ਅਕਾਲੀ ਦਲ ਲਈ ਵੱਡੀ ਚੁਣੌਤੀ ਹੋਣਗੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ

06/01/2023 5:03:11 PM

 

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਇਮਤਿਹਾਨ ਹੋਣਗੀਆਂ, ਜਿਸ ਦਾ ਲੰਮੇ ਸਮੇਂ ਤੋਂ ਕਮੇਟੀ ਦੇ ਮਾਮਲਿਆਂ ਵਿੱਚ ਦਬਦਬਾ ਰਿਹਾ ਹੈ। ਗੁਰਦੁਆਰਾ ਚੋਣਾਂ ਦੇ ਮੁੱਖ ਚੋਣ ਕਮਿਸ਼ਨਰ ਐੱਸਐੱਸ ਸਾਰੋਂ (ਸੇਵਾਮੁਕਤ) ਨੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ  ਚੋਣਾਂ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਦੇ ਅਹੁਦੇ ਲਈ ਚੁਣਿਆ ਸੀ ਹਾਲਾਂਕਿ ਅਕਾਲੀ ਦਲ 'ਚੋਂ ਕੱਢੇ ਗਏ ਬੀਬੀ ਜਗੀਰ ਕੌਰ ਵੱਲੋਂ ਵਿੱਢੀ ਗਈ ਮੁਹਿੰਮ ਪਾਰਟੀ ਲਈ ਵੱਡੀ ਚਿੰਤਾ ਬਣੀ ਹੋਈ ਹੈ।

ਇਹ ਵੀ ਪੜ੍ਹੋ-  ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ 'ਤੇ SGPC ਦਾ ਤਿੱਖਾ ਪ੍ਰਤੀਕਰਮ

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਦਹਾਕੇ ਦੇ ਸ਼ਾਸਨ ਤੋਂ ਬਾਅਦ ਜਦੋਂ ਤੋਂ ਪਾਰਟੀ ਪੰਜਾਬ ਵਿੱਚ ਸੱਤਾ ਤੋਂ ਹੱਥ ਧੋ ਬੈਠੀ ਹੈ, ਉਦੋਂ ਤੋਂ ਹੀ ਪਾਰਟੀ ਲੀਡਰਸ਼ਿਪ ਦੇ ਖ਼ਿਲਾਫ਼ ਅਸੰਤੁਸ਼ਟੀ ਦਾ ਦੌਰ ਵਧਦਾ ਜਾ ਰਿਹਾ ਹੈ। ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ ਸਿਰਫ਼ ਤਿੰਨ ਸੀਟਾਂ ਜਿੱਤੀਆਂ ਸਨ, ਇਸ ਤੋਂ ਬਾਅਦ ਸੰਗਰੂਰ ਅਤੇ ਜਲੰਧਰ ਲੋਕ ਸਭਾ ਉਪ ਚੋਣਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਸੀ।

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ, ਅਕਾਲੀ ਦਲ ਨੇ ਕਈ ਸੀਨੀਅਰ 'ਟਕਸਾਲੀ' ਅਕਾਲੀਆਂ, ਜਿਵੇਂ ਕਿ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ (ਦੋਵੇਂ ਹੀ ਅਕਾਲ ਚਲਾਣਾ ਕਰ ਚੁੱਕੇ ਹਨ), ਸਾਬਕਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਐੱਮ.ਐੱਲ.ਏ. ਅਮਰਪਾਲ ਸਿੰਘ ਬੋਨੀ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਾਬਕਾ ਵਿਧਾਇਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੀ ਬਾਅਦ 'ਚ ਪਾਰਟੀ ਨਾਲੋਂ ਵੱਖ ਹੋ ਗਏ।

ਇਹ ਵੀ ਪੜ੍ਹੋ- ਪੰਜਾਬ ਦੇ ਸਾਰੇ ਕਾਲਜ 3 ਦਿਨ ਰਹਿਣਗੇ ‘ਤਾਲਾਬੰਦ’, ਸਾਂਝੀ ਐਕਸ਼ਨ ਕਮੇਟੀ ਨੇ ਦਿੱਤੀ ਇਹ ਚਿਤਾਵਨੀ

ਇਸ ਤੋਂ ਇਲਾਵਾ ਤਿੰਨ ਵਾਰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕਿਉਂਕਿ ਉਹ ਸ਼੍ਰੋਮਣੀ ਕਮੇਟੀ ’ਤੇ ਸਿਆਸੀ ਪ੍ਰਭਾਵ ਦੇ ਖ਼ਿਲਾਫ਼ ਸਨ। ਬੀਬੀ ਜਗੀਰ ਕੌਰ ਐੱਸਜੀਪੀਸੀ ਪ੍ਰਧਾਨ ਦੇ ਅਹੁਦੇ ਲਈ ਧਾਮੀ ਨੂੰ ਹਰਾਉਣ ਵਿੱਚ ਅਸਫ਼ਲ ਰਹੀ ਸੀ, ਪਰ ਉਸਨੇ ਪਿਛਲੀਆਂ ਚੋਣਾਂ ਵਿੱਚ ਵਿਰੋਧੀ ਉਮੀਦਵਾਰਾਂ ਵਜੋਂ ਕਾਫ਼ੀ ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਗੜ੍ਹ ਨੂੰ ਤੋੜਨ ਵਿੱਚ ਕਾਮਯਾਬ ਹੋ ਗਈ ਸੀ। ਧਾਮੀ 104 ਵੋਟਾਂ ਲੈ ਕੇ ਜਿੱਤ ਗਏ ਸਨ ਜਦੋਂ ਕਿ ਬੀਬੀ ਨੂੰ 42 ਵੋਟਾਂ ਮਿਲੀਆਂ। ਇਥੇ ਇਹ ਧਿਆਨ ਦੇਣ ਯੋਗ ਸੀ ਕਿਉਂਕਿ ਪਿਛਲੇ ਸਮੇਂ ਵਿੱਚ ਵਿਰੋਧੀ ਧਿਰ ਦਾ ਕੋਈ ਵੀ ਉਮੀਦਵਾਰ 20 ਤੋਂ ਵੱਧ ਵੋਟਾਂ ਹਾਸਲ ਨਹੀਂ ਕਰ ਸਕਿਆ ਸੀ। ਇਹ ਇਸ ਗੱਲ ਦਾ ਸੰਕੇਤ ਸੀ ਕਿ ਅਕਾਲੀ ਦਲ ਦੇ ਫ਼ਤਵੇ ਦੇ ਖ਼ਿਲਾਫ਼ ਮੈਂਬਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਭਾਵੇਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਚੋਣਾਂ ਹਰ ਪੰਜ ਸਾਲ ਬਾਅਦ ਹੋਣੀਆਂ ਹੁੰਦੀਆਂ ਹਨ ਪਰ 2011 ਤੋਂ ਬਾਅਦ ਕੋਈ ਚੋਣ ਨਹੀਂ ਹੋਈ। ਸਤੰਬਰ 2011 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਨੇ ਮਿਲ ਕੇ 170 ਵਿੱਚੋਂ 157 ਸੀਟਾਂ ਜਿੱਤੀਆਂ ਸਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News