ਤਰਨਤਾਰਨ ਦੇ ਫਲਾਈਓਵਰ ਥੱਲੇ ਸ਼ਰੇਆਮ ਰੇਹੜ੍ਹੀਆਂ ’ਤੇ ਪਰੋਸੀ ਜਾਂਦੀ ਸ਼ਰਾਬ, ਇਲਾਕਾ ਨਿਵਾਸੀ ਪ੍ਰੇਸ਼ਾਨ
Tuesday, Sep 26, 2023 - 11:22 AM (IST)
ਅੰਮ੍ਰਿਤਸਰ (ਸਰਬਜੀਤ)- ਚਾਟੀਵਿੰਡ ਨਹਿਰ ਨੇੜੇ ਪੈਂਦੇ ਇਲਾਕਾ ਕੋਟਮਿੱਤ ਸਿੰਘ ਵਿਖੇ ਲੱਗੀਆਂ ਮੀਟ ਮੁਰਗੇ ਦੀਆਂ ਰੇਹੜ੍ਹੀਆਂ ’ਤੇ ਸ਼ਰੇਆਮ ਸ਼ਰਾਬ ਪਿਲਾਈ ਜਾ ਰਹੀ ਹੈ, ਜਿਸ ਨਾਲ ਇਲਾਕੇ ਵਿਚ ਕਾਫੀ ਮਾੜਾ ਅਸਰ ਪੈ ਰਿਹਾ ਹੈ। ਇਸ ਸਬੰਧੀ ਕੋਟਮਿੱਤ ਸਿੰਘ ਦੇ ਇਲਾਕਾ ਨਿਵਾਸੀ ਜਸਬੀਰ ਸਿੰਘ, ਲਵਪ੍ਰੀਤ ਸਿੰਘ, ਜਸਵੰਤ ਸਿੰਘ, ਲਾਲ ਚੰਦ, ਰਾਜ ਕੁਮਾਰ, ਅਨਿਲ ਮਲਲੋਤਰਾ ਤੇ ਜਸਪਾਲ ਸਿੰਘ ਤੋਂ ਇਲਾਵਾ ਕੁਝ ਔਰਤਾਂ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਤਰਨਤਾਰਨ ਰੋਡ ਕੋਟਮਿੱਤ ਸਿੰਘ ਵਿਖੇ ਬਣੇ ਫਲਾਈਓਵਰ ਦੇ ਥੱਲੇ ਮੀਟ ਮੁਰਗਾ ਵੇਚਣ ਵਾਲੀਆਂ ਰੇਹੜੀਆਂ ’ਤੇ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਸ਼ਰੇਆਮ ਸ਼ਰਾਬ ਪਰੋਸੀ ਜਾਂਦੀ ਹੈ, ਜਿਸ ਕਰ ਕੇ ਸ਼ਰਾਬੀਆਂ ਦਾ ਜਮਾਵੜਾ ਦੇਰ ਰਾਤ ਤੱਕ ਇੱਥੇ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸ਼ਾਮ ਸਮੇਂ ਬਾਜ਼ਾਰ ਵਿਚੋਂ ਘਰ ਦਾ ਸਾਮਾਨ ਖਰੀਦਣ ਵਾਲੀਆਂ ਔਰਤਾਂ, ਛੋਟੇ ਬੱਚੇ ਇੱਥੋਂ ਲੰਘਦੇ ਹਨ ਤਾਂ ਉਥੋਂ ਦਾ ਇਹ ਮਾਹੌਲ ਵੇਖ ਕੇ ਇਲਾਕੇ ਦੇ ਬੱਚਿਆਂ ’ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ।
ਉਨ੍ਹਾਂ ਬੜੇ ਹੀ ਭਾਵੁਕ ਮਨ ਨਾਲ ਕਿਹਾ ਕਿ ਰੇਹੜ੍ਹੀਆਂ ’ਤੇ ਸ਼ਰਾਬ ਦਾ ਧੰਦਾ ਸਾਡੇ ਲਈ ਤਾਂ ਆਏ ਦਿਨ ਫਾਂਸੀ ਦਾ ਫੰਦਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਇਲਾਕੇ ਦੇ ਕੌਂਸਲਰ ਅਤੇ ਕੋਟਮਿੱਤ ਸਿੰਘ ਪੁਲਸ ਚੌਂਕੀ ਵਿਖੇ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ।
ਇਹ ਵੀ ਪੜ੍ਹੋ- 12 ਸਾਲ ਤੱਕ ਵੇਚੀਆਂ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓਜ਼, ਪਤਨੀ ਬਣਾਉਣ ਮਗਰੋਂ ਕਰ 'ਤਾ ਵੱਡਾ ਕਾਂਡ
ਰੇਹੜ੍ਹੀਆਂ ਵਾਲੇ ਬੱਚਿਆਂ ਤੋਂ ਕਰਵਾਉਂਦੇ ਹਨ ਬਾਲ ਮਜ਼ਦੂਰੀ
ਰੇਹੜ੍ਹੀਆਂ ’ਤੇ ਸ਼ਰਾਬ ਪਿਲਾਉਣ ਦੇ ਨਾਲ-ਨਾਲ ਉੱਥੇ ਕੰਮ ਕਰ ਰਹੇ ਬੱਚਿਆਂ ਤੋਂ ਵੀ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਹੈ। ਇਲਾਕੇ ਦੇ ਮੋਹਤਬਰਾਂ ਨੇ ਦੱਸਿਆ ਕਿ ਇਨ੍ਹਾਂ ਰੇਹੜੀਆਂ ’ਤੇ ਕੰਮ ਕਰਨ ਵਾਲੇ ਛੋਟੇ-ਛੋਟੇ ਬੱਚੇ ਗਾਹਕਾਂ ਨੂੰ ਸ਼ਰਾਬ ਵਰਤਾਉਂਦੇ ਹਨ।
ਦੱਸਣਯੋਗ ਹੈ ਕਿ ਇਸ ਜਗ੍ਹਾ ਤੋਂ ਕੁਝ ਹੀ ਕਦਮਾਂ ’ਤੇ ਸਥਿਤ ਪੁਲਸ ਚੌਂਕੀ, ਜਿਥੇ ਹਰ ਵੇਲੇ ਪੁਲਸ ਮੁਲਾਜ਼ਮ ਤਾਇਨਾਤ ਹੁੰਦੇ ਹਨ ਪਰ ਇਨ੍ਹਾਂ ਮੀਟ-ਮੁਰਗੇ ਦੀਆਂ ਰੇਹੜੀਆਂ ’ਤੇ ਨਾਜਾਇਜ਼ ਸ਼ਰਾਬ ਪਿਲਾਉਣ ਵਾਲਿਆਂ ਨੂੰ ਕੋਈ ਖੋਫ ਨਹੀਂ ਨਜ਼ਰ ਆਉਂਦਾ ਹੈ ਅਤੇ ਸ਼ਰੇਆਮ ਛੋਟੇ-ਛੋਟੇ ਬੱਚਿਆਂ ਤੋਂ ਇਥੇ ਆਉਣ ਵਾਲੇ ਗਾਹਕਾਂ ਨੂੰ ਦੇਸ਼ੀ ਸ਼ਰਾਬ ਵੀ ਪਰੋਸੀ ਜਾਂਦੀ ਹੈ।
ਇਹ ਵੀ ਪੜ੍ਹੋ- ਤਰਨਾ ਦਲ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ, ਨਿਹੰਗ ਸੇਵਾਦਾਰ ਦੀ ਮੌਤ
ਛੇਤੀ ਹੀ ਕੱਢਾਂਗੇ ਹੱਲ : ਸ਼ੇਰਗਿੱਲ
ਇਸ ਸਬੰਧੀ ਜਦੋਂ ਇਲਾਕੇ ਦੇ ਸਾਬਕਾ ਕੌਂਸਲਰ ਜਸਵਿੰਦਰ ਸਿੰਘ ਸ਼ੇਰਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੁਝ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਦਲਣ ਦੇ ਬਾਵਜੂਦ ਵੀ ਮੈਂ ਇਨਸਾਨੀਅਤ ਦੇ ਨਾਤੇ ਇਸ ਸੰਬੰਧੀ ਚੌਕੀ ਇੰਚਾਰਜ ਅਤੇ ਡਿਪਟੀ ਮੈਡਮ ਨਾਲ ਗੱਲ ਕਰਾਂਗਾ ਅਤੇ ਇਸ ਦਾ ਜੋ ਵੀ ਹੱਲ ਹੋਇਆ ਉਹ ਕੱਢਵਾਇਆ ਜਾਵੇਗਾ।
ਇਹ ਵੀ ਪੜ੍ਹੋ- ਦੁਖਦਾਇਕ ਖ਼ਬਰ: ਇਕ ਹੋਰ ਪੰਜਾਬੀ ਨੌਜਵਾਨ ਨੂੰ ਨਿਗਲ ਗਈ ਵਿਦੇਸ਼ੀ ਧਰਤੀ
ਸ਼ਰਾਬ ਪਿਆਉਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ: ਐੱਸ. ਐੱਚ. ਓ.
ਇਸ ਸਬੰਧੀ ਥਾਣਾ ਸੁਲਤਾਨਵਿੰਡ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਮਾਮਲਾ ਅੱਜ ਹੀ ਮੇਰੇ ਧਿਆਨ ਵਿਚ ਆਇਆ ਹੈ। ਇਸ ਸਬੰਧੀ ਜਲਦ ਹੀ ਕਾਰਵਾਈ ਕਰਦੇ ਹੋਏ ਇਲਾਕਾ ਨਿਵਾਸੀਆਂ ਨੂੰ ਇਸ ਤੋਂ ਪੂਰੀ ਤਰ੍ਹਾਂ ਨਾਲ ਨਿਜ਼ਾਤ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਗਲੀ ਮੁਹੱਲੇ ਵਿਚ ਇਸ ਤਰ੍ਹਾਂ ਸ਼ਰਾਬ ਪਿਆਉਣ ਵਾਲਿਆਂ ’ਤੇ ਪੂਰੀ ਤਰ੍ਹਾਂ ਨਾਲ ਸ਼ਿਕੰਜਾ ਕੱਸਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8