ਅੰਮ੍ਰਿਤਸਰ 'ਚ ਮੀਂਹ ਪੈਣ ਨਾਲ ਕਿਤੇ ਰਾਹਤ ਤੇ ਕਿਤੇ ਆਫ਼ਤ, ਜਲਥਲ ਕਾਰਨ ਲੋਕ ਤੇ ਦੁਕਾਨਦਾਰ ਹੋਏ ਪ੍ਰੇਸ਼ਾਨ
Tuesday, Jun 27, 2023 - 11:44 AM (IST)
ਅੰਮ੍ਰਿਤਸਰ (ਰਮਨ)- ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਜੂਝ ਰਹੇ ਗੁਰੂ ਨਗਰੀ ਦੇ ਲੋਕਾਂ ਨੂੰ ਮੀਂਹ ਨਾਲ ਜਿੱਥੇ ਭਾਰੀ ਰਾਹਤ ਮਿਲੀ, ਉੱਥੇ ਸ਼ਹਿਰ ਵਿਚ ਕਈ ਜਗ੍ਹਾ ਪਾਣੀ ਖੜ੍ਹਨ ਨਾਲ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨ ਪੈ ਰਿਹਾ ਹੈ। ਗੁਰੂ ਨਗਰੀ ਵਿਚ ਪਿਛਲੇ 24 ਘੰਟਿਆਂ ਦੌਰਾਨ 125 ਐੱਮ. ਐੱਮ. ਮੀਂਹ ਪੈਣ ਨਾਲ ਮੌਸਮ ਵਿਚ ਬਦਲਾਅ ਆ ਚੁੱਕਿਆ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਤਾਪਮਾਨ ਵਿਚ ਗਿਰਾਵਟ ਆਈ, ਜਿਸ ਦੇ ਨਾਲ ਸ਼ਹਿਰ ਵਿਚ 31. 4 ਡਿਗਰੀ ਤਾਪਮਾਨ ਨੋਟ ਕੀਤਾ ਗਿਆ। ਸੋਮਵਾਰ ਸਵੇਰ ਤੋਂ ਹੀ ਪਏ ਮੀਂਹ ਦੌਰਾਨ ਬੇਸ਼ੱਕ ਸਾਰਾ ਦਿਨ ਬੱਦਲਵਾਈ ਬਣੀ ਰਹੀ ਪਰ ਨਾਲ ਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਦੇ ਨੱਕ ਵਿਚ ਦਮ ਵੀ ਕਰੀ ਰੱਖਿਆ।
ਇਹ ਵੀ ਪੜ੍ਹੋ- ਜਲੰਧਰ ਸਣੇ ਪੰਜਾਬ ਦੇ 5 ਸ਼ਹਿਰਾਂ ਲਈ CM ਮਾਨ ਵੱਲੋਂ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ
ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਐਤਵਾਰ ਦੇਰ ਰਾਤ ਮੀਂਹ ਪੈਣ ਤੋਂ ਇਲਾਵਾ ਸੋਮਵਾਰ ਤੜਕਸਾਰ ਹੋਈ ਬਾਰਿਸ਼ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਤੋਂ ਬਾਅਦ ਸੋਮਵਾਰ ਨੂੰ ਦਿਨ ਭਰ ਮੌਸਮ ਸੁਹਾਵਣਾ ਰਿਹਾ। ਇਸ ਦੇ ਨਾਲ ਹੀ ਇਹ ਮੀਂਹ ਫ਼ਸਲਾਂ ਲਈ ਵੀ ਬਹੁਤ ਲਾਹੇਵੰਦ ਹੈ। ਇਸ ਸਮੇਂ ਝੋਨੇ ਅਤੇ ਨਰਮੇ ਦੀ ਫ਼ਸਲ ਨੂੰ ਪਾਣੀ ਦੀ ਲੋੜ ਹੈ, ਜਿਸ ਨੂੰ ਇਸ ਮੀਂਹ ਨਾਲ ਪੂਰਾ ਕੀਤਾ ਹੈ। ਜਦਕਿ ਆਉਣ ਵਾਲੇ ਦੋ ਦਿਨਾਂ ਤਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਫਿਰ ਗਰਮੀ ਦਾ ਅਸਰ ਫਿਰ ਦੇਖਣ ਨੂੰ ਮਿਲੇਗਾ।
ਸੜਕਾਂ ’ਤੇ ਜਲਥਲ ਹੋਣ ਨਾਲ ਲੋਕ ਅਤੇ ਦੁਕਾਨਦਾਰ ਹੋਏ ਪ੍ਰੇਸ਼ਾਨ
ਮੀਂਹ ਪੈਣ ਨਾਲ ਸ਼ਹਿਰ ਵਿਚ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ’ਤੇ ਸਹਿਰ ਦੀਆਂ ਸਮੂਹ ਸੜਕਾਂ ਪਾਣੀ ਵਿਚ ਡੁੱਬੀਆਂ ਨਜ਼ਰ ਆਈਆਂ, ਜਿਸ ਨਾਲ ਰਾਹਗੀਰਾਂ, ਆਸ-ਪਾਸ ਦੇ ਘਰਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਸੜਕਾਂ ਕਾਫੀ ਦੇਰ ਤਕ ਪਾਣੀ ਵਿਚ ਡੁੱਬੀਆਂ ਰਹੀਆਂ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਦੁਕਾਨਦਾਰਾਂ, ਘਰਾਂ ਵਿਚ ਰਹਿਣ ਵਾਲੇ ਲੋਕਾਂ ਅਤੇ ਸੜਕ ਦੇ ਆਸ-ਪਾਸ ਰਾਹਗੀਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਇੱਥੇ ਕਾਫੀ ਪਾਣੀ ਭਰ ਜਾਂਦਾ ਹੈ ਅਤੇ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਕਈ-ਕਈ ਦਿਨ ਇੱਥੇ ਪਾਣੀ ਖੜ੍ਹਾ ਰਹਿੰਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਬਰਸਾਤ ਦਾ ਪਾਣੀ ਜਮ੍ਹਾ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਨਾਲ ਹੀ ਪਾਣੀ ਉਨ੍ਹਾਂ ਦੀਆਂ ਦੁਕਾਨਾਂ ਵਿਚ ਦਾਖਲ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਨਗਰੀ ਵਰਗੇ ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਠੋਸ ਪ੍ਰਬੰਧ ਕੀਤੇ ਜਾਣ।
ਇਹ ਵੀ ਪੜ੍ਹੋ- 76 ਸਾਲ ਬਾਅਦ ਭਾਰਤ ਪਹੁੰਚੀ ਬੀਬੀ ਹਸਮਤ, ਵੰਡ ਦੇ ਭਿਆਨਕ ਸਮੇਂ ਬਾਰੇ ਦੱਸਦਿਆਂ ਅੱਖਾਂ 'ਚ ਆਏ ਹੰਝੂ
ਕਈ ਇਲਾਕਿਆਂ ’ਚ ਬਣੇ ਬਲੈਕ ਆਊਟ ਵਰਗੇ ਹਾਲਾਤ
ਸ਼ਹਿਰ ਵਿਚ ਜਿੱਥੇ ਪਿਛਲੇ ਦਿਨੀ ਤੇਜ਼ ਹਨੇਰੀ ਝੱਖੜ ਨਾਲ ਵੱਖ-ਵੱਖ ਥਾਵਾਂ ’ਤੇ ਵੱਡੇ-ਵੱਡੇ ਦਰੱਖਤ ਡਿੱਗਣ ਤੋਂ ਇਲਾਵਾ ਬਿਜਲੀ ਦੇ ਖੰਭੇ ਅਤੇ ਟਾਵਰ ਡਿੱਗਣ ਨਾਲ ਲੋਕਾਂ ਨੂੰ ਬਿਜਲੀ ਸਬੰਧੀ ਪ੍ਰੇਸ਼ਾਨੀਆਂ ਆ ਰਹੀਆਂ ਹਨ, ਉਥੇ ਹੀ ਹੋਈ ਬਾਰਿਸ਼ ਦੌਰਾਨ ਫਿਰ ਤੋਂ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ ਅਤੇ ਬਲੈਕ ਆਊਟ ਵਰਗੇ ਹਾਲਾਤ ਬਣੇ ਰਹੇ। ਪਾਵਰਕਾਮ ਅਧਿਕਾਰੀਆਂ ਦੱਸਿਆ ਕਿ ਮੁਲਾਜ਼ਮਾਂ ਦੀ ਕਮੀ ਦੇ ਬਾਵਜੂਦ ਵੀ ਹਾਜਰ ਕਰਮਚਾਰੀਆਂ ਵੱਲੋਂ ਖਪਤਕਾਰਾਂ ਦੀ ਸਹਾਇਤਾ ਨਾਲ ਬਿਜਲੀ ਸਪਲਾਈ ਚਾਲੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ ਮੀਂਹ, ਝੱਖੜ ਕਾਰਨ ਪਾਵਰਕਾਮ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।