ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ

Thursday, Mar 06, 2025 - 05:01 PM (IST)

ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ

ਬਟਾਲਾ/ਫਤਿਹਗੜ੍ਹ ਚੂੜੀਆਂ(ਬੇਰੀ, ਸਾਰੰਗਲ, ਜ. ਬ.)- ਖੂਨ ਦੇ ਰਿਸ਼ਤੇ ਉਸ ਸਮੇਂ ਦਾਗਦਾਰ ਹੁੰਦੇ ਨਜ਼ਰ ਆਏ, ਜਦ ਬੀਤੇ ਦਿਨੀਂ ਪਿੰਡ ਸਰਵਾਲੀ ’ਚ ਇਕ ਕਲਯੁੱਗੀ ਪੁੱਤਰ ਵਲੋਂ ਜ਼ਮੀਨ ਦੇ ਲਾਲਚ ’ਚ ਆਪਣੇ ਹੀ ਮਾਤਾ-ਪਿਤਾ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸਦੇ ਚਲਦਿਆਂ ਉਕਤ ਵਿਅਕਤੀ ਦੇ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਸੰਬੰਧ ’ਚ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਇਸ ਕਤਲ ਕਾਂਡ ਦੀ ਗੁੱਥੀ ਨੂੰ 3 ਦਿਨਾਂ ’ਚ ਸੁਲਝਾਉਂਦੇ ਹੋਏ ਬਜ਼ੁਰਗ ਵਿਅਕਤੀ ਦਾ ਕਤਲ ਕਰਨ ਵਾਲੇ ਉਸਦੇ ਪੁੱਤਰ ਅਤੇ ਉਸਦੇ ਦੋਸਤ ਨੂੰ ਵਾਰਦਾਤ ’ਚ ਵਰਤੇ ਗਏ ਮੋਟਰ ਸਾਈਕਲ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ ਨੇ ਦੱਸਿਆ ਕਿ 1 ਮਾਰਚ ਨੂੰ ਰਾਤ ਕਰੀਬ 9 ਵਜੇ ਸੋਹਨ ਸਿੰਘ ਅਤੇ ਉਸਦੀ ਪਤਨੀ ਪਰਮਿੰਦਰ ਕੌਰ ਵਾਸੀ ਪਿੰਡ ਸਰਵਾਲੀ ਸ਼੍ਰੀ ਚੋਲਾ ਸਾਹਿਬ ਦੇ ਮੇਲੇ ਦੇ ਸੰਬੰਧ ’ਚ ਅੱਡਾ ਸਰਵਾਲੀ ’ਚ ਚੱਲ ਰਹੇ ਲੰਗਰ ’ਚ ਸੇਵਾ ਕਰ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਜਾ ਰਹੇ ਸਨ ਕਿ ਰਸਤੇ ’ਚ ਅਣਪਛਾਤੇ ਵਿਅਕਤੀ ਵਲੋਂ ਉਕਤ ਪਤੀ-ਪਤਨੀ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀ ਗਈਆਂ ਜਿਸਦੇ ਚਲਦਿਆਂ ਦੋਵੇਂ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ ਜਦਕਿ ਹਸਪਤਾਲ ’ਚ ਇਲਾਜ ਦੌਰਾਨ ਸੋਹਨ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਪਰਮਿੰਦਰ ਕੌਰ ਦਾ ਇਲਾਜ ਚੱਲ ਰਿਹਾ ਹੈ।

 ਇਹ ਵੀ ਪੜ੍ਹੋ- ਭਾਰਤੀਆਂ ਲਈ ਖ਼ੁਸ਼ਖ਼ਬਰੀ ; ਪੂਰਾ ਹੋਣ ਹੀ ਵਾਲਾ ਹੈ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪੁਲ ਦਾ ਨਿਰਮਾਣ

ਉਨ੍ਹਾਂ ਕਿਹਾ ਕਿ ਪੁਲਸ ਵਲੋਂ ਇਸ ਸੰਬੰਧ ’ਚ ਕਾਰਵਾਈ ਕਰਦੇ ਹੋਏ ਥਾਣਾ ਕਿਲਾ ਲਾਲ ਸਿੰਘ ’ਚ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਅਤੇ ਐੱਸ.ਪੀ ਡੀ ਗੁਰਪ੍ਰਤਾਪ ਸਿੰਘ ਸਹੋਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸ.ਐੱਚ.ਓ ਪ੍ਰਭਜੋਤ ਸਿੰਘ ਅਤੇ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸ. ਸੁਖਰਾਜ ਸਿੰਘ ਵਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਸੋਹਨ ਸਿੰਘ ਦਾ ਮੁੰਡਾ ਅਜੀਤ ਪਾਲ ਸਿੰਘ ਜੋ ਕਿ ਵਿਦੇਸ਼ ਫਰਾਂਸ ’ਚ ਰਹਿੰਦਾ ਹੈ ਅਤੇ ਇਸਦਾ ਆਪਣੇ ਪਿਤਾ ਸੋਹਨ ਸਿੰਘ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲਦਾ ਹੈ ਅਤੇ ਬੋਲਚਾਲ ਵੀ ਬੰਦ ਸੀ। ਡੀ.ਐੱਸ.ਪੀ ਵਿਪਨ ਕੁਮਾਰ ਨੇ ਦੱਸਿਆ ਕਿ ਸਾਲ 2022 ਵਿਚ ਸੋਹਨ ਸਿੰਘ ਦਾ ਬਲਬੀਰ ਸਿੰਘ ਅਤੇ ਬਲਜੀਤ ਸਿੰਘ ਪੁੱਤਰਾਨ ਰਵੇਲ ਸਿੰਘ ਵਾਸੀ ਸਰਵਾਲੀ ਨਾਲ ਝਗੜਾ ਹੋਇਆ ਸੀ ਜਿਸ ਸੰਬੰਧੀ ਸੋਹਨ ਸਿੰਘ ਵਲੋਂ ਇਨ੍ਹਾਂ ਵਿਰੁੱਧ ਥਾਣਾ ਕਿਲਾ ਲਾਲ ਸਿੰਘ ’ਚ ਕੇਸ ਵੀ ਦਰਜ ਕਰਵਾਇਆ ਗਿਆ ਸੀ, ਜੋ ਕਿ ਅਦਾਲਤ ’ਚ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਇਸੇ ਕੇਸ ਦੇ ਚਲਦਿਆਂ ਸੋਹਨ ਸਿੰਘ ਨਾਲ ਰੰਜਿਸ਼ ਰੱਖਦਾ ਸੀ ਅਤੇ ਉਸਦੀ ਸੋਹਨ ਸਿੰਘ ਦੇ ਮੁੰਡੇ ਅਜੀਤ ਪਾਲ ਸਿੰਘ ਨਾਲ ਚੰਗੀ ਦੋਸਤੀ ਸੀ। ਉਨ੍ਹਾਂ ਕਿਹਾ ਕਿ ਅਜੀਤ ਪਾਲ ਸਿੰਘ ਕਰੀਬ ਡੇਢ ਮਹੀਨਾ ਪਹਿਲਾਂ ਵਿਦੇਸ਼ ਫਰਾਂਸ ਤੋਂ ਪਿੰਡ ਸਰਵਾਲੀ ਆਇਆ ਹੋਇਆ ਸੀ ਅਤੇ ਰੰਜਿਸ਼ ਦੇ ਚਲਦਿਆਂ ਇਨ੍ਹਾਂ ਦੋਵਾਂ ਨੇ ਮਿਲ ਕੇ ਸੋਹਨ ਸਿੰਘ ਅਤੇ ਉਸਦੀ ਪਤਨੀ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਨੇ 20 ਫਰਵਰੀ ਨੂੰ ਆਪਣੇ ਨਾਂ ’ਤੇ ਬਟਾਲਾ ਤੋਂ ਜੀ.ਓ ਕੰਪਨੀ ਦੀ ਸਿਮ ਖਰੀਦੀ ਸੀ ਅਤੇ ਉਸਨੇ ਇਹ ਸਿਮ ਅਜੀਤ ਪਾਲ ਸਿੰਘ ਨੂੰ ਦੇ ਦਿੱਤੀ ਅਤੇ ਚੋਰੀ ਦਾ ਮੋਟਰ ਸਾਈਕਲ ਨੂੰ ਅਜੀਤ ਪਾਲ ਨੂੰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ

ਉਨ੍ਹਾਂ ਕਿਹਾ ਕਿ ਸੋਹਨ ਸਿੰਘ ਅਤੇ ਉਸਦੀ ਪਤਨੀ ਜੋ ਲੰਗਰ ਦੀ ਸੇਵਾ ਕਰਨ ਲਈ ਰੋਜ਼ਾਨਾ ਅੱਡਾ ਸਰਵਾਲੀ ਜਾਂਦੇ ਸਨ ਅਤੇ ਸੇਵਾ ਕਰਨ ਉਪਰੰਤ ਆਪਣੇ ਘਰ ਚੱਲੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਮਿਤੀ 1 ਮਾਰਚ ਨੂੰ ਵਕਤ ਕਰੀਬ ਰਾਤ 9 ਵਜੇ ਜਦ ਉਹ ਦੋਵੇਂ ਲੰਗਰ ਦੀ ਸੇਵਾ ਕਰ ਕੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਘਰ ਜਾਣ ਲੱਗੇ ਤਾਂ ਯੋਜਨਾ ਦੇ ਅਨੁਸਾਰ ਬਲਬੀਰ ਸਿੰਘ ਨੇ ਆਪਣੇ ਫੋਨ ਤੋਂ ਅਜੀਤ ਪਾਲ ਨੂੰ ਜੀ.ਓ ਦੀ ਸਿਮ ’ਤੇ ਫੋਨ ਕਰ ਕੇ ਇਸਦੀ ਸੂਚਨਾ ਦਿੱਤੀ ਅਤੇ ਅਜੀਤ ਪਾਲ ਸਿੰਘ ਨੇ ਨਾਜਾਇਜ਼ 32 ਬੋਰ ਪਿਸਤੌਲ ਨਾਲ ਅਪਣੇ ਮਾਤਾ-ਪਿਤਾ ’ਤੇ ਫਾਇਰਿੰਗ ਕਰ ਦਿੱਤੀ ਅਤੇ ਆਪਣਾ ਮੋਟਰ ਸਾਈਕਲ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਉਨ੍ਹਾਂ ਕਿਹਾ ਕਿ ਪੁਲਸ ਨੇ ਵਾਰਦਾਤ ’ਚ ਵਰਤਿਆ ਗਿਆ ਮੋਟਰ ਸਾਈਕਲ ਅਤੇ 32 ਬੋਰ ਪਿਸਤੌਲ ਬਰਾਮਦ ਕਰ ਕੇ ਅਜੀਤ ਪਾਲ ਸਿੰਘ ਅਤੇ ਬਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਚ.ਓ ਪ੍ਰਭਜੋਤ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਪ੍ਰਧਾਨਗੀ ਤੋਂ ਅਸਤੀਫ਼ੇ 'ਤੇ ਐਡਵੋਕੇਟ ਧਾਮੀ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News