ਪੰਜਾਬ ਬਣਿਆ ਧਰਨਿਆਂ ਦੀ ਧਰਤੀ, ਨੌਜਵਾਨ ਪੀੜ੍ਹੀ ਰੋਜ਼ਗਾਰ ਦੀ ਤਲਾਸ਼ ’ਚ ਭੱਜ ਰਹੀ ਵਿਦੇਸ਼ : ਮਨਿੰਦਰਜੀਤ ਬਿੱਟਾ

Tuesday, Mar 07, 2023 - 11:18 AM (IST)

ਪੰਜਾਬ ਬਣਿਆ ਧਰਨਿਆਂ ਦੀ ਧਰਤੀ, ਨੌਜਵਾਨ ਪੀੜ੍ਹੀ ਰੋਜ਼ਗਾਰ ਦੀ ਤਲਾਸ਼ ’ਚ ਭੱਜ ਰਹੀ ਵਿਦੇਸ਼ : ਮਨਿੰਦਰਜੀਤ ਬਿੱਟਾ

ਪਠਾਨਕੋਟ (ਸ਼ਾਰਦਾ)- ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਪਠਾਨਕੋਟ ਦੌਰੇ ’ਤੇ ਪੰਜਾਬ ’ਚ ਲਾ ਐਂਡ ਆਰਡਰ ਦੀ ਸਥਿਤੀ ’ਤੇ ਕਿਹਾ ਕਿ ਪੁਲਸ ਵੱਲੋਂ ਕੋਈ ਕਮੀ ਨਹੀਂ ਹੈ ਪਰ ਜਦੋਂ ਕੋਈ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਢਾਲ ਬਣਾ ਲਵੇ ਤਾਂ ਉਸ ਦੇ ਅੱਗੇ ਕੀ ਕੀਤਾ ਜਾ ਸਕਦਾ ਹੈ ਪਰ ਮਹਾਰਾਜ ਜੀ ਨੂੰ ਢਾਲ ਬਣਾਉਣਾ ਕੋਈ ਵੀ ਪਾਰਟੀ, ਸਰਕਾਰ ਜਾਂ ਵਿਅਕਤੀ ਹੋਵੇ ਇਹ ਸਰਾਸਰ ਗਲਤ ਹੈ। ਉਨ੍ਹਾਂ ਅਜਨਾਲਾ ਕਾਂਡ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ’ਤੇ ਸਿੱਧਾ ਹੱਲਾ ਬੋਲਦੇ ਹੋਏ ਕਿਹਾ ਕਿ ਇਕ ਵਿਅਕਤੀ ਨੂੰ ਛੁਡਾਉਣ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਦਾ ਸਹਾਰਾ ਲਿਆ ਹੈ, ਉਹ ਚਾਹੁੰਦੇ ਸਨ ਕਿ ਪੰਜਾਬ ਦਾ ਮਾਹੌਲ ਫਿਰ ਵਿਗੜੇ। ਉਨ੍ਹਾਂ ਨੇ ਭਿੰਡਰਾ ਵਾਲੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਸਮੇਂ ਦਾ ਸੰਤਾਪ ਅਜੇ ਤੱਕ ਖ਼ਤਮ ਨਹੀਂ ਹੋਇਆ ਹੈ ਜਦੋਂ ਸਾਡੀ ਜਵਾਨੀ, ਸਾਡਾ ਨੌਜਵਾਨ ਵਰਗ ਖ਼ਤਮ ਹੋ ਗਿਆ ਸੀ। ਇਹ ਲੋਕ ਫਿਰ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਖ਼ਾਲਿਸਤਾਨ ਦੇ ਹੱਕ 'ਚ ਨਾਅਰੇਬਾਜ਼ੀ, ਅੱਤਵਾਦੀ ਪੰਨੂ ਨੇ ਮੁੜ ਦਿੱਤੀ ਗਿੱਦੜ-ਭਬਕੀ

ਉਨ੍ਹਾਂ ਕਿਹਾ ਕਿ ਅੱਜ ਇਹ ਪੰਜਾਬ ਧਰਨਿਆਂ ਦਾ ਪੰਜਾਬ ਬਣ ਕੇ ਰਹਿ ਗਿਆ ਹੈ ਅਤੇ ਨੌਜਵਾਨ ਪੀੜ੍ਹੀ ਰੋਜ਼ਗਾਰ ਦੀ ਤਲਾਸ਼ ’ਚ ਵਿਦੇਸ਼ਾਂ ਵਿਚ ਭੱਜ ਰਹੀ ਹੈ। ਉਨ੍ਹਾਂ ਅੰਮ੍ਰਿਤਪਾਲ ਤੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਪੰਜਾਬ ਦੀ ਜਵਾਨੀ ਨੇ ਆਖਿਰ ਕੀ ਵਿਗਾੜਿਆ ਹੈ, ਜੋ ਉਹ ਉਸ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਕਿਸੇ ਤੋਂ ਕੋਈ ਖ਼ਤਰਾ ਨਹੀਂ ਹੈ, ਸਿਰਫ਼ ਆਪਣਿਆਂ ਤੋਂ ਹੀ ਖ਼ਤਰਾ ਹੈ, ਜੋ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਹਨ। ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਥਿਤੀ ’ਤੇ ਬੋਲਦੇ ਹੋਏ ਕਿਹਾ ਕਿ ਇਸ ਸਮੇਂ ਜੋ ਮਾਹੌਲ ਬਣ ਰਿਹਾ ਹੈ, ਉਸ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਆਗੂਆਂ ਨੂੰ ਇਕ ਮੰਚ ’ਤੇ ਇਕੱਤਰ ਹੋਣਾ ਹੋਵੇਗਾ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਪੱਸ਼ਟ ਰੂਪ ’ਚ ਸਾਹਮਣੇ ਨਿਡਰ ਹੋ ਕੇ ਕਹਿਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਢਾਲ ਨਹੀਂ ਬਣਾਏਗਾ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ’ਤੇ 29 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਜ਼ਬਤ

ਸਿੱਧੂ ਮੂਸੇਵਾਲਾ ਕੇਸ ’ਤੇ ਅਤੇ ਪੰਜਾਬ ’ਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰਨ ਵਾਲਿਆਂ ’ਤੇ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਕੇਸ ’ਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜੋ ਲੋਕ ਪੰਜਾਬ ’ਚ ਨਾਰਕੋ ਟੈਰੇਰਿਸਟ ਨੂੰ ਫੈਲਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਖ਼ਤ ਨੱਥ ਪਾਉਣੀ ਚਾਹੀਦੀ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News