ਸਕੂਲਾਂ ’ਚ ਛੁੱਟੀਆਂ ਖ਼ਤਮ ਪਰ ਠੰਡ ਤੇ ਧੁੰਦ ਦਾ ‘ਡਬਲ ਅਟੈਕ’ ਜਾਰੀ, ਪਾਲੇ ’ਚ ਕਿਵੇਂ ਸਕੂਲ ਜਾਣਗੇ ਵਿਦਿਆਰਥੀ

Tuesday, Jan 13, 2026 - 12:34 PM (IST)

ਸਕੂਲਾਂ ’ਚ ਛੁੱਟੀਆਂ ਖ਼ਤਮ ਪਰ ਠੰਡ ਤੇ ਧੁੰਦ ਦਾ ‘ਡਬਲ ਅਟੈਕ’ ਜਾਰੀ, ਪਾਲੇ ’ਚ ਕਿਵੇਂ ਸਕੂਲ ਜਾਣਗੇ ਵਿਦਿਆਰਥੀ

ਅੰਮ੍ਰਿਤਸਰ/ਬਾਬਾ ਬਕਾਲਾ ਸਾਹਿਬ(ਸਰਬਜੀਤ/ਰਾਕੇਸ਼)- ਪੰਜਾਬ ’ਚ ਪਿਛਲੇ ਕੁਝ ਹਫ਼ਤਿਆਂ ਤੋਂ ਪੈ ਰਹੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਇਸ ਭਿਆਨਕ ਸਰਦੀ ਦੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਤਿੰਨ ਕਿਸ਼ਤਾਂ ’ਚ ਵਾਧਾ ਕਰਦਿਆਂ ਸਕੂਲਾਂ ’ਚ ਛੁੱਟੀਆਂ ਕੀਤੀਆਂ ਗਈਆਂ ਸਨ ਤਾਂ ਜੋ ਸਕੂਲੀ ਬੱਚੇ ਅਤੇ ਸਟਾਫ ਠੰਡ ਦੀ ਮਾਰ ਤੋਂ ਬਚ ਸਕਣ। ਪ੍ਰੰਤੂ ਹੁਣ ਸਕੂਲਾਂ ’ਚ ਪਈਆਂ ਇਹ ਛੁੱਟੀਆਂ ਖ਼ਤਮ ਹੋ ਗਈਆਂ ਹਨ ਅਤੇ ਅੱਜ ਤੋਂ ਮੁੜ ਸਕੂਲ ਖੁੱਲ੍ਹ ਚੁੱਕੇ ਹਨ, ਜਦਕਿ ਕੁਦਰਤ ਦਾ ਕਹਿਰ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ RED ALERT! ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ...

ਸੰਘਣੀ ਧੁੰਦ ਕਾਰਨ ਵਧਿਆ ਹਾਦਸਿਆਂ ਦਾ ਡਰ

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ’ਚ ਠੰਡ ਹੋਰ ਵਧਣ ਦੀ ਸੰਭਾਵਨਾ ਹੈ। ਸਵੇਰ ਦੇ ਸਮੇਂ ਪੈ ਰਹੀ ਸੰਘਣੀ ਧੁੰਦ ਕਾਰਨ ਸੜਕਾਂ ’ਤੇ ਜ਼ੀਰੋ ਵਿਜ਼ੀਬਿਲਟੀ ਬਣੀ ਹੋਈ ਹੈ। ਅਜਿਹੇ ਹਾਲਾਤ ’ਚ ਛੋਟੇ ਬੱਚਿਆਂ ਦਾ ਸਵੇਰੇ ਜਲਦੀ ਸਕੂਲ ਜਾਣਾ ਨਾ ਸਿਰਫ਼ ਉਨ੍ਹਾਂ ਦੀ ਸਿਹਤ ਲਈ ਖ਼ਤਰਨਾਕ ਹੈ, ਸਗੋਂ ਸੜਕੀ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਖ਼ਾਸ ਕਰ ਕੇ ਦੂਰ-ਦੁਰਾਡੇ ਪਿੰਡਾਂ ਤੋਂ ਵੈਨਾਂ ਜਾਂ ਸਾਈਕਲਾਂ ’ਤੇ ਸਕੂਲ ਜਾਣ ਵਾਲੇ ਬੱਚਿਆਂ ਲਈ ਇਹ ਧੁੰਦ ਜਮਦੂਤ ਸਾਬਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਸੁੱਤੇ ਪਏ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਪਿੰਡ 'ਚ ਪਸਰਿਆ ਸੋਗ

ਮਾਪਿਆਂ ਨੇ ਸਰਕਾਰ ਅੱਗੇ ਰੱਖੀ ਨਵੀਂ ਤਜਵੀਜ਼

ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਰਦੀਆਂ ਦੀਆਂ ਛੁੱਟੀਆਂ ਦੇ ਮੌਜੂਦਾ ਸ਼ਡਿਊਲ ’ਚ ਸੋਧ ਕੀਤੀ ਜਾਵੇ। ਮਾਪਿਆਂ ਦਾ ਕਹਿਣਾ ਹੈ ਕਿ ਅਕਸਰ 22 ਦਸੰਬਰ ਤੋਂ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ, ਜਦਕਿ ਉਸ ਸਮੇਂ ਠੰਡ ਦਾ ਪ੍ਰਕੋਪ ਇੰਨਾ ਜ਼ਿਆਦਾ ਨਹੀਂ ਹੁੰਦਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਛੁੱਟੀਆਂ ਨੂੰ ਮਨਸੂਖ ਕਰ ਕੇ ਹਰ ਸਾਲ 1 ਜਨਵਰੀ ਤੋਂ 15 ਜਨਵਰੀ ਤੱਕ ਛੁੱਟੀਆਂ ਕਰਨ ਦੀ ਸਥਾਈ ਤਜਵੀਜ਼ ਲਾਗੂ ਕੀਤੀ ਜਾਵੇ।

ਇਹ ਵੀ ਪੜ੍ਹੋ- ਠੰਡ ਨੇ ਤੋੜੇ ਰਿਕਾਰਡ: ਕੱਲ੍ਹ ਦਾ ਦਿਨ ਰਿਹਾ ਸਭ ਤੋਂ ਠੰਡਾ, ਅਗਲੇ 48 ਘੰਟਿਆਂ ਲਈ ‘ਰੈੱਡ ਅਲਰਟ’

ਸਿਹਤ ਅਤੇ ਪੜ੍ਹਾਈ ਦਾ ਸੰਤੁਲਨ

ਸਥਾਨਕ ਲੋਕਾਂ ਅਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਜੇਕਰ ਜਨਵਰੀ ਦੇ ਪਹਿਲੇ ਪੰਦਰਾਂ ਦਿਨਾਂ ’ਚ ਪੱਕੇ ਤੌਰ ’ਤੇ ਛੁੱਟੀਆਂ ਕੀਤੀਆਂ ਜਾਣ ਤਾਂ ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਵੇਗਾ ਅਤੇ ਉਹ ਭਿਆਨਕ ਸੀਤ ਲਹਿਰ ਤੋਂ ਵੀ ਬਚ ਸਕਣਗੇ। ਅਜੋਕੇ ਸਮੇਂ ’ਚ ਜਦੋਂ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ, ਬੱਚਿਆਂ ਨੂੰ ਖੰਘ, ਜ਼ੁਕਾਮ ਅਤੇ ਬੁਖ਼ਾਰ ਵਰਗੀਆਂ ਬੀਮਾਰੀਆਂ ਘੇਰ ਰਹੀਆਂ ਹਨ।

ਇਲਾਕਾ ਨਿਵਾਸੀਆਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਿਰਫ਼ ਬੱਚੇ ਹੀ ਨਹੀਂ, ਸਗੋਂ ਸਕੂਲੀ ਸਟਾਫ ਅਤੇ ਅਧਿਆਪਕਾਂ ਨੂੰ ਵੀ ਇਸ ਧੁੰਦ ਅਤੇ ਠੰਡ ’ਚ ਆਪਣੀ ਡਿਊਟੀ ਨਿਭਾਉਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਜੇਕਰ ਸਰਕਾਰ 15 ਜਨਵਰੀ ਤੱਕ ਛੁੱਟੀਆਂ ਵਧਾਉਣ ਦਾ ਫੈਸਲਾ ਲੈਂਦੀ ਹੈ, ਤਾਂ ਇਹ ਬਹੁਤ ਸ਼ਲਾਘਾਯੋਗ ਕਦਮ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਮਾਪਿਆਂ ਦੀ ਇਸ ਵਾਜਬ ਮੰਗ ਵੱਲ ਧਿਆਨ ਦਿੰਦੀ ਹੈ ਜਾਂ ਬੱਚਿਆਂ ਨੂੰ ਇਸੇ ਕੜਾਕੇ ਦੀ ਠੰਡ ਅਤੇ ਧੁੰਦ ’ਚ ਸਕੂਲ ਜਾਣਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News