਿਸ਼ਨ ਦੇ ਡਾਇਰੈਕਟਰ ਰਾਜ ਕੁਮਾਰ ਸਨੇਨਾ ਦੇ ਦਖਲ ਦੇ ਬਾਵਜੂਦ ਵੀ ਪੁਲਸ ਨੇ ਅਜੇ ਤੱਕ ਕੌਂਸਲਰ ਅਜੀਤ ਸਿੰਘ ਭਾਟੀਆ ’ਤੇ ਜਾਤੀ-ਸੂਚਕ ਸ਼ਬਦ ਬੋਲਣ ਦਾ ਪਰਚਾ ਦਰਜ ਨਹੀਂ ਕੀਤਾ। 
ਉਨ੍ਹਾਂ ਕਿਹਾ ਕਿ ਅਸੀਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ’ਚ ਥੱਪਡ਼ ਮਾਰਨ ਵਾਲੇ ਲਡ਼ਕੇ ਤੋਂ ਇਲਾਵਾ ਬਾਕੀਆਂ ’ਤੇ ਦਰਜ ਕੀਤਾ ਗਿਆ ਪੁਲਸ ਕੇਸ ਖਾਰਜ ਕੀਤਾ ਜਾਵੇ ਅਤੇ ਕੌਂਸਲਰ ਭਾਟੀਆ ’ਤੇ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ ਤੁਰੰਤ ਦਰਜ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਸਾਡੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਵਾਲਮੀਕਿ ਸਮਾਜ ਵਲੋਂ  ਜ਼ੋਰਦਾਰ ਰੋਸ ਵਿਖਾਵੇ ਕੀਤੇ ਜਾਣਗੇ ਜਿਸ ਤੋਂ ਬਾਅਦ ਪੈਦਾ ਹੋਣ ਵਾਲੀ ਹਰ ਤਰ੍ਹਾਂ ਦੀ ਸਥਿਤੀ ਲਈ ਪੁਲਸ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ। 
ਮੈਂ ਕਿਸੇ ਨੂੰ ਜਾਤੀ-ਸੂਚਕ ਸ਼ਬਦ ਨਹੀਂ ਬੋਲੇ : ਭਾਟੀਆ 
ਇਸ ਸਬੰਧ ’ਚ ਕੌਂਸਲਰ ਅਜੀਤ ਸਿੰਘ ਭਾਟੀਆ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਜਾਤੀ-ਸੂਚਕ ਸ਼ਬਦ ਬੋਲਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਦੋਸ਼ ਸਰਾਸਰ ਗਲਤ ਹਨ ਮੈਂ ਉਸ ਦਿਨ ਕਿਸੇ ਵੀ ਵਿਅਕਤੀ ਦੇ ਮਾਣ ਸਨਮਾਨ  ਖਿਲਾਫ ਕੋਈ ਸ਼ਬਦ ਨਹੀਂ ਬੋਲਿਆ ਸੀ। 


Related News