ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਸੋਨੀ ਦੇ ਗੰਨਮੈਨ ਤੋਂ ਅਚਾਨਕ ਚੱਲੀ ਗੋਲੀ, ਪੁਲਸ ਨੇ ਕੀਤਾ ਕਾਬੂ
Monday, Mar 20, 2023 - 11:03 AM (IST)
ਗੁਰਦਾਸਪੁਰ (ਵਿਨੋਦ)- ਸ਼ਿਵ ਸੈਨਾ ਬਾਲ ਠਾਕਰੇ ਦੇ ਉਪ ਪ੍ਰਧਾਨ ਹਰਵਿੰਦਰ ਸੋਨੀ ਦੇ ਗੰਨਮੈਨ ਤੋਂ ਅਚਾਨਕ 2 ਗੋਲੀਆਂ ਚੱਲ ਗਈਆਂ ਪਰ ਖੁਸ਼ਕਿਸਮਤੀ ਨਾਲ ਦੋਵੇਂ ਹੀ ਗੋਲੀਆਂ ਬਾਹਰ ਬਣੀ ਪੋਸਟ ਦੀ ਛੱਤ ਨੂੰ ਚੀਰਦੀਆਂ ਹੋਈਆਂ ਨਿਕਲ ਗਈਆਂ। ਇਸ ਸਬੰਧੀ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ, ਜੋ ਇਸ ਸਮੇਂ ਅੱਤਵਾਦੀਆਂ ਦੀ ਹਿੱਟ ਲਿਸਟ ’ਤੇ ਹੈ, ਨੂੰ ਸਰਕਾਰ ਵੱਲੋਂ 21 ਗੰਨਮੈਨ ਦਿੱਤੇ ਗਏ ਹਨ। ਇਹ ਗੰਨਮੈਨ ਉਸ ਦੇ ਘਰ ਬਾਹਰ ਪੋਸਟ ਬਣਾ ਕੇ ਡਿਊਟੀ ਦਿੰਦੇ ਹਨ। ਬੀਤੀ ਸਵੇਰੇ ਅਚਾਨਕ ਸੋਨੀ ਨੇ ਘਰ ਦੇ ਬਾਹਰ 2 ਫਾਇਰ ਹੋਣ ਦੀ ਆਵਾਜ਼ ਸੁਣੀ ਤਾਂ ਉਸ ਨੇ ਤੁਰੰਤ ਜ਼ਿਲ੍ਹਾ ਪੁਲਸ ਮੁਖੀ ਨੂੰ ਸੂਚਿਤ ਕੀਤਾ, ਜਿਸ ’ਤੇ ਡੀ. ਐੱਸ. ਪੀ. ਸਿਟੀ ਰਿਪੂਤਪਨ ਸਿੰਘ, ਸਿਟੀ ਥਾਣਾ ਇੰਚਾਰਜ ਗੁਰਮੀਤ ਸਿੰਘ ਅਤੇ ਸੀ. ਆਈ. ਏ. ਸਟਾਫ਼ ਇੰਚਾਰਜ ਕਪਿਲ ਕੌਸ਼ਲ ਆਦਿ ਮੌਕੇ ’ਤੇ ਪੁੱਜੇ।
ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ
ਜਦੋਂ ਗੋਲੀਬਾਰੀ ਬਾਰੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਗੋਲੀਆਂ ਸੋਨੀ ਦੀ ਸੁਰੱਖਿਆ ਲਈ ਤਾਇਨਾਤ ਸਹਾਇਕ ਸਬ-ਇੰਸਪੈਕਟਰ ਨਿਰਮਲ ਸਿੰਘ ਦੀ ਸਰਕਾਰੀ ਏ. ਕੇ.-47 ਰਾਈਫ਼ਲ ਤੋਂ ਚੱਲੀਆਂ ਸਨ । ਸਹਾਇਕ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦਾ ਅਚਾਨਕ ਬੀ. ਪੀ. ਵਧਣ ਕਾਰਨ ਗੋਲੀਆਂ ਚੱਲ ਗਈਆਂ। ਪੁਲਸ ਅਧਿਕਾਰੀ ਫਾਇਰਿੰਗ ਕਰਨ ਵਾਲੇ ਸਹਾਇਕ ਸਬ-ਇੰਸਪੈਕਟਰ ਨੂੰ ਕਾਬੂ ਕਰ ਕੇ ਉਸ ਦੀ ਏ. ਕੇ. 47 ਰਾਈਫ਼ਲ ਵੀ ਨਾਲ ਲੈ ਗਏ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ
ਇਸ ਸਬੰਧੀ ਐੱਸ. ਐੱਸ. ਪੀ. ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਸਬੰਧਤ ਕਰਮਚਾਰੀ ਨੂੰ ਸਸਪੈਂਡ ਕਰਕੇ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਸਬੰਧੀ ਹਰਵਿੰਦਰ ਸੋਨੀ ਨੇ ਕਿਹਾ ਕਿ ਉਹ ਇਸ ਸਬੰਧੀ ਪਹਿਲਾਂ ਹੀ ਅਧਿਕਾਰੀਆਂ ਨੂੰ ਲਿਖਤੀ ਪੱਤਰ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਗਾਰਡ ਦਿੱਤੇ ਜਾਣ। ਉਸ ਨੇ ਇਕ ਵਾਰ ਫਿਰ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਸਿਹਤਮੰਦ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਗੰਨਮੈਨ ਦਿੱਤੇ ਜਾਣ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।