ਤਰਨਤਾਰਨ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਤਿਉਹਾਰਾਂ ਮੌਕੇ ਗਰੀਨ ਪਟਾਖੇ ਚਲਾਉਣ ਲਈ ਸਮਾਂ ਨਿਰਧਾਰਿਤ

Saturday, Oct 11, 2025 - 05:07 PM (IST)

ਤਰਨਤਾਰਨ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਤਿਉਹਾਰਾਂ ਮੌਕੇ ਗਰੀਨ ਪਟਾਖੇ ਚਲਾਉਣ ਲਈ ਸਮਾਂ ਨਿਰਧਾਰਿਤ

ਤਰਨਤਾਰਨ (ਰਾਜੂ)-ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਅਤੇ ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਪੰਜਾਬ ਸਰਕਾਰ ਦੇ ਵਿਗਿਆਨ ਟੈਕਨਾਲੋਜੀ ਵਾਤਾਵਰਨ ਵਿਭਾਗ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਦੇ ਤਿਉਹਾਰ ਅਤੇ ਨਵੇਂ ਸਾਲ ਨੂੰ ਮਨਾਉਣ ਲਈ ਆਮ ਪਬਲਿਕ ਵੱਲੋਂ ਕੇਵਲ ਗਰੀਨ ਪਟਾਖੇ ਹੀ ਇਸਤੇਮਾਲ ਕੀਤੇ ਜਾਣ। ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਅਤੇ ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਰਾਹੁਲ ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਤਰਨਤਾਰਨ ਦੀ ਹਦੂਦ ਅੰਦਰ ਗਰੀਨ ਪਟਾਖੇ ਵੇਚਣ ਤੋਂ ਇਲਾਵਾ ਖ਼ਤਰਨਾਕ/ਕੈਮੀਕਲ ਪਟਾਖਿਆਂ ਦੇ ਨਿਰਮਾਣ, ਵੇਚਣ, ਖਰੀਦਣ, ਸਟੋਰ ਕਰਨ ਅਤੇ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ-ਦੀਵਾਲੀ ਤੋਂ ਪਹਿਲਾਂ CM ਭਗਵੰਤ ਮਾਨ ਵੱਲੋਂ ਬਠਿੰਡਾ ਵਾਸੀਆਂ ਲਈ ਵੱਡਾ ਤੋਹਫ਼ਾ

ਇਸ ਦੇ ਨਾਲ ਹੀ ਜ਼ਿਲਾ ਮੈਜਿਸਟਰੇਟ ਵੱਲੋਂ ਗਰੀਨ ਪਟਾਖੇ ਇਸਤੇਮਾਲ ਕਰਨ ਲਈ ਵੀ ਸਮਾਂ ਨਿਰਧਾਰਿਤ ਕਰ ਦਿੱਤਾ ਹੈ। ਮਨਾਹੀ ਦੇ ਹੁਕਮਾਂ ਵਿਚ ਜ਼ਿਲਾ ਮੈਜਿਸਟਰੇਟ ਨੇ ਕਿਹਾ ਹੈ ਕਿ ਕੇਵਲ ਆਰਜ਼ੀ ਲਾਇਸੈਂਸ ਧਾਰਕ ਪਟਾਖਾ ਵਿਕਰੇਤਾ ਹੀ ਸਰਕਾਰ ਦੇ ਨਿਯਮਾਂ ਤੇ ਹਦਾਇਤਾਂ ਅਨੁਸਾਰ ਨਿਰਧਾਰਿਤ ਥਾਂ ’ਤੇ ਹੀ ਗਰੀਨ ਪਟਾਖੇ ਵੇਚ ਸਕਣਗੇ। ਕੋਈ ਵੀ ਲਾਇਸੈਂਸਧਾਰਕ ਕਿਸੇ ਵੀ ਪਟਾਕੇ ਨੂੰ ਸਟੋਰ, ਪ੍ਰਦਰਸ਼ਿਤ ਜਾਂ ਵੇਚ ਨਹੀਂ ਸਕਦਾ ਜਿਸਦਾ ਡੈਸੀਬਲ ਪੱਧਰ ਆਗਿਆ ਪ੍ਰਾਪਤ ਸੀਮਾਵਾਂ ਦੇ ਅੰਦਰ ਨਹੀਂ ਹੈ।

ਇਹ ਵੀ ਪੜ੍ਹੋ-ਬਟਾਲਾ 'ਚ ਅੰਨ੍ਹੇਵਾਹ ਫਾਇਰਿੰਗ ਕਰ ਮਾਰ'ਤੇ 2 ਬੰਦੇ, ਗੈਂਗਸਟਰ ਬੋਲਿਆ- ਵਾਰੀ ਸਭ ਦੀ ਆਉਗੀ

ਫਲਿੱਪਕਾਰਟ, ਐਮਾਜ਼ਾਨ ਆਦਿ ਸਮੇਤ ਕੋਈ ਵੀ ਈ-ਕਾਮਰਸ ਵੈੱਬਸਾਈਟ ਜ਼ਿਲੇ ਦੇ ਅੰਦਰ ਪਟਾਖਿਆਂ ਦਾ ਕੋਈ ਵੀ ਔਨਲਾਈਨ ਆਰਡਰ ਸਵੀਕਾਰ ਨਹੀਂ ਕਰੇਗੀ ਅਤੇ ਔਨਲਾਈਨ ਵਿਕਰੀ ਨੂੰ ਪ੍ਰਭਾਵਤ ਨਹੀਂ ਕਰੇਗੀ। ਇਸ ਤੋਂ ਇਲਾਵਾ ਸਾਈਲੈਂਸ ਜੋਨ ਜਿਵੇਂ ਕਿ ਸਰਕਾਰੀ ਦਫਤਰਾਂ, ਜੰਗਲਾਤ, ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਅਦਾਲਤਾਂ ਜਾਂ ਕੋਈ ਅਜਿਹਾ ਸਥਾਨ ਜੇ ਸਰਕਾਰ/ਸਮਰੱਥ ਅਧਿਕਾਰੀ ਵੱਲੋਂ ਸਾਈਲੈਂਸ ਜੋਨ ਐਲਾਨਿਆਂ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜੀ/ਪਟਾਕੇ ਚਲਾਉਣ ’ਤੇ ਪੂਰਨ ਤੌਰ ਉੱਤੇ ਪਾਬੰਦੀ ਲਗਾਈ ਗਈ ਹੈ।

ਇਸ ਦੇ ਨਾਲ ਹੀ ਜ਼ਿਲਾ ਮੈਜਿਸਟਰੇਟ ਰਾਹੁਲ ਨੇ ਜ਼ਿਲ੍ਹਾ ਤਰਨਤਾਰਨ ਦੀ ਹਦੂਦ ਅੰਦਰ ਗਰੀਨ ਪਟਾਖੇ ਇਸਤੇਮਾਲ ਕਰਨ ਲਈ ਵੀ ਸਮਾਂ ਨਿਰਧਾਰਤ ਕਰ ਦਿੱਤਾ ਹੈ। ਜ਼ਿਲਾ ਮੈਜਿਸਟਰੇਟ ਨੇ ਹੁਕਮ ਕੀਤੇ ਹਨ ਕਿ ਮਿਤੀ 20 ਅਕਤੂਬਰ 2025 (ਦੀਵਾਲੀ ਵਾਲੇ ਦਿਨ) ਰਾਤ 8:00 ਤੋਂ 10:00 ਵਜੇ ਤੱਕ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਿਤੀ 5 ਨਵੰਬਰ 2025 ਨੂੰ ਦੇ ਦਿਨ ਸਵੇਰੇ 4:00 ਵਜੇ ਤੋਂ 5:00 ਵਜੇ ਤੱਕ ਅਤੇ ਰਾਤ 9:00 ਵਜੇ ਤੋਂ 10:00 ਵਜੇ ਤੱਕ, ਕ੍ਰਿਸਮਿਸ 25-26 ਦਸੰਬਰ ਅਤੇ ਨਵੇਂ ਸਾਲ 31 ਦਸੰਬਰ ਦੀ ਰਾਤ ਨੂੰ 11:55 ਤੋਂ ਸਵੇਰੇ 12:30 ਵਜੇ ਤੱਕ ਦੇ ਸਮੇਂ ਦਰਮਿਆਨ ਹੀ ਗਰੀਨ ਪਟਾਖੇ ਚਲਾਉਣ ਦੀ ਇਜਾਜਤ ਹੀ ਹੋਵੇਗੀ ਅਤੇ ਇਨ੍ਹਾਂ ਨਿਰਧਾਰਿਤ ਸਮਿਆਂ ਤੋਂ ਪਹਿਲਾਂ ਅਤੇ ਬਾਅਦ ਵਿਚ ਆਤਿਸ਼ਬਾਜ਼ੀ ਚਲਾਉਣ/ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਹੋਵੇਗੀ। ਮੌਜੂਦਾ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਮੈਜਿਸਟਰੇਟ ਨੇ ਪਾਬੰਦੀ ਦਾ ਇਹ ਹੁਕਮ ਇਕ ਤਰਫਾ ਪਾਸ ਕਰਕੇ ਆਮ ਪਬਲਿਕ ਨੂੰ ਸੰਬੋਧਿਤ ਕੀਤਾ ਹੈ। ਪਾਬੰਦੀ ਦਾ ਇਹ ਹੁਕਮ ਮਿਤੀ 07-10-2025 ਤੋਂ 02-01-2026 ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ-ਤਰਨਤਾਰਨ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਮਾਲਕ 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News