‘ਡ੍ਰੈਗਨ’ ਡੋਰ ਨੇ ਕਰ ਦਿੱਤਾ ਰਵਾਇਤ ਪਤੰਗਬਾਜ਼ੀ ਦਾ ‘ਸੱਤਿਆਨਾਸ਼’, ਖੇਡ ਨੂੰ ਅਪਰਾਧ ਦੀ ਸ਼੍ਰੇਣੀ ’ਚ ਕੀਤਾ ਖੜ੍ਹਾ

Monday, Jan 15, 2024 - 11:29 AM (IST)

‘ਡ੍ਰੈਗਨ’ ਡੋਰ ਨੇ ਕਰ ਦਿੱਤਾ ਰਵਾਇਤ ਪਤੰਗਬਾਜ਼ੀ ਦਾ ‘ਸੱਤਿਆਨਾਸ਼’, ਖੇਡ ਨੂੰ ਅਪਰਾਧ ਦੀ ਸ਼੍ਰੇਣੀ ’ਚ ਕੀਤਾ ਖੜ੍ਹਾ

ਅੰਮ੍ਰਿਤਸਰ (ਇੰਦਰਜੀਤ)- ਭਾਰਤੀ ਪਤੰਗਬਾਜ਼ੀ ਦਾ ਇਕ ਪੁਰਾਣਾ ਇਤਿਹਾਸ ਹੈ। ਅੱਜ ਤੋਂ ਲਗਭਗ 2400 ਸਾਲ ਪਹਿਲਾਂ ਭਾਰਤ ’ਚ ਮੌਰਿਆ ਵੰਸ਼ ਦੀ ਸ਼ੁਰੂਆਤ ’ਚ ਚੀਨ ਦੇ ਇਕ ਦਾਰਸ਼ਨਿਕ ਮਾਓਤਸੇ ਨੇ ਪਤੰਗ ਦੀ ਖੋਜ ਕੀਤੀ ਸੀ। ਸਮੇਂ ਦੇ ਅੱਗੇ ਚੱਲਦੇ ਪਤੰਗਬਾਜ਼ੀ ਨੇ ਬਦਲਦੇ ਰੂਪ ’ਚ ਆਖਿਰ 16ਵੀਂ ਸਦੀ ’ਚ ਮੁਕਾਬਲੇਬਾਜ਼ੀ ਦਾ ਰੂਪ ਲਿਆ। ਪਹਿਲਾਂ ਪਹਿਲ ਪਤੰਗ ਨੂੰ ਖੁਸ਼ੀ ਦੇ ਮੌਕੇ ’ਤੇ ਲਹਿਰਾਉਣ ਵਾਲੀ ਚੀਜ਼ ਦੇ ਰੂਪ ’ਚ ਲਿਆ ਜਾਂਦਾ ਸੀ ਪਰ ਬਾਅਦ ’ਚ ਅਮੀਰ, ਜ਼ਿਮੀਂਦਾਰਾਂ ਅਤੇ ਰਾਜਿਆਂ ਤੱਕ ਨੇ ਇਸ ਨੂੰ ਆਪਣੇ ਮੁਕਾਬਲੇ ਦੇ ਸ਼ੌਂਕ ’ਚ ਆਊਟਡੋਰ ਸ਼ਤਰੰਜ ਦੀ ਤਰ੍ਹਾਂ ਸ਼ਾਮਲ ਕੀਤਾ।

ਉੱਥੇ ਹੀ ਅੱਜ-ਕੱਲ੍ਹ ਦੇ ਬਦਲਦੇ ਰੂਪ ’ਚ ਪਿਛਲੇ 20 ਸਾਲ ਤੋਂ ਪਲਾਸਟਿਕ ਦੀ ਚਾਈਨਾ ਡੋਰ ਨੇ ਇਸ ਵਿਚ ਸ਼ਮੂਲੀਅਤ ਹਾਸਲ ਕਰ ਕੇ ਇਸ ਖੇਡ ਦਾ ‘ਸੱਤਿਆਨਾਸ਼’ ਹੀ ਕਰ ਦਿੱਤਾ। ਨਤੀਜਾ ਇਹ ਕੱਢਿਆ ਹੈ ਕਿ ਹੁਣ ਇਕ ਡੋਰ ਸਰਕਾਰਾਂ ਤੋਂ ਵੀ ਰੋਕੇ ਨਹੀਂ ਰੁਕਦੀਆਂ, ਜਿਨ੍ਹਾਂ ਪਤੰਗਾਂ ਨੂੰ ਉਡਾਉਣ ਲਈ ਤਿਉਹਾਰ ਦੇ ਇਕ ਦਿਨ ਪਹਿਲਾਂ ਨੌਜਵਾਨ ਰਾਤ ਜਾਗ ਕੇ ਸਵੇਰੇ ਦੀ ਉਡੀਕ ਕਰਦੇ ਸਨ, ਉੱਥੇ ਹੀ ਅੱਜ ਇਹ ਖੇਡ ਚਾਈਨਾ ਡੋਰ ਨੇ ਅਪਰਾਧ ਦੀ ਸ਼੍ਰੇਣੀ ’ਚ ਖੜ੍ਹਾ ਕਰ ਦਿੱਤਾ ਹੈ। ਅੱਜ ਹਾਲਾਤ ਇਹ ਹਨ ਕਿ ਜੋ ਵਿਅਕਤੀ ਆਪਣੀ ਛੱਤ ’ਤੇ ਪਤੰਗ ਉਡਾ ਰਿਹਾ ਹੈ ਤਾਂ ਲੋਕ ਉਸ ਨੂੰ ਨਫ਼ਰਤ ਦੀਆਂ ਨਜ਼ਰਾਂ ਨਾਲ ਦੇਖਦੇ ਹਨ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ

‘ਮਾਂਝੇ ਦੀ ਡੋਰ’ ਨਾਲ ਮੈਦਾਨ ’ਚ ਹੁੰਦੇ ਸਨ ਮੁਕਾਬਲੇ

ਪਹਿਲਾਂ-ਪਹਿਲ ਪਤੰਗਾਂ ਸਿਰਫ਼ ਆਕਾਸ਼ ’ਚ ਲਹਿਰਾਉਣ ਅਤੇ ਤਿਉਹਾਰ ਆਦਿ ਦੀ ਖੁਸ਼ੀ ਮਨਾਉਣ ਲਈ ਉਡਾਈ ਜਾਂਦੀ ਸੀ। 16ਵੀਂ ਸਦੀ ’ਚ ਇਸ ਡੋਰ ’ਤੇ ਮਾਂਝਾ ਲਗਾਉਣ ਦੀ ਸ਼ੁਰੂਆਤ ਹੋਈ। ਸੂਤੀ ਧਾਗੇ ਦੇ ਉੱਪਰ ਪਹਿਲਾਂ ਚਾਵਲ ਅਤੇ ਮੈਦੇ ਦੀ ਲੇਈ ਦਾ ਇਸਤੇਮਾਲ ਕੀਤਾ ਜਾਂਦਾ ਸੀ। ਉਸ ਦੀ ਪਰਤ ਬਣਾਉਣ ਤੋਂ ਬਾਅਦ ਇਸ ਦੇ ਉੱਪਰ ਟੁੱਟੇ ਹੋਏ ਕੱਚ (ਸ਼ੀਸ਼ੇ) ਦਾ ਬਾਰੀਕ ਪਾਊਡਰ ਲਗਾਇਆ ਜਾਂਦਾ ਸੀ। ਇਸ ਸ਼ੀਸ਼ੇ ਦੇ ਪਾਊਡਰ ਦੇ ਧਾਗੇ ਨੂੰ ਡੋਰ ਦਾ ਨਾਂ ਦਿੱਤਾ ਜਾਂਦਾ ਸੀ ਜਿਸ ਨਾਲ ਪਤੰਗ ਉਡਾਈ ਜਾਂਦੀ ਸੀ। ‘ਮਾਂਝਾ’ ਦੇ ਲੱਗਣ ਨਾਲ ਬਣੀ ਹੋਈ ਡੋਰ ਆਪਸ ’ਚ ਟਕਰਾ ਕੇ ਇਕ ਦੂਜੇ ਨੂੰ ਕੱਟ ਕੇ ਪਤੰਗਬਾਜ਼ੀ ਦੀ ਜਿੱਤ ਹਾਰ ਦਾ ਫ਼ੈਸਲਾ ਕਰਦੀਆਂ ਸਨ। ਕਈ ਪੁਰਾਣੇ ਰਾਜੇ ਰੱਥ ’ਤੇ ਬੈਠ ਕੇ ਪਤੰਗਬਾਜ਼ੀ ਦਾ ਆਨੰਦ ਲੈਂਦੇ ਸਨ।

ਸੜਕਾਂ ਬਣਾਉਣ ਲਈ ਸਿੱਧੇ ਰਸਤੇ ਮਾਪਣ ਵਾਸਤੇ ਲਈ ਜਾਂਦੀ ਸੀ ਉੱਡਦੀ ਪਤੰਗ ਦੀ ਮਦਦ

ਦੱਸਿਆ ਜਾਂਦਾ ਹੈ ਕਿ ਪਹਿਲੀ ਸ਼ਤਾਬਦੀਆਂ ’ਚ ਜਦੋਂ ਵਿਗਿਆਨ ਇੰਨਾ ਉੱਨਤ ਨਹੀਂ ਹੁੰਦਾ ਸੀ ਤਾਂ ਕਈ ਵਾਰ ਉੱਡਦੀ ਪਤੰਗ ਦੀ ਮਦਦ ਲਈ ਜਾਂਦੀ ਸੀ। ਜੰਗਲੀ ਅਤੇ ਪਹੁੰਚ ਤੋਂ ਬਾਹਰ ਪਹਾੜੀ ਰਸਤਿਆਂ ’ਚ ਸ਼ਾਰਟਕਟ ਮਾਰਗ ਕੱਢਣ ਲਈ ਪਤੰਗ ਉਡਾਉਣ ਵਾਲੇ ਮਾਹਿਰ ਹਵਾ ਦਾ ਰੁਖ ਦੇਖ ਕੇ ਅਸਮਾਨ ’ਚ ਉੱਡਦੀ ਹੋਈ ਪਤੰਗ ਦੀ ਡੋਰ ਨੂੰ ਰਸਤੇ ਨੂੰ ਸਿੱਧਾ ਸਾਧਣ ਲਈ ਜ਼ਮੀਨ ਵੱਲ ਘੁੰਮਾ ਕੇ ਪਤੰਗ ਦੀ ਮਦਦ ਲੈਂਦੇ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹੋਟਲ 'ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ 'ਤੇ ਚਲਾਤੀਆਂ ਗੋਲੀਆਂ (ਵੀਡੀਓ)

ਚਾਈਨਾ ਡੋਰ ਨਾ ਆਉਂਦੀ ਤਾਂ ਪਤੰਗਬਾਜ਼ੀ ਤਾਂ ਹੁੰਦਾ ਸਭ ਤੋਂ ਵੱਡਾ ਤਿਉਹਾਰੀ ਕਾਰੋਬਾਰ

ਦੱਸਣਾ ਜ਼ਰੂਰੀ ਹੈ ਕਿ ਜੇਕਰ ਚਾਈਨਾ ਡੋਰ ਨੇ ਇਸ ਖੇਡ ਨੂੰ ਦੂਸ਼ਿਤ ਨਾ ਕੀਤਾ ਹੁੰਦਾ ਤਾਂ ਅੱਜ ਪਤੰਗਬਾਜ਼ੀ ਸਭ ਤੋਂ ਵੱਡਾ ਤਿਉਹਾਰੀ ਕਾਰੋਬਾਰ ਹੁੰਦਾ। ਅੱਜ ਦੇ ਸਮੇਂ ਵੱਡੇ ਤਿਉਹਾਰੀ ਕਾਰੋਬਾਰਾਂ ’ਚ ਦੀਵਾਲੀ ਦੇ ਪਟਾਕੇ, ਹੋਲੀ ਦੇ ਰੰਗ, ਦੁਸਹਿਰੇ ਦੇ ਪੁੱਤਲੇ ਪਤੰਗਬਾਜ਼ੀ ਦੇ ਸਾਹਮਣੇ ਬਿਲਕੁਲ ਫਿੱਕੇ ਸਨ। ਘਰ ’ਤੇ ਇਕ 10 ਸਾਲ ਦਾ ਬੱਚਾ ਵੀ ਪਤੰਗ ਉਡਾਉਂਦੇ ਸਮੇਂ ਇਕ ਦਿਨ ’ਚ 1000 ਤੋਂ 1500 ਦੀ ਡੋਰ ਅਤੇ 300 ਦੀਆਂ ਪਤੰਗਾਂ ਖਰੀਦ ਲੈਂਦਾ ਹੈ। ਇਸ ਅਨੁਪਾਤ ਦੇ ਮੁਤਾਬਿਕ ਕੋਈ ਵੀ ਤਿਉਹਾਰੀ ਖ਼ਪਤ ਹੋਣ ਵਾਲਾ ਪਦਾਰਥ ਇੰਨਾ ਪੋਟੇਂਸ਼ੀਅਲ ਨਹੀਂ ਹੈ ਜਿੰਨੀ ਪਤੰਗ ਅਤੇ ਡੋਰ! ਇਸ ਵਿਚ ਦੇਸ਼ ਭਰ ’ਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਅਤੇ ਸਰਕਾਰ ਦਾ ਟੈਕਸ ਦੇ ਰੂਪ ’ਚ ਪੈਸਾ ਮਿਲਦਾ। ਵੱਡੀ ਗੱਲ ਹੈ ਕਿ ਪਟਾਕੇ ਅਤੇ ਰੰਗ ਸਿਰਫ਼ ਤਿਉਹਾਰ ਦੇ ਦਿਨ ਹੀ ਚਲਾਏ ਜਾਂਦੇ ਹਨ ਜਦਕਿ ਪਤੰਗਬਾਜੀ ਦੇ ਸ਼ੌਕੀਨ 1 ਸਾਲ ’ਚ 150 ਦਿਨ ਪਤੰਗਾਂ ਉਡਾਉਂਦੇ ਹਨ।

ਹਵਾ ਦੇ ਰੁਖ ਅਤੇ ਮੌਸਮ ਦੇ ਅਨੁਪਾਤ ’ਤੇ ਬਣਦੀਆਂ ਸਨ ਪਤੰਗਾਂ

ਆਜ਼ਾਦੀ ਤੋਂ ਬਾਅਦ ਤਾਂ ਭਾਰਤੀ ਲੋਕਾਂ ਨੇ ਪਤੰਗ ਨੂੰ ਆਪਣੇ ਪਿਆਰੇ ਖੇਡਾਂ ’ਚ ਸ਼ਾਮਲ ਕਰ ਲਿਆ ਸੀ ਜੋ ਕਿ ਹੁਣ ਤੱਕ ਵੀ ਹੈ। ਹਾਲਾਂਕਿ ਕ੍ਰਿਕਟ ਇਕ ਬਹੁਤ ਵੱਡਾ ਖੇਡ ਹੈ ਪਰ ਪਤੰਗਬਾਜ਼ੀ ਦੀ ਧਾਰ ਨੂੰ ਕ੍ਰਿਕਟ ਵੀ ਤੋੜ ਨਹੀਂ ਸਕਿਆ। ਪਤੰਗ ਦੇ ਕਾਰੀਗਰਾਂ ਨੇ ਹਰ ਮੌਸਮ ਅਤੇ ਸਮੇਂ ਅਨੁਸਾਰ ਹਵਾ ਦੇ ਰੁਖ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਡਿਜ਼ਾਈਨ ਦੀਆਂ ਪਤੰਗਾਂ ਦਾ ਨਿਰਮਾਣ ਕੀਤਾ ਹੈ। ਇਨ੍ਹਾਂ ਵਿਚ ਅੱਖਾਂਦਾਰ, ਲਖਨਊ-ਕਾਟ, ਪਰੀਆ, ਸ਼ਰਪਾਨਾ, ਦਾਂਡੇਦਾਰ, ਮੱਛੀਦਾਰ ਸ਼ਾਮਲ ਹਨ। ਉੱਥੇ ਹੀ ਪ੍ਰਤੀਯੋਗਿਤਾ ਅਤੇ ਦੇਸੀ ਮੁਕਾਬਲਿਆਂ ’ਚ ਤੁੱਕਲ-ਪਤੰਗ ਨੂੰ ਉੱਪਰੋਂ ਤੀਰ ਦੀ ਤਰ੍ਹਾਂ ਅਤੇ ਹੇਠਾਂ ਤੋਂ ਪੂੰਛ ਹੁੰਦੀ ਹੈ। ਇਹ ਪਤੰਗ ਇੰਨੀ ਤਾਕਤਵਰ ਹੁੰਦੀ ਹੈ ਕਿ ਦੇਖਦੇ ਹੀ ਦੇਖਦੇ ਮੀਲਾਂ ਦੀ ਉਡਾਨ ਲੈ ਜਾਂਦੀ ਹੈ। ਜ਼ਿਆਦਾਤਰ ਲੋਕ ਖੇਡ ’ਚ ਸ਼ਰਤਾਂ ਲਗਾ ਕੇ ਪੇਂਚ ਲੜਾਉਂਦੇ ਹਨ। ਉੱਥੇ ਹੀ ਛੋਟੇ ਬੱਚਿਆਂ ਲਈ ‘ਪਛੜ’ ਡਿਜ਼ਾਈਨ ਦੀ ਪਤੰਗ ਕਾਫੀ ਮਸ਼ਹੂਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News