ਘਰ ’ਚ ਚੋਰੀ ਕਰਨ ਵਾਲੇ 2 ਨਾਮਜ਼ਦ, 1 ਕਾਬੂ
Thursday, Nov 15, 2018 - 01:25 AM (IST)

ਧਾਰੀਵਾਲ, (ਖੋਸਲਾ/ਬਲਬੀਰ)- ਬੀਤੇ ਦਿਨੀਂ ਸ਼ਹਿਰ ਧਾਰੀਵਾਲ ਦੇ ਵਾਰਡ ਨੰ. 12 ਦੇ ਇਕ ਘਰ ਹੋਈ ਚੋਰੀ ਦੇ ਸਬੰਧ ’ਚ ਥਾਣਾ ਧਾਰੀਵਾਲ ਦੀ ਪੁਲਸ ਨੇ 2 ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਕੇ ਇਕ ਨੂੰ ਕਾਬੂ ਕੀਤਾ ਹੈ। ਸੰਦੀਪ ਸਿੰੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਵਾਰਡ ਨੰ. 12 ਧਾਰੀਵਾਲ ਨੇ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਆਪਣੀ-ਆਪਣੀ ਡਿਊਟੀ ’ਤੇ ਗਏ ਹੋਏ ਸਨ ਤੇ ਉਨ੍ਹਾਂ ਦਾ ਲਡ਼ਕਾ ਸਕੂਲ ਪਡ਼੍ਹਨ ਲਈ ਗਿਆ ਹੋਇਆ ਸੀ। ਸੰਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਲਗਭਗ 3 ਵਜੇ ਆਪਣੀ ਡਿਊਟੀ ਤੋਂ ਘਰ ਵਾਪਿਸ ਆ ਕੇ ਜਦ ਘਰ ਦੇ ਮੁੱਖ ਗੇਟ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਤਾਂ ਦੂਸਰੀ ਮੰਜ਼ਿਲ ਦੇ ਕਮਰੇ ’ਚ ਖਡ਼ਾਕ ਸੁਣ ਕੇ ਜਦ ਉਪਰ ਗਿਆ ਤਾਂ ਵੇਖਿਆ ਕਿ ਕਮਰੇ ’ਚ ਪਏ ਸਾਮਾਨ ਦੀ ਦੋ ਨੌਜਵਾਨ ਫਰੋਲਾ-ਫਰਾਲੀ ਕਰ ਰਹੇ ਸਨ ਜਿਸ ’ਤੇ ਜਦ ਉਹ ਕਮਰੇ ਅੰਦਰ ਗਿਆ ਤਾਂ ਇਕ ਨੌਜਵਾਨ ਨੇ ਉਸ ਦੇ ਸਿਰ ’ਚ ਲੋਹੇ ਦੀ ਸੱਬਲ ਮਾਰ ਕੇ ਮੌਕੇ ’ਤੇ ਦੌਡ਼ ਗਿਆ, ਜਦਕਿ ਦੂਸਰੇ ਨੌਜਵਾਨ ਜਿਸ ਨੇ ਆਪਣੇ ਹੱਥ ’ਚ ਉਸ ਦੇ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਫਡ਼ਿਆ ਹੋਇਆ ਸੀ, ਜੋ ਤੇਜ਼ੀ ਨਾਲ ਕਮਰੇ ’ਚੋਂ ਦੌਡ਼ ਕੇ ਗਲੀ ’ਚ ਲੱਗੇ ਮੋਟਰਸਾਈਕਲ ’ਤੇ ਬੈਠ ਕੇ ਜਦ ਦੌਡ਼ਨ ਲੱਗਾ ਤਾਂ ਮੁਹੱਲਾ ਨਿਵਾਸੀਆਂ ਨੇ ਉਸਨੂੰ ਕਾਬੂ ਕਰ ਲਿਆ। ਜਿਸਦੀ ਪਛਾਣ ਨਰੇਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਦਰਗਾਹ ਜਾਨੀ ਸਾਹ ਝੰਬਾਲ ਰੋਡ ਅੰਮ੍ਰਿਤਸਰ ਤੇ ਮੌਕੇ ਤੋਂ ਫਰਾਰ ਹੋਏ ਦੂਸਰੇ ਸਾਥੀ ਦੀ ਪਛਾਣ ਨਿੱਕੂ ਵਾਸੀ ਗੁੱਜਰਪੁਰਾ ਥਾਣਾ ਸੀ ਡਵੀਜ਼ਨ ਅੰਮ੍ਰਿਤਸਰ ਵਜੋਂ ਦਿੱਤੀ। ਕੇਸ ਦੀ ਪੈਰਵਾਈ ਕਰ ਰਹੇ ਏ. ਐੱਸ. ਆਈ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉੱਚ ਪੁਲਸ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਸੰਦੀਪ ਸਿੰਘ ਦੇ ਬਿਆਨਾਂ ’ਤੇ ਨਰੇਸ਼ ਕੁਮਾਰ ਤੇ ਨਿੱਕੂ ਵਿਰੁੱਧ ਕੇਸ ਦਰਜ ਕਰ ਕੇ ਨਰੇਸ਼ ਕੁਮਾਰ ਤੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈ ਕੇ ਫਰਾਰ ਹੋਏ ਨਿੱਕੂ ਦੀ ਭਾਲ ਸ਼ੁਰੂ ਕਰ ਦਿੱਤੀ।