ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਜਾਖੜ ਦਾ ਬਿਆਨ ਬੇਤੁਕਾ: ਐਡਵੋਕੇਟ ਧਾਮੀ

Monday, Jul 20, 2020 - 06:41 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਜਾਖੜ ਦਾ ਬਿਆਨ ਬੇਤੁਕਾ: ਐਡਵੋਕੇਟ ਧਾਮੀ

ਅੰਮ੍ਰਿਤਸਰ (ਦੀਪਕ ਸ਼ਰਮਾ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਸੀਹਤ ਦੇਣ ਵਾਲੇ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਹਨ, ਜਿਸ ਦੇ ਜਥੇਦਾਰ ਸਾਹਿਬ ਬਾਰੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਕਾਂਗਰਸ ਦੇ ਆਗੂ ਆਪਣੀ ਪਾਰਟੀ ਦੇ ਸਿੱਖਾਂ ਪ੍ਰਤੀ ਕਿਰਦਾਰ ਨੂੰ ਸਾਹਮਣੇ ਰੱਖਣ।

ਇਹ ਵੀ ਪੜ੍ਹੋ: ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹੇਗੀ ਭਾਰਤ ਦੀ ਪਹਿਲੀ ਦਿਵਿਆਂਗ ਪੰਜਾਬਣ, ਕੈਪਟਨ ਨੇ ਦਿੱਤੀ ਸ਼ਾਬਾਸ਼ੀ

ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ 'ਚ ਵਕੀਲ ਧਾਮੀ ਨੇ ਕਿਹਾ ਕਿ ਜੂਨ 1984 'ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢੇਹ-ਢੇਰੀ ਕਰਨ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਕਾਂਗਰਸ ਜਮਾਤ ਦੇ ਸੂਬਾ ਪ੍ਰਧਾਨ ਵੱਲੋਂ ਸਿੱਖ ਕੌਮ ਦੇ ਸਰਵਉੱਚ ਅਸਥਾਨ ਦੇ ਜਥੇਦਾਰ ਨੂੰ ਨਸੀਹਤ ਕਰਨਾ ਬੇਤੁਕਾ ਹੈ। ਜਾਖੜ ਪਿਤਾ ਪੁਰਖੀ ਕਾਂਗਰਸੀ ਹੈ ਅਤੇ ਉਸ ਨੂੰ ਸਾਕਾ ਨੀਲਾ ਤਾਰਾ ਸਮੇਂ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਨਸੀਹਤ ਦੇਣੀ ਚਾਹੀਦੀ ਸੀ।

ਇਹ ਵੀ ਪੜ੍ਹੋ: ਪ੍ਰੀਤਮ ਸਿੰਘ ਦੇ ਪਰਿਵਾਰ ਨੇ ਅਸਥੀਆਂ ਲੈਣ ਤੋਂ ਕੀਤਾ ਇਨਕਾਰ, ਹਾਈਕੋਰਟ 'ਚ 'ਰਿਟ' ਕਰਨਗੇ ਦਾਇਰ

ਉਨ੍ਹਾਂ ਜਾਖੜ ਨੂੰ ਸੁਝਾਅ ਦਿੱਤਾ ਕਿ ਉਹ ਹੁਣ ਵੀ ਕਾਂਗਰਸ ਦੀ ਕੌਮੀ ਲੀਡਰਸ਼ਿਪ ਨੂੰ 1984 ਦੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ ਲਈ ਮੁਆਫ਼ੀ ਮੰਗਣ ਲਈ ਨਸੀਹਤ ਦੇਣ। ਦਿੱਲੀ, ਕਾਨਪੁਰ ਅਤੇ ਬੋਕਾਰੋ ਆਦਿ ਸ਼ਹਿਰਾਂ 'ਚ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤੀ ਸਿੱਖਾਂ ਦੀ ਨਸਲਕੁਸ਼ੀ ਦੇ ਜ਼ਖ਼ਮ ਅਜੇ ਤੀਕ ਭਰੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਾਖੜ ਰਾਜਸੀ ਰੋਟੀਆਂ ਸੇਕਣ ਦੇ ਨਜ਼ਰੀਏ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਨਸੀਹਤ ਦੇਣ ਦੀ ਗਲਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਸਿੱਖ ਕੌਮ ਦੀ ਬੇਹਤਰ ਅਗਵਾਈ ਕਰ ਰਹੇ ਹਨ। ਉਨ੍ਹਾਂ ਸੁਨੀਲ ਜਾਖੜ ਨੂੰ ਕਿਹਾ ਕਿ ਉਹ ਸਿੱਖਾਂ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਨਾ ਕਰਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 11 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ


author

shivani attri

Content Editor

Related News