ਤਰਕਸ਼ੀਲ ਸੋਸਾਇਟੀ ਵੱਲੋਂ ਨਵਜੋਤ ਕੌਰ ਸਿੱਧੂ ਦੇ ਦਾਅਵੇ ਨੂੰ ਚੁਣੌਤੀ

Saturday, Nov 30, 2024 - 06:20 PM (IST)

ਤਰਕਸ਼ੀਲ ਸੋਸਾਇਟੀ ਵੱਲੋਂ ਨਵਜੋਤ ਕੌਰ ਸਿੱਧੂ ਦੇ ਦਾਅਵੇ ਨੂੰ ਚੁਣੌਤੀ

ਅੰਮ੍ਰਿਤਸਰ (ਮਮਤਾ)-ਤਰਕਸ਼ੀਲ ਸੋਸਾਇਟੀ ਪੰਜਾਬ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਚੌਥੀ ਸਟੇਜ ਦੇ ਕੈਂਸਰ ਰੋਗ ਨੂੰ ਦੇਸੀ ਇਲਾਜ ਦੇ ਕੁਝ ਨੁਸਖ਼ਿਆਂ, ਖਾਣ-ਪੀਣ ਦੇ ਪ੍ਰਹੇਜ਼ ਅਤੇ ਜੀਵਨ ਸ਼ੈਲੀ ਰਾਹੀਂ ਹੀ ਸਿਹਤਯਾਬ ਹੋਣ ਦੇ ਗ਼ੈਰ ਵਿਗਿਆਨਕ ਦਾਅਵੇ ਨੂੰ ਖਾਰਜ ਕਰਦਿਆਂ ਇਸ ਦੀ ਤੱਥਾਂ ਸਹਿਤ ਡਾਕਟਰੀ ਪਰਮਾਣਿਕਤਾ ਸਿੱਧ ਕਰਨ ਦੀ ਚੁਣੌਤੀ ਦਿੱਤੀ ਹੈ ਅਤੇ ਸਿਹਤ ਮੰਤਰਾਲੇ ਨੂੰ ਇਸ ਦਾ ਗੰਭੀਰ ਨੋਟਿਸ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।

 ਇਹ ਵੀ ਪੜ੍ਹੋ-  ਪੰਜਾਬ 'ਚ ਠੰਡ ਨੂੰ ਲੈ ਕੇ ਵੱਡੀ ਅਪਡੇਟ, 9 ਜ਼ਿਲ੍ਹਿਆਂ 'ਚ ਅਲਰਟ ਜਾਰੀ

ਤਰਕਸ਼ੀਲ ਸੋਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਜੋਗਿੰਦਰ ਕੁੱਲੇਵਾਲ, ਜਸਵਿੰਦਰ ਫਗਵਾੜਾ, ਸੁਮੀਤ ਅੰਮ੍ਰਿਤਸਰ ਅਤੇ ਸੰਦੀਪ ਧਾਰੀਵਾਲ ਭੋਜਾਂ ਨੇ ਕਿਹਾ ਕਿ ਆਧੁਨਿਕ ਡਾਕਟਰੀ ਇਲਾਜ ਪ੍ਰਣਾਲੀ ਵਿਚ ਡੇਅਰੀ ਉਤਪਾਦ ਤੇ ਖੰਡ ਨਾ ਖਾਣ ਅਤੇ ਹਲਦੀ ਤੇ ਨਿੰਮ ਦਾ ਸੇਵਨ ਕਰਨ ਨਾਲ ਚੌਥੀ ਸਟੇਜ ਦੇ ਲਾਇਲਾਜ ਕੈਂਸਰ ਨੂੰ ਸਿਰਫ ਚਾਲੀ ਦਿਨਾਂ ਵਿਚ ਖ਼ਤਮ ਕਰਨ ਦੇ ਦਾਅਵੇ ਦੀ ਕੋਈ ਵਿਗਿਆਨਕ ਅਤੇ ਮੈਡੀਕਲ ਪ੍ਰਮਾਣਿਕ ਸੱਚਾਈ ਮੌਜੂਦ ਨਹੀਂ ਹੈ ਅਤੇ ਇਕ ਨਾਮਵਰ ਸਿਆਸਤਦਾਨ ਵੱਲੋਂ ਪੂਰੀ ਗ਼ੈਰ ਜ਼ਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਅਜਿਹਾ ਗ਼ੈਰ ਵਿਗਿਆਨਕ ਦਾਅਵਾ ਕਰਨਾ ਜਿੱਥੇ ਸਮਾਜ ਲਈ ਬੇਹੱਦ ਖਤਰਨਾਕ ਹੈ, ਉਥੇ ਹੀ ਡਰੱਗਜ਼ ਤੇ ਮੈਜਿਕ ਰੈਮੇਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਕਾਨੂੰਨ 1954 ਦੀ ਸਿੱਧੀ ਉਲੰਘਣਾ ਵੀ ਹੈ।

ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨਾਲ ਦੋ ਕਰੋੜ ਦੀ ਠੱਗੀ

ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਟਾਟਾ ਕੈਂਸਰ ਮੈਮੋਰੀਅਲ ਹਸਪਤਾਲ ਅਤੇ ਏਮਜ਼ ਦੇ ਮਾਹਿਰ ਡਾਕਟਰਾਂ ਨੇ ਵੀ ਇਕ ਵਿਸ਼ੇਸ਼ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਮੌਜੂਦਾ ਡਾਕਟਰੀ ਇਲਾਜ ਪ੍ਰਣਾਲੀ ਵਿੱਚ ਕੋਈ ਵੀ ਅਜਿਹਾ ਕਲੀਨੀਕਲ ਡਾਟਾ ਨਹੀਂ ਹੈ ਜੋ ਅਜਿਹੇ ਦੇਸੀ ਟੋਟਕਿਆਂ ਨੂੰ ਕੈਂਸਰ ਵਿਰੋਧੀ ਏਜੰਟ ਵਜੋਂ ਵਰਤਣ ਦੀ ਸਿਫ਼ਾਰਸ਼ ਕਰਦਾ ਹੋਵੇ। ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਤਾਂ ਨਵਜੋਤ ਸਿੱਧੂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਸੰਭਵ ਹੁੰਦਾ ਤਾਂ ਕੈਂਸਰ ਦੇ ਲੱਖਾਂ ਮਰੀਜ਼ਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੀ ਬਜਾਇ ਅਜਿਹੇ ਦੇਸੀ ਟੋਟਕਿਆਂ ਨਾਲ ਹੀ ਬਚਾਇਆ ਜਾ ਸਕਦਾ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ ਤਾਬੜਤੋੜ ਗੋਲੀਆਂ

ਉਨ੍ਹਾਂ ਦਾਅਵਾ ਕੀਤਾ ਕਿ ਕੀਮੋਥਰੇਪੀ ਅਤੇ ਰੇਡੀਏਸ਼ਨ ਸਮੇਤ ਹੋਰ ਆਧੁਨਿਕ ਇਲਾਜ ਕਰਵਾਏ ਜਾਣ ਕਰ ਕੇ ਹੀ ਡਾਕਟਰ ਸਿੱਧੂ ਕੈਂਸਰ ਤੋਂ ਸਿਹਤਯਾਬ ਹੋਏ ਹਨ ਅਤੇ ਅਜਿਹੇ ਗ਼ੈਰ ਵਿਗਿਆਨਕ ਦਾਅਵੇ ਕਰ ਕੇ ਉਹ ਜਿੱਥੇ ਡਾਕਟਰੀ ਵਿਗਿਆਨ ਦੀ ਤੌਹੀਨ ਕਰ ਰਹੇ ਹਨ ਉਥੇ ਹੀ ਕੈਂਸਰ ਦੇ ਮਰੀਜ਼ਾਂ ਨੂੰ ਸਿੱਧੇ ਤੌਰ ਤੇ ਗੁੰਮਰਾਹ ਕਰ ਰਹੇ ਹਨ, ਜਿਸ ਤੋਂ ਲੋਕਾਂ ਨੂੰ ਸੁਚੇਤ ਹੋ ਕੇ ਸਿਰਫ ਡਾਕਟਰੀ ਇਲਾਜ ਉਤੇ ਹੀ ਭਰੋਸਾ ਕਰਨ ਦੀ ਲੋੜ ਹੈ। ਤਰਕਸ਼ੀਲ ਆਗੂਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਜੋਕਿ ਖੁਦ ਇਕ ਡਾਕਟਰ ਹਨ, ਨੇ ਇਸ ਦਾਅਵੇ ਦੇ ਹੱਕ ਵਿੱਚ ਇਕ ਵੀ ਸ਼ਬਦ ਬੋਲਣ ਦੀ ਜ਼ਰੂਰਤ ਨਹੀਂ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News