ਜ਼ਿਲ੍ਹਾ ਤਰਨ-ਤਾਰਨ ''ਚ ਹੁਣ ਤੱਕ ਰਜਿਸਟਰਡ ਕੀਤੇ ਗਏ 29,658 ਡੈਪੋ ਵਲੰਟੀਅਰ

Wednesday, Jan 30, 2019 - 07:55 PM (IST)

ਤਰਨ ਤਾਰਨ/ਚੋਹਲਾ ਸਾਹਿਬ,(ਰਾਕੇਸ਼ ਨਈਅਰ)— ਪੰਜਾਬ ਸਰਕਾਰ ਵੱਲੋਂ ਰਾਜ 'ਚੋਂ ਨਸ਼ਾ ਮੁਕਤੀ ਲਈ ਵਿੱਢੀ ਗਈ ਮੁਹਿੰਮ ਤਹਿਤ ਰਾਜ 'ਚ ਲੱਗਭੱਗ 4.90 ਲੱਖ ਡੈਪੋ ਵਲੰਟੀਅਰ ਰਜਿਸਟਰ ਹੋ ਚੁੱਕੇ ਹਨ, ਜਿੰਨ੍ਹਾਂ 'ਚੋਂ 75 ਹਜ਼ਾਰ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਅਤੇ 4 ਲੱਖ 15 ਹਜ਼ਾਰ ਪ੍ਰਾਈਵੇਟ ਨਾਗਰਿਕ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ 'ਚ ਹੁਣ ਤੱਕ ਲੱਗਭੱਗ 29,658 ਡੈਪੋ ਵਲੰਟੀਅਰ ਰਜਿਸਟਰਡ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਜਿਸਟਰਡ ਡੈਪੋ ਵਲੰਟੀਅਰਾਂ ਨੂੰ ਆਪਣੀ ਡਿਊਟੀ ਕਰਨ ਲਈ ਸਿਖਲਾਈ ਦੇਣ ਵਾਸਤੇ ਐੱਸ. ਟੀ. ਐੱਫ ਵੱਲੋਂ ਪਹਿਲਾਂ ਹੀ 523 ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜੋ ਅੱਗੇ 1500 ਕਲੱਸਟਰ ਕੋਆਰਡੀਨੇਟਰਾਂ (ਸੀ. ਸੀ) ਅਤੇ 15 ਹਜ਼ਾਰ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ ਸਿਖਲਾਈ ਦੇ ਰਹੇ ਹਨ, ਜਿਸ 'ਚ ਬਲਾਕ ਪੱਧਰ 'ਤੇ 1 ਲੱਖ 50 ਹਜ਼ਾਰ ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਦੇ ਮੈਂਬਰ ਪਿੰਡ ਤੇ ਵਾਰਡ ਪੱਧਰ 'ਤੇ ਸਾਰੇ ਡੈਪੋ ਵਲੰਟੀਅਰਾਂ ਨੂੰ ਸਿਖਲਾਈ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਡੈਪੋ ਪ੍ਰੋਗਰਾਮ ਤਹਿਤ ਰਾਜ 'ਚ ਹੁਣ ਤੱਕ ਲੱਗਭੱਗ 3,72,229 ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸ ਦੌਰਾਨ ਨਸ਼ੇ ਦੀ ਦੁਰਵਰਤੋਂ ਤੋਂ ਪੀੜਤਾਂ 93,885 ਵਿਅਕਤੀਆਂ ਨਾਲ ਸੰਪਰਕ ਕੀਤਾ ਗਿਆ ਅਤੇ 39039 ਵਿਅਕਤੀਆਂ ਨੂੰ ਇਲਾਜ ਲਈ ਨਸ਼ਾ ਮੁਕਤੀ/ਓ.ਓ.ਏ.ਟੀ ਕੇਂਦਰਾਂ 'ਚ ਲੈ ਕੇ ਜਾਇਆ ਗਿਆ।ਇਸ ਦੌਰਾਨ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ 15,126 ਜਾਗਰੂਕਤਾ ਪ੍ਰੋਗਰਾਮ (ਸੈਮੀਨਾਰ/ਮੀਟਿੰਗਾਂ/ਸਕਾਰਤਮਕ ਗਤੀਵਿਧੀਆਂ) ਆਯੋਜਿਤ ਕੀਤੇ ਗਏ।

ਨਸ਼ਾ ਰੋਕੂ ਅਫ਼ਸਰ ਪ੍ਰੋਗਰਾਮ ਅਧੀਨ ਡੈਪੋ ਵਲੰਟੀਅਰ ਆਪਣੇ ਇਲਾਕੇ ਵਿੱਚ ਜੇਕਰ ਕੋਈ ਵਿਅਕਤੀ ਨਸ਼ੇ ਦੀ ਵਰਤੋਂ ਕਰਦਾ ਹੈ, ਤਾਂ ਉਸ ਦੀ ਸ਼ਨਾਖਤ ਕਰਕੇ ਉਸ ਵਿਅਕਤੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਉਸ ਦਾ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰਨਗੇ। ਇਸ ਤੋਂ ਬਾਅਦ ਉਸ ਵਿਅਕਤੀ ਦਾ ਇਲਾਜ ਕਰਵਾਉਣ ਵਿੱਚ ਸਹਾਇਤਾ ਕਰਨਗੇ ਅਤੇ ਆਪਣੇ ਇਲਾਕੇ ਦੇ ਸੰਵੇਦਨਸ਼ੀਲ ਵਿਅਕਤੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਫਸਣ ਤੋਂ ਰੋਕਣਗੇ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੇ। 


Related News