ਗਰੀਬ ਪਰਿਵਾਰ ਨੂੰ ਆਇਆ 56720 ਰੁਪਏ ਬਿਜਲੀ ਦਾ ਬਿੱਲ, ਪੀੜਤ ਨੇ CM ਮਾਨ ਤੇ ਬਿਜਲੀ ਮੰਤਰੀ ਤੋਂ ਕੀਤੀ ਮੰਗ
Saturday, Jan 07, 2023 - 01:03 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)- ਇਕ ਪਾਸੇ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ 300 ਯੂਨਿਟ ਬਿਜਲੀ ਦੇ ਮੁਆਫ਼ ਕਰਨ ਅਤੇ ਜ਼ੀਰੋ ਬਿੱਲ ਭੇਜਣ ਦੇ ਦਾਅਵੇ ਜਤਾਏ ਜਾ ਰਹੇ ਹਨ। ਦੂਸਰੇ ਪਾਸੇ ਦੇਖਣ ਨੂੰ ਆਇਆ ਹੈ ਕਿ ਬਾਬਾ ਬਕਾਲਾ ਸਾਹਿਬ ਨਿਵਾਸੀ ਦਿਹਾੜੀਦੂਰ ਗਰੀਬ ਪਰਿਵਾਰ ਨੂੰ ਪਾਵਰਕਾਮ ਦਫ਼ਤਰ ਬਾਬਾ ਬਕਾਲਾ ਸਾਹਿਬ ਵੱਲੋਂ 56720 ਰੁਪਏ ਦਾ ਬਿਜਲੀ ਬਿੱਲ ਭੇਜਿਆ ਜਾ ਚੁੱਕਾ ਹੈ। ਉਕਤ ਪਰਿਵਾਰ ਵੱਲੋਂ ਬਿਜਲੀ ਦਾ ਬਿੱਲ ਨਾ ਅਦਾ ਕੀਤੇ ਜਾ ਸਕਣ ਕਾਰਨ ਉਸਦੇ ਘਰ ਦਾ ਮੀਟਰ ਕੁਨੈਕਸ਼ਨ ਵੀ ਕੱਟ ਦਿਤਾ ਗਿਆ ਹੈ।
ਇਹ ਵੀ ਪੜ੍ਹੋ- ਜਿੰਨਾ ਵਿਕਾਸ ਅਕਾਲੀ ਦਲ ਨੇ ਕੀਤਾ ਨਾ ਕਾਂਗਰਸ ਕਰ ਸਕੀ ਨਾ 'ਆਪ': ਸੁਖਬੀਰ ਬਾਦਲ
ਪੀੜਤ ਸਤਨਾਮ ਸਿੰਘ ਪੁੱਤਰ ਚਰਨ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜ਼ੀਰੋ ਬਿੱਲ ਆਇਆ ਸੀ, ਪਰ ਹੁਣ ਵਧੇਰੇ ਬਿੱਲ ਆਉਣ ’ਤੇ ਜਦ ਉਪ ਮੰਡਲ ਅਫ਼ਸਰ ਬਾਬਾ ਬਕਾਲਾ ਸਾਹਿਬ ਨੂੰ ਲਿਖਤੀ ਰੂਪ ਵਿਚ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਬਿੱਲ ਹਰ ਹਾਲਤ ਵਿਚ ਅਦਾ ਕਰਨਾ ਹੀ ਹੋਵੇਗਾ। ਪੀੜਤ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਅਤੇ ਠੰਡ ਦੇ ਮੌਸਮ ਵਿਚ ਮੋਮਬੱਤੀ ਜਗਾ ਕੇ ਰਾਤ ਗੁਜ਼ਾਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਨਾ ਕੋਈ ਏ. ਸੀ., ਨਾ ਪਾਣੀ ਦੀ ਮੋਟਰ ਤੇ ਨਾ ਹੀ ਕੋਈ ਹੀਟਰ ਹੈ, ਫਿਰ ਵੀ ਉਨ੍ਹਾਂ ਨੂੰ ਭਾਰੀ ਰਕਮ ਦੇ ਬੋਝ ਹੇਠ ਨੱਪ ਦਿੱਤਾ ਗਿਆ ਹੈ। ਸਤਨਾਮ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਕਰਕੇ ਗਰੀਬ ਪਰਿਵਾਰ ਦੀ ਮਦਦ ਕਰਨ ਅਤੇ ਲਾਪ੍ਰਵਾਹੀ ਵਰਤਣ ਵਾਲੇ ਪਾਵਰਕਾਮ ਦੇ ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕਰਨ।
ਇਹ ਵੀ ਪੜ੍ਹੋ- ਬਾਰਡਰ ’ਤੇ ਵਿਜੀਬਿਲਟੀ ਜ਼ੀਰੋ ਬਣੀ BSF ਲਈ ਚੁਣੌਤੀ, ਲਗਾਤਾਰ ਵਧ ਰਹੀ ਹੈ ਪਾਕਿਸਤਾਨੀ ਡਰੋਨਾਂ ਦੀ ਮੂਵਮੈਂਟ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।