ਸਮਾਜ ਵਿਰੋਧੀ ਅਨਸਰਾਂ ’ਤੇ ਭਾਰੀ ਰਹੀ ਪੰਜਾਬ ਪੁਲਸ, ਇਸ ਸਾਲ ਗੈਂਗਸਟਰਾਂ ਤੇ ਸਮੱਗਲਰਾਂ ਦਾ ਕਾਰੋਬਾਰ ਰਿਹਾ ‘ਠੰਡਾ’

12/24/2023 6:31:55 PM

ਗੁਰਦਾਸਪੁਰ(ਹਰਮਨ)- ਕੁਝ ਦਿਨਾਂ ਬਾਅਦ ਖ਼ਤਮ ਹੋ ਰਿਹਾ ਸਾਲ-2023 ਗੁਰਦਾਸਪੁਰ ਜ਼ਿਲ੍ਹੇ ਲਈ ਕਈ ਇਤਿਹਾਸਿਕ ਯਾਦਾਂ ਛੱਡ ਕੇ ਜਾ ਰਿਹਾ ਹੈ। ਇਸ ਪੂਰੇ ਵਰ੍ਹੇ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਗੁਰਦਾਸਪੁਰ ਜ਼ਿਲ੍ਹੇ ਦੀ ਪੁਲਸ ਨੇ ਪੱਬਾਂ ਭਾਰ ਹੋ ਕੇ ਜ਼ੋਰ ਲਗਾਇਆ ਹੈ, ਜਿਸ ਦੇ ਨਤੀਜੇ ਵਜੋਂ ਇਸ ਵਰ੍ਹੇ ਪੁਲਸ ਦਾ ਡੰਡਾ ਸਮਾਜ ਵਿਰੋਧੀ ਅਨਸਰਾਂ ’ਤੇ ਭਾਰੀ ਰਿਹਾ। ਜ਼ਿਲ੍ਹੇ ਅੰਦਰ ਪੁਲਸ ਦੀ ਸਖ਼ਤੀ ਕਾਰਨ ਗੈਂਗਸਟਰਾਂ ਤੇ ਨਸ਼ਾ ਸਮੱਗਲਰਾਂ ਦਾ ਕਾਰੋਬਾਰ ਠੰਡਾ ਰਿਹਾ ਹੈ।

ਜ਼ਿਲ੍ਹਾ ਪੁਲਸ ਵੱਲੋਂ ਐੱਸ. ਐੱਸ. ਪੀ. ਹਰੀਸ਼ ਦਯਾਮਾ ਦੀ ਅਗਵਾਈ ਹੇਠ ਪੁਲਸ ਨੇ ਜਿਥੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਈ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਵੱਡੀ ਮਾਤਰਾ ਵਿਚ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਨਾਲ ਹੀ ਇਸ ਵਾਰ ਗੈਂਗਸਟਰਾਂ ਤੇ ਸਰਹੱਦ ਪਾਰੋਂ ਹਥਿਆਰ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰਾਂ ਖ਼ਿਲਾਫ਼ ਵੀ ਸ਼ਿਕੰਜਾ ਕੱਸਿਆ ਹੈ। ਇਸੇ ਤਰ੍ਹਾਂ ਜੂਆ ਖੇਡਣ ਵਾਲਿਆਂ ਸਮੇਤ ਹੋਰ ਗੈਰ ਕਾਨੂੰਨੀ ਕਾਰਵਾਈਆਂ ਕਰਨ ਵਾਲਿਆਂ ਨੂੰ ਵੀ ਪੁਲਸ ਨੇ ਸਖ਼ਤੀ ਕਰਕੇ ਨੱਥ ਪਾਈ ਹੈ। ਇਸ ਸਾਲ ਦੌਰਾਨ ਪੰਜਾਬ ਦੇ ਡੀਜੀਪੀ ਨੇ ਦੋ ਵਾਰ ਜ਼ਿਲ੍ਹੇ ਦਾ ਦੌਰਾ ਕੀਤਾ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ

ਐੱਸ. ਐੱਸ. ਪੀ. ਹਰੀਸ਼ ਦਾਯਮਾ ਨੇ ਦੱਸਿਆ ਕਿ ਇਸ ਪੂਰੇ ਸਾਲ ਦੌਰਾਨ ਹੁਣ ਤੱਕ ਐੱਨ. ਡੀ. ਪੀ. ਐੱਸ. ਐਕਟ ਤਹਿਤ 212 ਮੁਕੱਦਮੇ ਦਰਜ ਕਰ ਕੇ 353 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਕੋਲੋਂ 48 ਕਿਲੋ 161 ਗ੍ਰਾਮ 364 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਦੋਂ ਕਿ 700 ਕੈਪਸੂਲ, 16929 ਨਸ਼ੀਲੀਆਂ ਗੋਲੀਆਂ, 162 ਕਿਲੋ 890 ਗ੍ਰਾਮ ਚੂਰਾ ਪੋਸਤ, 47 ਕਿਲੋ 710 ਗ੍ਰਾਮ ਪੋਸਤ ਦੇ ਹਰੇ ਪੌਦੇ, 04 ਕਿਲੋ 520 ਗ੍ਰਾਮ ਅਫੀਮ, 03 ਕਿਲੋ 400 ਗ੍ਰਾਮ ਚਰਸ ਅਤੇ 1 ਕਰੋੜ 72 ਲੱਖ 88 ਹਜ਼ਾਰ 10 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।

PunjabKesari

ਉਨ੍ਹਾਂ ਦੱਸਿਆ ਕਿ ਪੂਰੇ ਸਾਲ ਦੌਰਾਨ ਪੁਲਸ ਨੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਸ਼ਹਿਰੀ ਅਤੇ ਦਿਹਾਤੀ ਖੇਤਰ ਵਿਚ ਚੌਕਸੀ ਰੱਖੀ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਜੇਕਰ ਇਸ ਤੋਂ ਪਿਛਲੇ ਸਾਲ 2022 ਦੀ ਗੱਲ ਕੀਤੀ ਜਾਵੇ ਤਾਂ ਪੁਲਸ ਨੇ ਜ਼ਿਲ੍ਹੇ ਅੰਦਰ ਐੱਨ. ਡੀ. ਪੀ. ਐੱਸ. ਐਕਟ ਤਹਿਤ 263 ਮਾਮਲੇ ਦਰਜ ਕਰ ਕੇ 398 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਇਆ ਸਾਹਮਣੇ, ਲੰਡਨ ਦੀ ਰਹਿਣ ਵਾਲੀ ਹੈ ਔਰਤ

ਪੁਲਸ ਮੁਖੀ ਹਰੀਸ਼ ਦਾਯਮਾ ਨੇ ਦੱਸਿਆ ਕਿ ਪੁਲਸ ਨੇ ਨਾਜਾਇਜ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਵੀ ਸਖ਼ਤੀ ਕੀਤੀ ਹੈ, ਜਿਸ ਤਹਿਤ ਜ਼ਿਲ੍ਹੇ ਅੰਦਰ ਸਾਲ ਆਬਕਾਰੀ ਐਕਟ ਅਧੀਨ ਸਾਲ 2023 ਦੌਰਾਨ 265 ਮੁਕੱਦਮੇ ਦਰਜ ਕਰ ਕੇ 285 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਕੋਲੋਂ 3491.620 ਲਿਟਰ ਨਾਜ਼ਾਇਜ਼ ਸ਼ਰਾਬ ਬਰਾਮਦ ਹੋਈ। ਇਸੇ ਤਰ੍ਹਾਂ 3928.500 ਲਿਟਰ ਠੇਕਾ ਸ਼ਰਾਬ, 590 ਲਿਟਰ ਐਲਕੋਹਲ, 10162 ਕਿਲੋ ਲਾਹਣ ਅਤੇ 13 ਚਾਲੂ ਭੱਠੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

80 ਭਗੌੜੇ ਕੀਤੇ ਗ੍ਰਿਫ਼ਤਾਰ

ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਾਲ ਪੁਲਸ ਨੇ ਪੂਰੇ ਜ਼ਿਲ੍ਹੇ ਅੰਦਰ ਵੱਖ-ਵੱਖ ਕੇਸਾਂ ’ਚ ਲੋੜੀਂਦੇ 80 ਭਗੌੜੇ ਕਾਬੂ ਕੀਤੇ ਹਨ। ਇਹ ਦੋਸ਼ੀ ਵੱਖ-ਵੱਖ ਅਦਾਲਤਾਂ ਵੱਲੋਂ ਪੀ. ਓ. ਕਰਾਰ ਦਿੱਤੇ ਗਏ ਸਨ, ਜਿਨ੍ਹਾਂ ਨੂੰ ਪੁਲਸ ਦੀਆਂ ਟੀਮਾਂ ਨੇ ਸਖ਼ਤ ਮਿਹਨਤ ਕਰ ਕੇ ਕਾਬੂ ਕੀਤਾ। ਪੁਲਸ ਨੇ ਜੂਆ ਐਕਟ ਤਹਿਤ ਸਾਲ 2023 ਦੌਰਾਨ 17 ਮੁਕੱਦਮੇ ਦਰਜ ਕਰ ਕੇ 52 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 16 ਲੱਖ 63 ਹਜ਼ਾਰ 50 ਰੁਪਏ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ- ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ, ਡਾਕਟਰਾਂ ਤੇ ਸਟਾਫ਼ ਨੂੰ ਦਿੱਤੀ ਇਹ ਹਦਾਇਤ

ਵਾਹਨ ਚੋਰਾਂ ਖ਼ਿਲਾਫ਼ ਸਖ਼ਤ ਸ਼ਿਕੰਜਾ

ਐੱਸ. ਐੱਸ. ਪੀ. ਨੇ ਦੱਸਿਆ ਕਿ ਜ਼ਿਲੇ ਅੰਦਰ ਲੁੱਟਾਂ ਖੋਹਾਂ ਅਤੇ ਵਾਹਨ ਚੋਰੀ ਕਰਨ ਵਾਲੇ ਚੋਰ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਸਨ, ਜਿਨ੍ਹਾਂ ਖ਼ਿਲਾਫ਼ ਸਖ਼ਤੀ ਕਰਦੇ ਹੋਏ ਜ਼ਿਲ੍ਹਾ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਾਲ ਦੌਰਾਨ ਪੁਲਸ ਨੇ ਵੱਖ-ਵੱਖ ਚੋਰਾਂ ਵੱਲੋਂ ਚੋਰੀ ਕੀਤੇ ਗਏ 126 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ 1 ਟਰੈਕਟਰ, 8 ਕਾਰਾਂ ਅਤੇ 8 ਸਕੂਟਰੀਆਂ ਸਮੇਤ ਹੋਰ ਕੀਮਤੀ ਸਾਮਾਨ ਵੀ ਬਰਾਮਦ ਕੀਤਾ ਗਿਆ। ਪੁਲਸ ਨੇ ਚੋਰੀ ਦੇ ਮੁਕੱਦਮਿਆਂ ’ਚ 42 ਲੱਖ 26 ਹਜ਼ਾਰ 550 ਰੁਪਏ ਦੀ ਪ੍ਰਾਪਰਟੀ ਰਿਕਵਰ ਕੀਤੀ ਹੈ।

ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਕੀਤੀ ਸਖ਼ਤੀ

ਐੱਸ. ਐੱਸ. ਪੀ. ਨੇ ਦੱਸਿਆ ਕਿ ਟ੍ਰੈਫ਼ਿਕ ਨਿਯਮਾ ਦੀ ਉਲੰਘਣਾ ਕਰਨ 'ਤੇ ਜ਼ਿਲ੍ਹੇ ਅੰਦਰ 20790 ਚਲਾਨ ਕੀਤੇ ਗਏ ਅਤੇ 1 ਕਰੋੜ 40 ਲੱਖ 68 ਹਜ਼ਾਰ 300 ਰੁਪਏ ਕੀਤਾ ਗਿਆ। ਇਸੇ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਤੇ ਹੋਰ ਜਨਤਕ ਥਾਵਾਂ ’ਤੇ ਸੈਮੀਨਾਰ ਵੀ ਲਗਾਏ ਗਏ, ਜਿਨਾਂ ਦੌਰਾਨ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਖਾਸ ਤੌਰ ’ਤੇ ਹੈਲਮੇਟ, ਸੀਟ ਬੈਲਟ, ਲਾਇਸੈਂਸ ਆਦਿ ਦੀ ਮਹੱਤਤਾ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ- ਪੁਲਸ ਐਨਕਾਊਂਟਰ 'ਚ ਜ਼ਖ਼ਮੀ ਗੈਂਗਸਟਰ ਰਾਜੂ ਦੀ ਕੱਟਣੀ ਪੈ ਸਕਦੀ ਹੈ ਲੱਤ, ਪੀ.ਜੀ.ਆਈ ਰੈਫ਼ਰ

ਆਰਮਜ ਐਕਟ ਦੀ ਉਲੰਘਣਾ ਸਬੰਧੀ ਜ਼ੀਰੋ ਟੋਲਰੈਂਸ

ਐੱਸ. ਐੱਸ. ਪੀ. ਹਰੀਸ਼ ਦਾਯਮਾ ਨੇ ਦੱਸਿਆ ਕਿ ਸਾਲ 2023 ਦੌਰਾਨ ਨਾਜਾਇਜ਼ ਹਥਿਆਰ ਰੱਖਣ ਤੇ ਵਰਤਣ ਵਾਲਿਆਂ ਖ਼ਿਲਾਫ਼ ਵੀ ਸਖ਼ਤੀ ਕੀਤੀ ਗਈ ਹੈ, ਜਿਸ ਤਹਿਤ ਪੂਰੇ ਸਾਲ ਦੌਰਾਨ ਆਰਮਜ ਐਕਟ ਤਹਿਤ 19 ਮੁਕੱਦਮੇ ਦਰਜ ਕੀਤੇ ਹਨ ਅਤੇ 63 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੋਸ਼ੀਆਂ ਕੋਲੋਂ 41 ਪਿਸਟਲ, 3 ਦੇਸੀ ਕੱਟੇ, 253 ਜਿੰਦਾ ਕਾਰਤੂਸ ਅਤੇ 45 ਮੈਗਜੀਨ ਵੀ ਬਰਾਮਦ ਕੀਤੇ ਗਏ ਹਨ।

ਗੈਂਗਸਟਰਾਂ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ

ਐੱਸ. ਐੱਸ. ਪੀ. ਨੇ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਂਦਿਆਂ ਪੂਰਾ ਸਾਲ ਸਖ਼ਤੀ ਕੀਤੀ ਹੈ। ਗੈਂਗਸਟਰਾਂ ਦੇ ਕਰੀਬੀਆਂ ਦੇ ਘਰਾਂ ਤੇ ਹੋਰ ਠਿਕਾਣਿਆਂ ’ਤੇ ਕਈ ਵਾਰ ਚੈਕਿੰਗ ਕੀਤੀ ਗਈ। 6 ਨਸ਼ਾ ਸਮੱਗਲਰਾਂ ਦੀ ਜਾਇਦਾਦ ਜ਼ਬਤ ਕਰਨ ਲਈ 68-ਐੱਫ਼ ਤਹਿਤ ਕੇਸ ਤਿਆਰ ਕੀਤੇ ਗਏ ਹਨ। ਆਉਣ ਵਾਲੇ ਸਾਲ ਦੌਰਾਨ ਵੀ ਪੁਲਸ ਇਸੇ ਤਰ੍ਹਾਂ ਸਖ਼ਤੀ ਵਰਤ ਕੇ ਕਿਸੇ ਵੀ ਗੈਂਗਸਟਰ ਨੂੰ ਸਿਰ ਚੁੱਕਣ ਦਾ ਮੌਕਾ ਨਹੀਂ ਦੇਵੇਗੀ।

ਨਸ਼ਾ ਵਿਰੁੱਧੀ ਜਾਗਰੂਕਤਾ ਮੁਹਿੰਮ ਵੀ ਰਹੀ ਜਾਰੀ

ਐੱਸ. ਐੱਸ. ਪੀ. ਹਰੀਸ਼ ਦਯਾਮਾ ਨੇ ਦੱਸਿਆ ਇਕ ਪੁਲਸ ਨੇ ਸਿਰਫ ਸਖਤੀ ਹੀ ਨਹੀਂ ਕੀਤੀ, ਸਗੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਰਾ ਸਾਲ ਮੁਹਿੰਮ ਚਲਾਈ ਹੈ। ਇਸ ਤਹਿਤ ਪੁਲਸ ਨੇ ਜ਼ਿਲੇ ਅੰਦਰ ਜਾਗਰੂਕਤਾ ਸੈਮੀਨਾਰ ਵੀ ਲਗਾਏ, ਜਿਨ੍ਹਾਂ ਵਿਚ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਤੇ ਨਸ਼ੇ ਵਰਗੀਆਂ ਆਦਤਾਂ ਤੋਂ ਦੂਰ ਰਹਿਣ ਲਈ ਪ੍ਰੇਰਤ ਕੀਤਾ ਗਿਆ। ਇਸ ਤਹਿਤ ਸਾਂਝ ਕੇਂਦਰ ਵੱਲੋਂ 301, ਪੀ. ਪੀ. ਐੱਮ. ਐੱਮ. ਵੱਲੋਂ 384 ਸੈਮੀਨਾਰ ਅਤੇ ਨਸ਼ਿਆਂ ਦੇ ਖ਼ਿਲਾਫ਼ ਲਗਾਏ 807 ਕੈਂਪਾਂ ਸਮੇਤ ਜ਼ਿਲ੍ਹੇ ਅੰਦਰ ਕੁੱਲ 1492 ਸੈਮੀਨਾਰ ਕਰਵਾਏ ਗਏ ਹਨ। ਪੁਲਸ ਨੇ 11 ਦਸੰਬਰ ਨੂੰ ਨਸ਼ਿਆਂ ਦੇ ਖ਼ਿਲਾਫ਼ ਮਿਸ਼ਨ ਨਿਸ਼ਚੇ ਚਲਾਇਆ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੁਲਸ ਨੇ ਮੈਰਾਥਨ ਦੌੜ ਅਤੇ ਕਲਚਰ ਪ੍ਰੋਗਰਾਮ ਵੀ ਕਰਵਾਇਆ।

ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਸਣੇ ਇਨ੍ਹਾਂ ਜ਼ਿਲ੍ਹਿਆਂ ਨੂੰ ਮੋਦੀ ਸਰਕਾਰ ਵੱਲੋਂ 'ਵੰਦੇ ਭਾਰਤ' ਰੇਲ ਦਾ ਤੋਹਫ਼ਾ

ਬੇਅਦਬੀ ਸਮੇਤ ਕਈ ਅਣਸੁਲਝੇ ਕੇਸ ਵੀ ਕੀਤੇ ਹੱਲ

ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਾਲ ਪੁਲਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਾਮਲੇ ਸਮੇਤ ਕਈ ਅਣਸੁਲਝੇ ਮੁਕੱਦਮੇ ਵੀ ਹੱਲ ਕੀਤੇ ਹਨ। 17.07.2023 ਨੂੰ ਕਸਬਾ ਬਹਿਰਾਮਪੁਰ ਵਿਖੇ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਕਿਸੇ ਅਣ-ਪਛਾਤੇ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕੀਤੀ ਸੀ। ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਘਟਨਾ ਦੀ ਜਾਂਚ ਕਰ ਕੇ ਬੇਅਦਬੀ ਦੇ ਦੋਸ਼ੀ ਨੂੰ ਟਰੇਸ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਪੁਲਸ ਨੇ ਲੁੱਟਾਂ-ਖੋਹਾਂ ਤੇ ਕਤਲਾਂ ਨਾਲ ਜੁੜੇ 6 ਦੇ ਕਰੀਬ ਗੰਭੀਰ ਅਤੇ ਚਰਚਿਤ ਮਸਲੇ ਹੱਲ ਕੀਤੇ ਹਨ।

ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਲਈ ਲਗਾਏ ਕੈਂਪ

ਐੱਸ. ਐੱਸ. ਪੀ. ਨੇ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਜ਼ਿਲਾ ਗੁਰਦਾਸਪੁਰ ਅੰਦਰ ਹੜ੍ਹ ਆਉਣ ਕਾਰਨ ਪੁਲਸ ਨੇ ਜਿਥੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ, ਨਾਲ ਹੀ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਵੀ ਕੀਤੀ। ਧੁੱਸੀ ਬੰਨ੍ਹ ਨੂੰ ਬਣਾਉਣ ਅਤੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦੇ ਨਾਲ-ਨਾਲ ਪੁਲਸ ਨੇ ਮੈਡੀਕਲ ਕੈਂਪ, ਰਾਹਤ ਸਮੱਗਰੀ ਦੇਣ ਸਮੇਤ ਹਰ ਤਰ੍ਹਾਂ ਦੇ ਕੰਮ ਵਿਚ ਵੱਡਾ ਯੋਗਦਾਨ ਪਾਇਆ।

ਐੱਸ. ਐੱਸ. ਪੀ. ਹਰੀਸ਼ ਦਾਯਮਾ ਨੇ ਦੀਵਾਲੀ ਮੌਕੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਨਾਕਿਆਂ ’ਤੇ ਜਾ ਕੇ ਮਠਿਆਈ ਵੰਡੀ ਅਤੇ ਪੁਲਸ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਘਰਾਂ ’ਚ ਮਠਿਆਈ ਪਹੁੰਚਾਉਣ ਵਰਗੀ ਪਹਿਲ ਕਦਮੀ ਵੀ ਕੀਤੀ। ਇਸੇ ਤਰ੍ਹਾਂ ਪੁਲਸ ਨੇ ਇਸ ਸਾਲ ਮੈਡੀਕਲ ਕੈਂਪ ਤੇ ਖੂਨ ਦਾਨ ਕੈਂਪ ਲਗਾ ਕੇ ਸਮਾਜ ਸੇਵਾ 'ਚ ਵੀ ਯੋਗਦਾਨ ਪਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News