ਦੁਬਈ ਤੋਂ ਡਿਪੋਰਟ ਹੋ ਕੇ ਪੰਜਾਬ ਪਹੁੰਚਿਆ ਅੱਤਵਾਦੀ ਪਿੰਡੀ, ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ
Saturday, Sep 27, 2025 - 04:13 PM (IST)

ਬਟਾਲਾ(ਗੁਰਪ੍ਰੀਤ)- ਬਟਾਲਾ ਪੁਲਸ ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਅੰਤਰਰਾਸ਼ਟਰੀ ਭਗੌੜੇ ਬੱਬਰ ਖਾਲਸਾ ਦੇ ਅੱਤਵਾਦੀ ਪਰਮਿੰਦਰ ਸਿੰਘ ਉਰਫ਼ ਪਿੰਡੀ ਨੂੰ ਅਬੂਧਾਬੀ (ਦੁਬਈ) ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਐਸ.ਐਸ.ਪੀ. ਬਟਾਲਾ ਸੁਹੇਲ ਮੀਰ ਕਾਸਿਮ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਰਮਿੰਦਰ ਸਿੰਘ ਉਰਫ਼ ਪਿੰਡੀ, ਪੁੱਤਰ ਨਿਰਮਲ ਸਿੰਘ ਵਾਸੀ ਹਰਸੀਆ, ਪੰਜਾਬ ਪੁਲਸ ਵਿੱਚ ਕਾਂਸਟੇਬਲ ਤਾਇਨਾਤ ਸੀ ਪਰ ਹੁਣ ਬਰਖ਼ਾਸਤ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ ਗਿਆ ਵੱਡਾ ਗੈਂਗਸਟਰ, ਦਿੱਲੀ ਲੈ ਗਈ ਪੁਲਸ
ਐਸ.ਐਸ.ਪੀ. ਨੇ ਖੁਲਾਸਾ ਕੀਤਾ ਕਿ ਪਿੰਡੀ ਬੀ.ਕੇ.ਆਈ. ਦਾ ਮੈਂਬਰ ਹੈ ਅਤੇ ਪਾਕਿਸਤਾਨ ਅਧਾਰਤ ਅੰਤਰਰਾਸ਼ਟਰੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਛੀਆ ਦਾ ਨਜ਼ਦੀਕੀ ਸਾਥੀ ਹੈ। ਇਹ ਦੋਨੋਂ ਦੇ ਹੁਕਮਾਂ 'ਤੇ ਕੰਮ ਕਰਦਾ ਸੀ। ਸਤੰਬਰ 2023 ਵਿੱਚ ਪਰਮਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਟਾਲਾ ਸ਼ਹਿਰ ਦੀ ਰਾਜਿੰਦਰਾ ਵਾਈਨ ਕੰਪਨੀ ਦੀਆਂ ਵੱਖ-ਵੱਖ ਦੁਕਾਨਾਂ 'ਤੇ ਪੈਟਰੋਲ ਬੰਬ ਸੁੱਟੇ ਸਨ। ਇਸ ਤੋਂ ਬਾਅਦ ਉਹ ਦੁਬਈ ਭੱਜ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਗੈਂਗਵਾਰ ਦਾ ਖਦਸ਼ਾ, ਗੋਪੀ ਘਣਸ਼ਿਆਮਪੁਰੀਆ ਵੱਲੋਂ ਜੱਗੂ ਨੂੰ ਚਿਤਾਵਨੀ, ਕਿਹਾ ਹੁਣ...
ਉਸ 'ਤੇ ਪੈਟਰੋਲ ਬੰਬ ਹਮਲੇ, ਹਿੰਸਕ ਕਾਰਵਾਈਆਂ, ਜਬਰੀ ਵਸੂਲੀ ਸਮੇਤ ਇੱਕ ਸੀਨੀਅਰ ਪੁਲਸ ਅਧਿਕਾਰੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਹਨ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਬਟਾਲਾ ਪੁਲਸ ਨੇ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਇਸ 'ਤੇ ਕਾਰਵਾਈ ਕਰਦਿਆਂ ਇੱਕ ਸੀਨੀਅਰ ਅਧਿਕਾਰੀ ਸਮੇਤ 4 ਮੈਂਬਰੀ ਟੀਮ ਨੂੰ ਦੁਬਈ ਭੇਜਿਆ ਗਿਆ, ਜਿੱਥੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪਰਮਿੰਦਰ ਸਿੰਘ ਨੂੰ ਡਿਪੋਰਟ ਕਰਵਾ ਕੇ ਪੰਜਾਬ ਲਿਆਇਆ ਗਿਆ। ਇਸ ਵੇਲੇ ਉਸ ਨੂੰ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਪੁਲਿਸ ਅਨੁਸਾਰ ਇਸ ਜਾਂਚ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ DC ਦੇ ਵੱਡੇ ਹੁਕਮ, ਇਨ੍ਹਾਂ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ ਠੇਕੇ 'ਤੇ ਪੰਚਾਇਤੀ ਜ਼ਮੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8