ਇਕਲੌਤੇ ਪੁੱਤਰ ਦੇ ਕਤਲ ਦਾ ਮਾਮਲਾ : ਮੁੱਖ ਕਾਤਲ ਮੁਲਜ਼ਮ ਪੁਲਸ ਨੇ 12 ਘੰਟਿਆਂ ਅੰਦਰ ਕੀਤਾ ਗ੍ਰਿਫ਼ਤਾਰ
Monday, Jul 03, 2023 - 05:09 PM (IST)
ਤਰਨਤਾਰਨ (ਰਮਨ ਚਾਵਲਾ)- ਥਾਣਾ ਸਦਰ ਤਰਨਤਾਰਨ ਅਧੀਨ ਆਉਂਦੇ ਪਿੰਡ ਰੈਸ਼ੀਆਣਾ ਵਿਖੇ ਬੀਤੇ ਸ਼ੁੱਕਰਵਾਰ ਇਕ ਨੌਜਵਾਨ ਨੂੰ ਮਮੂਲੀ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਪੁਲਸ ਨੇ ਦਾਤਰ ਸਣੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਮਾਨਯੋਗ ਅਦਾਲਤ ਪਾਸੋਂ ਚਾਰ ਦਿਨਾਂ ਰਿਮਾਂਡ ਹਾਸਲ ਕਰਦੇ ਹਨ ਅਗਲੀ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ ਉਰਫ ਲਵਪ੍ਰੀਤ (24) ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਰੈਸ਼ੀਆਣਾ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਬੀਤੇ ਸ਼ੁੱਕਰਵਾਰ ਰਾਤ ਜਦੋਂ ਆਪਣੇ ਚਾਚੇ ਸਾਹਿਬ ਸਿੰਘ ਨਾਲ ਪਿੰਡ ’ਚ ਬਾਬਾ ਹਾਜੀ ਸ਼ਾਹ ਦੀ ਦਰਗਾਹ ਵੱਲ ਗਏ ਸੀ ਤਾਂ ਪਿਆਰਾ ਸਿੰਘ ਪੁੱਤਰ ਹਰਭਜਨ ਸਿੰਘ, ਲਵਜੀਤ ਸਿੰਘ ਉਰਫ ਲੱਬੂ ਪੁੱਤਰ ਹਰਭਜਨ ਸਿੰਘ ਵਾਸੀਆਨ ਰੈਸ਼ੀਆਣਾ, ਮਿੰਦਰ ਸਿੰਘ ਉਰਫ ਮਿੰਦੀ ਪੁੱਤਰ ਸੁਬੇਗ ਸਿੰਘ ਵਾਸੀ ਪੱਖੋਕੇ, ਆਕਾਸ਼ ਪੁੱਤਰ ਮਿੰਦਰ ਸਿੰਘ ਵਾਸੀ ਪੱਖੋਕੇ, ਕਰਨ ਪੁੱਤਰ ਮਿੰਦਰ ਸਿੰਘ ਉਰਫ ਮਿੰਦੀ ਵਾਸੀ ਪੱਖੋਕੇ, ਬੱਗੋ ਵਾਸੀ ਚਮਰਰੰਗ ਰੋਡ ਅੰਮ੍ਰਿਤਸਰ ਜੋ ਤੇਜ਼ਧਾਰ ਮਾਰੂ ਹਥਿਆਰਾਂ ਸਣੇ ਮੋਟਰਸਾਈਕਲਾਂ ’ਤੇ ਸਵਾਰ ਸਨ ਵਲੋਂ ਲਲਕਾਰਾ ਮਾਰਦੇ ਹੋਏ ਕਸ਼ਮੀਰ ਸਿੰਘ ਉੱਪਰ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਕਸ਼ਮੀਰ ਸਿੰਘ ਦੇ ਸੱਜੇ ਕੰਨ ਅਤੇ ਸਿਰ ਉੱਪਰ ਜ਼ੋਰਦਾਰ ਸੱਟ ਲੱਗਣ ਕਾਰਨ ਸ਼ਨੀਵਾਰ ਕਸ਼ਮੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਚਾਚੇ ਵਲੋਂ ਦਿੱਤੇ ਬਿਆਨਾਂ ਦੇ ਆਧਾਰ ਉੱਪਰ 6 ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਬਾਬਾ ਬਰਫਾਨੀ ਦੀ ਲਗਨ 'ਚ ਲੀਨ 69 ਸਾਲਾ ਦਸ਼ਵੰਤੀ, ਸਰਕਾਰੀ ਨੌਕਰੀ ਛੱਡ 25 ਸਾਲਾਂ ਤੋਂ ਕਰ ਰਹੀ ਸੇਵਾ
ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ’ਚ ਪੁਲਸ ਨੇ ਤਫ਼ਤੀਸ਼ ਨੂੰ ਤੇਜੀ ਨਾਲ ਅੱਗੇ ਵਧਾਉਂਦੇ ਹੋਏ 12 ਘੰਟਿਆਂ ਅੰਦਰ ਮੁੱਖ ਮੁਲਜ਼ਮ ਪਿਆਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਪਾਸੋਂ ਕਤਲ ਲਈ ਵਰਤੇ ਗਏ ਦਾਤਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਨਯੋਗ ਅਦਾਲਤ ਪਾਸੋਂ ਹਾਸਲ ਕੀਤੇ ਗਏ ਚਾਰ ਦਿਨਾਂ ਰਿਮਾਂਡ ਦੌਰਾਨ ਸ਼ੁਰੂ ਕੀਤੀ ਗਈ ਸੀ, ਜਿਸ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਪਿੰਡ ਦੀ ਦਰਗਾਹ ਨਜ਼ਦੀਕ ਪਿਆਰਾ ਸਿੰਘ ਅਤੇ ਕਸ਼ਮੀਰ ਸਿੰਘ ਦਰਮਿਆਨ ਤੂੰ-ਤੂੰ ਮੈਂ-ਮੈਂ ਹੋਈ ਸੀ, ਜਿਸ ਦੇ ਚੱਲਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।