ਫ਼ਾਇਰਿੰਗ ਕਰ ਪਿੰਡ ’ਚ ਦਹਿਸ਼ਤ ਫੈਲਾਉਣ ਦਾ ਮਾਮਲਾ, ਪਿੰਡ ਵਾਸੀਆਂ ਨੇ ਪੁਲਸ ਨੂੰ ਦਰਖ਼ਾਸਤ ਦੇ ਕੇ ਮੰਗਿਆ ਇਨਸਾਫ਼
Thursday, Feb 13, 2025 - 02:53 PM (IST)
![ਫ਼ਾਇਰਿੰਗ ਕਰ ਪਿੰਡ ’ਚ ਦਹਿਸ਼ਤ ਫੈਲਾਉਣ ਦਾ ਮਾਮਲਾ, ਪਿੰਡ ਵਾਸੀਆਂ ਨੇ ਪੁਲਸ ਨੂੰ ਦਰਖ਼ਾਸਤ ਦੇ ਕੇ ਮੰਗਿਆ ਇਨਸਾਫ਼](https://static.jagbani.com/multimedia/2025_2image_14_53_002713303untitled12345.jpg)
ਅਜਨਾਲਾ (ਬਾਠ)- ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਕੋਟਲੀ ਜਮੀਅਤ ਸਿੰਘ ਦੇ ਵਾਸੀ ਲਵਪ੍ਰੀਤ ਸਿੰਘ ਪੁੱਤਰ ਗੁਰਮੁਖ ਸਿੰਘ ਨੇ ਥਾਣਾ ਰਮਦਾਸ ਦੇ ਐੱਸ. ਐੱਚ. ਓ. ਅਰਜੁਨ ਕੁਮਾਰ ਨੂੰ ਦਿੱਤੀ ਦਰਖਾਸਤ ਵਿਚ ਦੋਸ਼ ਲਾਇਆ ਕਿ ਕਥਿਤ ਤੌਰ ’ਤੇ ਹਰਪ੍ਰੀਤ ਸਿੰਘ ਪੁੱਤਰ ਸਤਪਾਲ ਸਿੰਘ, ਅਮਰਬੀਰ ਸਿੰਘ ਪੁੱਤਰ ਹਰਪਾਲ ਸਿੰਘ, ਵਰਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਕੋਟਲੀ ਜਮੀਅਤ ਸਿੰਘ ਵੱਲੋਂ ਰਾਤ ਸਮੇਂ ਪਿੰਡ ਵਿਚ ਵਿਆਹ ਸਮਾਗਮ ਦੀ ਆੜ ’ਚ ਟਰੈਕਟਰ ਅਤੇ ਗੱਡੀਆਂ ’ਤੇ ਸਵਾਰ ਹੋ ਕੇ ਪਿੰਡ ਦੇ ਚਾਰ ਚੁਫੇਰੇ ਅਸ਼ਲੀਲ ਗਾਣੇ ਲਗਾ ਕੇ ਘੁੰਮਦਿਆਂ ਗੋਲੀਆਂ ਚਲਾਉਣ ਅਤੇ ਗੁੰਡਾਗਰਦੀ ਕਰਦਿਆਂ ਮੇਰਾ ਨਾਂ ਲੈ ਕੇ ਸ਼ਰੇਆਮ ਗੰਦੀਆਂ ਗਾਲਾਂ ਕੱਢਣ ਉਪਰੰਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਲਲਕਾਰੇ ਮਾਰਦੇ ਰਹੇ।
ਇਹ ਵੀ ਪੜ੍ਹੋ- ਸਰਕਾਰੀ ਬਾਬੂ ਜ਼ਰਾ ਹੋ ਜਾਓ ਹੁਸ਼ਿਆਰ, ਜਾਰੀ ਹੋ ਗਏ ਅਹਿਮ ਹੁਕਮ
ਪੀੜਤ ਧਿਰ ਦੇ ਵਿਅਕਤੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਸੇ ਵੇਲੇ 181 ਨੰਬਰ ’ਤੇ ਕਾਲ ਕਰ ਕੇ ਸਬੰਧਤ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਉਸੇ ਵੇਲੇ ਹੀ ਥਾਣਾ ਰਮਦਾਸ ਦੀ ਪੁਲਸ ਨੂੰ ਵੀ ਫੋਨ ’ਤੇ ਸੂਚਿਤ ਕੀਤਾ ਜਿਸ ਤੋਂ ਬਾਅਦ ਹਰਕਤ ’ਚ ਆਉਂਦਿਆਂ ਥਾਣਾ ਰਮਦਾਸ ਦੀ ਪੁਲਸ ਨੇ ਮੌਕੇ ਦਾ ਜਾਇਜ਼ਾ ਲਿਆ ਪਰ ਫਿਰ ਵੀ ਦਹਿਸ਼ਤ ਫੈਲਾਉਣ ਵਾਲੇ ਉਕਤ ਵਿਅਕਤੀਆਂ ਦੇ ਹੌਸਲੇ ਬੁਲੰਦ ਰਹੇ ਅਤੇ ਉਹ ਪੁਲਸ ਦੀਆਂ ਆਈਆਂ ਹੋਈਆਂ ਗੱਡੀਆਂ ਨਾਲ ਹੀ ਵੀਡੀਓ ਬਣਾ ਕੇ ਰੀਲਾਂ ਅਪਲੋਡ ਕਰਦੇ ਰਹੇ, ਜੋ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਪੇਜ ’ਤੇ ਅਪਲੋਡ ਹੁੰਦੀਆਂ ਰਹੀਆਂ ਹਨ ਅਤੇ ਉਹ ਸਾਰੀਆਂ ਹੀ ਵੀਡੀਓ ਅਸੀਂ ਡਾਊਨਲੋਡ ਕਰ ਕੇ ਥਾਣਾ ਰਮਦਾਸ ਦੀ ਪੁਲਸ ਨੂੰ ਦੇ ਦਿੱਤੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਵਿਆਹ ਸਮਾਗਮ ਦੀ ਆੜ ਹੇਠ ਲਹਿਰਾਏ ਗਏ ਹਥਿਆਰ ਅਤੇ ਕੀਤੀ ਗਈ ਨਾਜਾਇਜ਼ ਫਾਇਰਿੰਗ ਦੇ ਵਿਰੁੱਧ ਥਾਣਾ ਰਮਦਾਸ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਂਦਿਆਂ ਕਥਿਤ ਦੋਸ਼ੀਆਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਇਸ ਸਬੰਧੀ ਜਦੋਂ ਮੌਕੇ ਦੀ ਪੜਤਾਲ ਕਰ ਰਹੇ ਏ. ਐੱਸ. ਆਈ. ਮੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਐੱਸ. ਐੱਚ. ਓ. ਅਰਜੁਨ ਕੁਮਾਰ ਜੀ ਦੇ ਧਿਆਨ ਵਿੱਚ ਹੈ ਅਤੇ ਉਹ ਜੋ ਵੀ ਕਾਰਵਾਈ ਕਹਿਣਗੇ ਉਹ ਕਰ ਦਿੱਤੀ ਜਾਏਗੀ ਪਰ ਉਨ੍ਹਾਂ (ਮੋਹਨ ਸਿੰਘ)ਨੂੰ ਇਸ ਸਬੰਧੀ ਕੁਝ ਵੀ ਨਹੀਂ ਪਤਾ ਕਿ ਜੇ ਵਿਆਹ ਸਮਾਗਮ ਵਿਚ ਜਾਂ ਕਿਸੇ ਹੋਰ ਪਬਲਿਕ ਜਗ੍ਹਾ ’ਤੇ ਵੀ ਫਾਇਰਿੰਗ ਕਰਕੇ ਅਤੇ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਜਾਂਦੀਆਂ ਹਨ ਤਾਂ ਉਹਨਾਂ ਉੱਤੇ ਕੀ ਕਾਨੂੰਨੀ ਕਾਰਵਾਈ ਬਣਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ 'ਚ ਸੇਵਾ ਕਰ ਰਹੇ ਸੇਵਾਦਾਰ ਦੀ ਮੌਤ
ਇਸ ਸਬੰਧੀ ਜਦੋਂ ਥਾਣਾ ਰਮਦਾਸ ਦੇ ਐੱਸ. ਐੱਚ. ਓ. ਅਰਜੁਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਇਹ ਏ. ਐੱਸ. ਆਈ. ਮੋਹਨ ਸਿੰਘ ਦੇ ਧਿਆਨ ਵਿੱਚ ਹੈ ਅਤੇ ਉਹ ਸਬੰਧਤ ਦੋਵਾਂ ਧਿਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਨਗੇ। ਉਪਰੰਤ ਉਨ੍ਹਾਂ ਇਹ ਵੀ ਕਿਹਾ ਕਿ ਜਨਤਕ ਤੌਰ ’ਤੇ ਕਿਤੇ ਵੀ ਆਪਣੇ ਲਾਇਸੈਂਸੀ ਹਥਿਆਰ ਨਾਲ ਫਾਇਰਿੰਗ ਕਰਕੇ ਵੀਡੀਓ ਅਪਲੋਡ ਕਰਨ ਦਾ ਕੋਈ ਵੀ ਕਾਨੂੰਨ ਰਾਹ ਨਹੀਂ ਹੈ ਅਤੇ ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਉਸਦੇ ਉੱਤੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8