ਚਾਰ ਪਿਆਰਿਆਂ ਨੇ ਵਿਰਸਾ ਸਿੰਘ ਵਲਟੋਹਾ ’ਤੇ ਲਾਈ ਸਵਾਲਾਂ ਦੀ ਝੜੀ

01/25/2024 11:18:30 AM

ਅੰਮ੍ਰਿਤਸਰ (ਸਰਬਜੀਤ)- ਪੰਜ ਪਿਆਰੇ ਸਿੰਘ ਸਾਹਿਬਾਨਾਂ ਵਿੱਚੋਂ ਚਾਰ ਪਿਆਰਿਆਂ ਨੇ ਸੰਗਤ ਦੀ ਆਵਾਜ਼ ਦਾ ਹਵਾਲਾ ਦਿੰਦੇ ਹੋਏ ਵਿਰਸਾ ਸਿੰਘ ਵਲਟੋਹਾ ਨੂੰ ਸਵਾਲ ਕੀਤਾ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ’ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲਾ ਬਾਦਲਾਂ ਦੀ ਸੋਚ ਦਾ ਪਹਿਰੇਦਾਰ ਕਿਵੇਂ ਬਣ ਗਿਆ, ਜਦਕਿ ਇਨ੍ਹਾਂ ਦੋਵਾਂ ਵਿਚਾਲੇ ਕੋਈ ਆਪਸੀ ਮੇਲ ਨਹੀਂ ਹੈ।

ਚਾਰ ਪਿਆਰਿਆਂ ਨੇ ਸਾਂਝੇ ਤੌਰ ’ਤੇ ਵਿਰਸਾ ਸਿੰਘ ਨੂੰ ਸਵਾਲ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ, ਮਾਸੜ ਮਨਜੀਤ ਸਿੰਘ ਅਤੇ ਪਾਣੀਆਂ ਦੇ ਰਾਖੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਅਤੇ ਹਜ਼ਾਰਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਅਤੇ ਭਾਈ ਅਨੋਖ ਸਿੰਘ ਦੇ ਕਾਤਲ ਅਜ਼ਹਾਰ ਆਲਮ ਨੂੰ ਬਾਦਲਾਂ ਨੇ ਤਰੱਕੀਆਂ ਕਿਉਂ ਦਿੱਤੀਆਂ? ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਪੰਥ ਨੂੰ ਇਹ ਵੀ ਦੱਸੇ ਕਿ ਅੰਮ੍ਰਿਤਸਰ ’ਚ 1978 ਨੂੰ ਬਾਦਲ ਸਰਕਾਰ ਵੇਲੇ ਅਤੇ ਨਕੋਦਰ ਵਿੱਚ 1986 ’ਚ ਬਰਨਾਲਾ ਸਰਕਾਰ ਵੇਲੇ ਕ੍ਰਮਵਾਰ 13 ਅਤੇ 4 ਸਿੰਘਾਂ ਨੂੰ ਸ਼ਹੀਦ ਕਰਨ ਲਈ ਜ਼ਿੰਮੇਵਾਰ ਕੌਣ ਸੀ?

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਕਰਾਈ ਤੌਬਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਦਾ ਇਹ ਵੀ ਦੱਸਣਾ ਬਣਦਾ ਹੈ ਕਿ 1986 ਦੇ ਨਕੋਦਰ ਗੋਲੀਕਾਂਡ ਲਈ ਜ਼ਿੰਮੇਵਾਰ ਡੀ. ਸੀ. ਨੂੰ ਅਕਾਲੀ ਦਲ ਨੇ ਚੋਣ ਕਿਉਂ ਲੜਾਈ ਅਤੇ ਐੱਸ. ਐੱਸ. ਪੀ. ਅਜ਼ਹਾਰ ਆਲਮ ਦੀ ਪਤਨੀ ਨੂੰ ਅਕਾਲੀ ਦਲ ਵਿਚ ਅਹਿਮ ਅਹੁਦਾ ਕਿਉਂ ਦਿੱਤਾ?ਉਨ੍ਹਾਂ ਦੋਸ਼ ਲਾਇਆ ਕਿ ਵਿਰਸਾ ਸਿੰਘ ਪੰਥ ਵਿਰੋਧੀਆਂ ਦੇ ਇਸ਼ਾਰੇ ’ਤੇ ਧਾਰਮਿਕ ਸ਼ਖਸੀਅਤਾਂ ਦੀ ਕਿਰਦਾਰਕੁਸ਼ੀ ਕਰ ਕੇ ਸਿੱਖ ਭਾਈਚਾਰੇ ਦਾ ਨੁਕਸਾਨ ਕਰਨ ਦਾ ਵੱਡਾ ਗੁਨਾਹਗਾਰ ਰਿਹਾ ਹੈ, ਜਿਸ ਦਾ ਮੰਤਵ ਹੈ ਕਿ ਉਸ ਦੇ ਨਜ਼ਦੀਕੀ ਰਹੇ ਸਵਰਨ ਸਿੰਘ ਘੋਟਣਾ ਵੱਲੋਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ-ਕੋਹ ਕੇ ਮਾਰਨ ਦੇ ਮਸਲੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ।

ਇਹ ਵੀ ਪੜ੍ਹੋ : ਦਵਾਈ ਦੇਣ ਤੋਂ ਇਨਕਾਰ ਕਰਨ 'ਤੇ ਪਤਨੀ ਨੇ ਪਤੀ ਦਾ ਕਰ 'ਤਾ ਕਤਲ

ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਵਿਚ ਆਪਣਾ ਸਿਆਸੀ ਆਧਾਰ ਗਵਾਉਣ ਕਾਰਨ ਸਿਰਫ਼ ਤਿੰਨ ਸੀਟਾਂ ’ਤੇ ਸਿਮਟ ਜਾਣ ਦੇ ਬਾਵਜੂਦ ਅਕਾਲੀ ਦਲ ਦਾ ਬੁਲਾਰਾ ਵਲਟੋਹਾ ਜ਼ਰੂਰਤ ਤੋਂ ਵੱਧ ਜ਼ੁਬਾਨ ਚਲਾ ਕੇ ਸਿੱਖ ਸਿਆਸਤ ਨੂੰ ਅੱਗੇ ਤੋਰਨ ਦੀ ਥਾਂ ਪਿੱਛੇ ਨੂੰ ਖਿੱਚ ਰਿਹਾ ਹੈ, ਜਿਸ ਬਾਰੇ ਸੁਹਿਰਦ ਪੰਥਕ ਸਿਆਸਤਦਾਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ: ਅਮਰੀਕਾ ਦੇ ਜੋੜੇ ਨੇ ਜਲੰਧਰ ਤੋਂ 3 ਸਾਲਾ ਦਿਵਿਆਂਗ ਬੱਚੀ ਨੂੰ ਲਿਆ ਗੋਦ

ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਪੰਥ ਨੂੰ ਇਹ ਜ਼ਰੂਰ ਦੱਸੇ ਕਿ ਭਾਜਪਾ ਨਾਲ ਭਾਈਵਾਲੀ ਸਮੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਸਮੇਂ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰਵਾਈ ਅਤੇ ਪੰਜਾਬ ਵਿਚ ਝੂਠੇ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਸ ਅਫ਼ਸਰਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ? ਦੋ ਵਾਰ ਵਿਧਾਇਕ ਰਿਹਾ ਵਿਰਸਾ ਸਿੰਘ ਇਹ ਵੀ ਦੱਸੇ ਕਿ ਉਸ ਨੇ ਵਿਧਾਨ ਸਭਾ ਵਿਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿਉਂ ਨਹੀਂ ਸੀ ਉਠਾਇਆ? ਉਨ੍ਹਾਂ ਵਿਰਸਾ ਸਿੰਘ ਵਲਟੋਹਾ ਨੂੰ ਇਹ ਵੀ ਸਵਾਲ ਕੀਤਾ ਕਿ ਉਹ ਦੱਸੇ ਕਿ ਪੁਲਸ ਦੇ ਉੱਚ ਅਧਿਕਾਰੀ ਓ. ਪੀ. ਸ਼ਰਮਾ, ਇਕਬਾਲ ਸਿੰਘ ਲਾਲਪੁਰਾ, ਅਜ਼ਹਾਰ ਆਲਮ, ਸਵਰਨ ਸਿੰਘ ਘੋਟਣਾ ਨਾਲ ਉਸ ਦੇ ਗੁਪਤ ਸਬੰਧ ਕਿਹੋ ਜਿਹੇ ਸਨ? ਕੀ ਉਹ ਦੱਸ ਸਕਦਾ ਹੈ ਕਿ ਦਿੱਲੀ ਦੇ ਮਨਚੰਦਾ ਕਤਲ ਕੇਸ ਵਿੱਚ ਉਸ ਦੀ ਜ਼ਮਾਨਤ ਕਿਸ ਨੇ ਦਿੱਤੀ ਤੇ ਅੱਜ ਉਸ ਦੀ ਵਫਾਦਾਰੀ ਉਨ੍ਹਾਂ ਪ੍ਰਤੀ ਕਿੰਨੀ ਹੈ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News