ਸ਼੍ਰੋਮਣੀ ਕਮੇਟੀ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਦੀ ਰਖਵਾਲੀ ਲਈ ਵਚਨਬੱਧ : ਐਡਵੋਕੇਟ ਧਾਮੀ

Tuesday, Feb 21, 2023 - 05:20 PM (IST)

ਸ਼੍ਰੋਮਣੀ ਕਮੇਟੀ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਦੀ ਰਖਵਾਲੀ ਲਈ ਵਚਨਬੱਧ : ਐਡਵੋਕੇਟ ਧਾਮੀ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕਾਂ ਲਈ ਲੜਾਈ ਨਹੀਂ ਲੜਦੀ, ਸਗੋਂ ਸਿੱਖ ਸਿਧਾਂਤਾਂ ਅਤੇ ਪ੍ਰੰਪਰਾਵਾਂ ਦੀ ਰਖਵਾਲੀ ਲਈ ਵਚਨਬੱਧ ਹੈ। ਦੂਸਰੇ ਪਾਸੇ ਹਰਿਆਣਾ ਸਰਕਾਰ ਵੱਲੋਂ ਬਣਾਈ ਹਰਿਆਣਾ ਗੁਰਦੁਆਰਾ ਐਡਹਾਕ ਕਮੇਟੀ ਗੈਰ-ਕਾਨੂੰਨੀ ਤਰੀਕੇ ਨਾਲ ਅਤੇ ਸਿੱਖ ਰਵਾਇਤਾਂ ਦੇ ਵਿਰੁੱਧ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਗੋਲਕਾਂ ਦੇ ਤਾਲੇ ਤੋੜ ਕੇ ਕਬਜ਼ੇ ਦੀ ਨੀਅਤ ਨਾਲ ਸਿੱਖ ਮਰਿਆਦਾ ਦੀ ਉਲੰਘਣ ਕਰ ਰਹੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸਾਲਾਨਾ ਯਾਦ ਵਿਚ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਨਾਲ ਸਬੰਧਤ ਗੁਰਦਾਸਪੁਰ ਜ਼ਿਲ੍ਹੇ ਦੇ ਨਗਰ ਗੋਧਰਪੁਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ।

ਇਹ ਵੀ ਪੜ੍ਹੋ- ਜਲੰਧਰ ਨੈਸ਼ਨਲ ਹਾਈਵੇ ਤੋਂ ਆਉਣ-ਜਾਣ ਵਾਲੇ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਵੱਡੀ ਪਰੇਸ਼ਾਨੀ

PunjabKesari

ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਗੁਰਧਾਮਾਂ ਦੀ ਰਖਵਾਲੀ ਅਤੇ ਸਿੱਖ ਪ੍ਰੰਪਰਾਵਾਂ ਦੀ ਪਹਿਰੇਦਾਰੀ ਵਾਸਤੇ ਦਿੱਤੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸਦੀ ਪਹਿਲਾਂ ਅੰਗਰੇਜ਼ ਸਰਕਾਰ ਦੇ ਪਿੱਠੂ ਮਹੰਤਾਂ ਤੋਂ ਗੁਰੂ ਘਰ ਅਜ਼ਾਦ ਕਰਵਾਉਣ ਲਈ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਪਰ ਦੁੱਖ ਦੀ ਗੱਲ ਹੈ ਕਿ ਅੱਜ ਸਰਕਾਰਾਂ ਦੀ ਸ਼ਹਿ ’ਤੇ ਗੁਰੂ ਘਰਾਂ ਦੇ ਪੰਥਕ ਪ੍ਰਬੰਧਾਂ ਦੀ ਥਾਂ ’ਤੇ ਸਰਕਾਰੀ ਅਧੀਨਗੀ ਵਾਲੇ ਪ੍ਰਬੰਧਾਂ ਨੂੰ ਪ੍ਰਵਾਨ ਕਰਨ ਲਈ ਕੁਝ ਲੋਕ ਕੋਝੇ ਹੱਥਕੰਡੇ ਅਪਣਾ ਰਹੇ ਹਨ। ਇਸੇ ਤਹਿਤ ਹੀ ਸਰਕਾਰ ਵੱਲੋਂ ਬਣਾਈ ਗਈ ਹਰਿਆਣਾ ਗੁਰਦੁਆਰਾ ਐਡਹਾਕ ਕਮੇਟੀ ਗੁਰੂ ਘਰਾਂ ਦੇ ਪੰਥਕ ਪ੍ਰਬੰਧਾਂ ਨੂੰ ਸਰਕਾਰ ਦੀ ਦੇਖ-ਰੇਖ ਹੇਠ ਚਲਾਉਣ ਲਈ ਉਤਾਵਲੀ ਹੈ। ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਗੱਲਬਾਤ ਕੀਤੇ ਬਿਨਾਂ ਹੀ ਹਰਿਆਣਾ ਦੇ ਗੁਰੂ ਘਰਾਂ ਦੀਆਂ ਗੋਲਕਾਂ ਦੇ ਤਾਲੇ ਤੋੜ ਕੇ ਆਪਣੇ ਤਾਲੇ ਲਗਾਏ ਜਾ ਰਹੇ ਹਨ। ਇਹ ਸਰਕਾਰੀ ਧੱਕੇਸ਼ਾਹੀ ਹੈ, ਜਿਸ ਨੇ ਸਿੱਖ ਕੌਮ ਨੂੰ ਇਕ ਵਾਰ ਫਿਰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਪੰਥ ਵਿਰੋਧੀ ਤਾਕਤਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣ। 

ਇਹ ਵੀ ਪੜ੍ਹੋ- ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ

PunjabKesari

ਇਸ ਮੌਕੇ ਐਡਵੋਕੇਟ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਦਸਤਖ਼ਤੀ ਮੁਹਿੰਮ ’ਤੇ ਕੁਝ ਲੋਕਾਂ ਵੱਲੋਂ ਕੀਤੇ ਜਾ ਰਹੇ ਸਵਾਲ ’ਤੇ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਸੰਗਤ ਵੱਲੋਂ ਭਰੇ ਗਏ ਲੱਖਾਂ ਪ੍ਰੋਫ਼ਾਰਮੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ ਅਤੇ ਇਸ ਦਾ ਸਾਰਾ ਵੇਰਵਾ ਯੂਐੱਨਓ ਨੂੰ ਦਿੱਤਾ ਜਾਵੇਗਾ। ਇਹ ਲੋਕ ਅਵਾਜ਼ ਸਰਕਾਰਾਂ ਦੇ ਬੰਦ ਕੰਨ ਖੋਲ੍ਹਣ ਅਤੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਕਾਰਜਸ਼ੀਲ ਸੰਸਥਾਵਾਂ ਨੂੰ ਅਸਲੀਅਤ ਤੋਂ ਵੀ ਜਾਣੂ ਕਰਵਾਏਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਦੇ ਪ੍ਰਬੰਧਕਾਂ ਨੂੰ ਲੰਗਰ ਹਾਲ ਲਈ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ ਅਤੇ ਭਵਿੱਖ ਵਿਚ ਹੋਰ ਰਾਸ਼ੀ ਦੇਣ ਦੀ ਵਚਨਬੱਧਤਾ ਪ੍ਰਗਟਾਈ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ 1 ਕਰੋੜ 13 ਲੱਖ ਰੁਪਏ ਤੋਂ ਵੱਧ ਰਾਸ਼ੀ ਦੇ ਚੈੱਕ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਹਰ ਸਾਲ ਸ਼ਹੀਦ ਭਾਈ ਲਛਮਣ ਸਿੰਘ ਨਾਲ ਸਬੰਧਤ ਨਗਰ ਗੋਧਰਪੁਰ ਵਿਖੇ ਗੁਰਮਤਿ ਸਮਾਗਮ ਕਰਵਾਉਣ ਨੂੰ ਸ਼ਲਾਘਾਯੋਗ ਕਰਾਰ ਦਿੰਦਿਆਂ ਸਮਾਗਮ ’ਚ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਇਤਿਹਾਸ ਨਾਲ ਜੋੜਿਆ।

ਇਹ ਵੀ ਪੜ੍ਹੋ- ਸਰਕਾਰ ਵਲੋਂ ਹਰਿਆਣਾ ਗੁਰਦੁਆਰਾ ਐਡਹਾਕ ਕਮੇਟੀ ਦੀ ਨਾਮਜ਼ਦਗੀ SC ਦੇ ਫ਼ੈਸਲੇ ਵਿਰੁੱਧ : ਐਡਵੋਕੇਟ ਧਾਮੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 


author

Shivani Bassan

Content Editor

Related News