2 ਝਪਟਮਾਰ ਜਨਾਨੀ ਦਾ ਮੋਬਾਇਲ ਖੋਹ ਕੇ ਹੋਏ ਫ਼ਰਾਰ

1/11/2021 1:15:44 PM

ਤਰਨਤਾਰਨ(ਰਾਜੂ): ਤਰਨਤਾਰਨ ਸ਼ਹਿਰ ’ਚ ਘੁੰਮ ਰਹੇ ਸਨੈਚਿੰਗ ਗਿਰੋਹ ਵਲੋਂ ਆਏ ਦਿਨ ਮੋਬਾਇਲ, ਸੋਨੇ ਦੇ ਗਹਿਣੇ ਆਦਿ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀਆਂ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ੍ਹ ਵੀ ਖੁੱਲਦੀ ਨਜ਼ਰ ਆ ਰਹੀ ਹੈ। ਅਜਿਹੀ ਇਕ ਤਾਜ਼ਾ ਘਟਨਾ ਬੀਤੀ ਰਾਤ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਗਲੀ ’ਚ ਵਾਪਰੀ ਜਿੱਥੇ ਦੋ ਨੌਜਵਾਨ ਇਕ ਜਨਾਨੀ ਦਾ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। 

ਇਹ ਵੀ ਪੜ੍ਹੋ : ...ਹੁਣ ਅੰਮਿ੍ਰਤਸਰ ’ਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਕ ਕਰੋੜ ਦਾ ਘਪਲਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨੀਤਾ ਰਾਣੀ ਪਤਨੀ ਸਤੀਸ਼ ਕੁਮਾਰ ਵਾਸੀ ਗਲੀ ਸਟੇਸ਼ਨ ਵਾਲੀ ਰੇਲਵੇ ਰੋਡ ਤਰਨਤਾਰਨ ਨੇ ਦੱਸਿਆ ਕਿ ਬੀਤੀ ਰਾਤ ਉਹ ਗਲੀ ਵਿਚ ਟਹਿਲਦੀ ਹੋਈ ਫੋਨ ’ਤੇ ਗੱਲਬਾਤ ਕਰ ਰਹੀ ਸੀ ਤਾਂ ਦੋ ਨੌਜਵਾਨ ਆਏ ਜਿੰਨ੍ਹਾਂ ਨੇ ਝਪਟ ਮਾਰ ਕੇ ਉਸ ਦਾ ਮੋਬਾਇਲ ਪਲੱਸ ਵਨ ਮਾਅਰਕਾ ਖੋਹ ਲਿਆ ਅਤੇ ਭੱਜ ਗਏ। ਉਸ ਨੇ ਰੌਲਾ ਪਾਇਆ ਪਰ ਉਕਤ ਝਪਟਮਾਰ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਰੂਪੋਸ਼ ਹੋ ਗਏ। ਇਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਨੂੰ ਕਰ ਦਿੱਤੀ ਹੈ ਹਾਲਾਂਕਿ ਉਕਤ ਝਪਟਮਾਰ ਸੀ. ਸੀ. ਟੀ. ਵੀ. ਕੈਮਰਿਆਂ ’ਚ ਵੀ ਕੈਦ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਝਪਟਮਾਰਾਂ ਨੂੰ ਕਾਬੂ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਤਰਨਤਾਰਨ ਸ਼ਹਿਰ ’ਚ ਲੁੱਟਾਂ ਖੋਹਾਂ ਦੀਆਂ ਇਹ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਥਾਨਕ ਪੁਲਸ ਜੋ ਹਮੇਸ਼ਾਂ ਚੌਕਾਂ ’ਚ ਮੁਸ਼ਤੈਦ ਹੋਣ ਦਾ ਦਾਅਵਾ ਕਰਦੀ ਰਹਿੰਦੀ ਹੈ, ਇਨ੍ਹਾਂ ਝਪਟਮਾਰਾਂ ਨੂੰ ਕਾਬੂ ਕਰਨ ਵਿਚ ਹਮੇਸ਼ਾਂ ਅਸਫ਼ਲ ਕਿਉਂ ਰਹਿੰਦੀ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਸ਼ਹਿਰ ’ਚ ਪੁਲਸ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ ਅਤੇ ਚੌਕਸੀ ਵਰਤੀ ਜਾਵੇ ਤਾਂ ਜੋ ਝਪਟਮਾਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਨਾ ਦੇ ਸਕਣ।

ਇਹ ਵੀ ਪੜ੍ਹੋ : ‘ਆਪ’ ਲੋਹੜੀ ਦੀ ਸ਼ਾਮ ਸ਼ਹੀਦ ਕਿਸਾਨਾਂ ਦੇ ਨਾਂ ਕਰੇਗੀ ਸਮਰਪਿਤ


Baljeet Kaur

Content Editor Baljeet Kaur