ਸੜਕ ਸੁਰੱਖਿਆ ਫੋਰਸ ਦੀ ਇਸ ਜ਼ਿਲ੍ਹੇ ''ਚ ਜਲਦ ਹੋਵੇਗੀ ਸ਼ੁਰੂਆਤ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ 5 ਪੁਲਸ ਵਾਹਨ

Monday, Feb 05, 2024 - 06:30 PM (IST)

ਸੜਕ ਸੁਰੱਖਿਆ ਫੋਰਸ ਦੀ ਇਸ ਜ਼ਿਲ੍ਹੇ ''ਚ ਜਲਦ ਹੋਵੇਗੀ ਸ਼ੁਰੂਆਤ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ 5 ਪੁਲਸ ਵਾਹਨ

ਗੁਰਦਾਸਪੁਰ (ਹਰਮਨ)- ਇਕ ਹਫ਼ਤਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਤੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਤਹਿਤ ਗੁਰਦਾਸਪੁਰ ਪੁਲਸ ਜ਼ਿਲ੍ਹੇ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ 5 ਵਾਹਨ ਮਿਲੇ ਹਨ, ਜਿਨ੍ਹਾਂ ਦੇ ਨਾਲ 40 ਮੁਲਾਜ਼ਮਾਂ ਦੀ ਸਪੈਸ਼ਲ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਹਰੀਸ਼ ਦਾਯਮਾ ਵੱਲੋਂ ਸਾਰੇ ਰੂਟਾਂ ਦੀ ਰੂਪਰੇਖਾ ਤਿਆਰ ਕਰਵਾ ਕੇ ਯੋਜਨਾਬੰਦੀ ਕਰ ਲਈ ਗਈ ਹੈ ਅਤੇ ਆਉਣ ਵਾਲੇ 2 ਦਿਨਾਂ ਅੰਦਰ ਇਹ ਵਾਹਨ ਆਪਣੇ ਨਿਰਧਾਰਿਤ ਪੁਆਇੰਟਾਂ ’ਤੇ ਪਹੁੰਚ ਕੇ ਲੋਕਾਂ ਦੀ ਸੁਰੱਖਿਆ ਦਾ ਕੰਮ ਸ਼ੁਰੂ ਕਰਨਗੇ। ਐੱਸ. ਐੱਸ. ਪੀ. ਹਰੀਸ਼ ਦਾਯਮਾ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਸੂਬੇ ਅੰਦਰ ਆਪਣੀ ਕਿਸਮ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਹੋਈ ਹੈ।

ਕਿਥੇ-ਕਿਥੇ ਨਿਗਰਾਨੀ ਕਰਨਗੇ ਵਾਹਨ

ਐੱਸ. ਐੱਸ. ਪੀ. ਨੇ ਦੱਸਿਆ ਕਿ ਗੁਰਦਾਸਪੁਰ ਪੁਲਸ ਜ਼ਿਲ੍ਹੇ ਨੂੰ 5 ਵਾਹਨ ਅਲਾਟ ਹੋਏ ਹਨ, ਇਨ੍ਹਾਂ ’ਚੋਂ ਇਕ ਵਾਹਨ ਗੁਰਦਾਸਪੁਰ-ਧਾਰੀਵਾਲ ਹਾਈਵੇ ’ਤੇ ਮੌਜੂਦ ਰਹੇਗਾ। ਇਸੇ ਤਰ੍ਹਾਂ ਦੂਸਰਾ ਵਾਹਨ ਗੁਰਦਾਸਪੁਰ ਤੋਂ ਦੀਨਾਨਗਰ, ਤੀਸਰਾ ਵਾਹਨ ਗੁਰਦਾਸਪੁਰ ਤੋਂ ਕਲਾਨੌਰ, ਚੌਥਾ ਵਾਹਨ ਗੁਰਦਾਸਪੁਰ ਤੋਂ ਮੁਕੇਰੀਆਂ ਰੋਡ (ਜ਼ਿਲ੍ਹੇੇ ਦੀ ਹੱਦ ਦਾਊਵਾਲ ਨਾਕੇ ਤੱਕ) ਅਤੇ ਪੰਜਵਾਂ ਵਾਹਨ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਟਾਂਡਾ ਰੋਡ ਤੱਕ ਮੌਜੂਦ ਰਹੇਗਾ।

ਇਹ ਵੀ ਪੜ੍ਹੋ : ਭਾਈ ਪਿੰਦਰਪਾਲ ਸਿੰਘ ਦੇ ਮਾਤਾ ਦੇ ਦਿਹਾਂਤ ‘ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ

8 ਮਹਿਲਾ ਮੁਲਾਜ਼ਮਾਂ ਸਮੇਤ 40 ਮੈਂਬਰਾਂ ਦੀ ਟੀਮ ਰਹੇਗੀ ਤਾਇਨਾਤ

ਐੱਸ. ਐੱਸ. ਪੀ. ਹਰੀਸ਼ ਦਾਯਮਾ ਨੇ ਦੱਸਿਆ ਕਿ ਕਿ ਹਰੇਕ ਵਾਹਨ ’ਚ 4 ਪੁਲਸ ਮੁਲਾਜ਼ਮਾਂ ਦੀ ਟੀਮ ਹੋਵੇਗੀ, ਜਿਸ ਦੀ ਅਗਵਾਈ ਪੈਟਰੋਲਿੰਗ ਇੰਚਾਰਜ ਵਜੋਂ ਏ. ਐੱਸ. ਆਈ. ਜਾਂ ਉਸ ਤੋਂ ਉੱਚ ਰੈਂਕ ਦਾ ਅਧਿਕਾਰੀ ਕਰੇਗਾ। ਇਕ ਏ. ਐੱਸ. ਆਈ. ਦੇ ਨਾਲ ਤਿੰਨ ਹੋਰ ਮੁਲਾਜ਼ਮ ਹੋਣਗੇ। ਹੁਣ ਤੱਕ ਕਰੀਬ 40 ਮੁਲਾਜ਼ਮਾਂ ਨੂੰ ਇਨ੍ਹਾਂ ਵਾਹਨਾਂ ਲਈ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 32 ਪੁਰਸ਼ ਅਤੇ 8 ਮਹਿਲਾ ਮੁਲਾਜ਼ਮ ਹੋਣਗੇ। ਇਹ ਟੀਮਾਂ ਅੱਠ ਘੰਟੇ ਦੀ ਸ਼ਿਫਟ ਮੁਤਾਬਿਕ 24 ਘੰਟੇ ਤਾਇਨਾਤ ਰਹਿਣਗੀਆਂ, ਜਿਸ ਸਬੰਧੀ ਉਨ੍ਹਾਂ ਨੂੰ ਪੁਲਸ ਟਰੇਨਿੰਗ ਅਕੈਡਮੀ, ਕਪੂਰਥਲਾ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਾਜ਼ਮ ਰੋਟੇਸ਼ਨ ਵਿਚ ਡਿਊਟੀ ਦੇਣਗੇ ਅਤੇ ਇਹ ਫੋਰਸ 24 ਘੰਟੇ ਹਾਜ਼ਰ ਰਹੇਗੀ। ਲੋਕ ਸੜਕ ਸੁਰੱਖਿਆ ਲਈ 112 ਨੰਬਰ ਡਾਇਲ ਕਰ ਸਕਦੇ ਹਨ।

ਇਹ ਵੀ ਪੜ੍ਹੋ : CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਇਕ ਹਫ਼ਤਾ ਪਹਿਲਾਂ ਮੁੱਖ ਮੰਤਰੀ ਨੇ ਕੀਤੀ ਸੀ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੜਕ ਸੁਰੱਖਿਆ ਫੋਰਸ ਨੂੰ ਸੜਕਾਂ ਦੀ ਕੁਸ਼ਲਤਾ ਨਾਲ ਨਿਗਰਾਨੀ ਕਰਨ ਲਈ ਪਹਿਲੇ ਪੜਾਅ ’ਚ ਪੁਲਸ ਨੂੰ ਦਿੱਤੇ 144 ਅਤਿ ਆਧੁਨਿਕ ਵਾਹਨਾਂ ਦਾ ਰਸਮੀ ਉਦਘਾਟਨ ਕੀਤਾ ਸੀ। ਇਨ੍ਹਾਂ ਵਾਹਨਾਂ ’ਚ 116 ਟੋਇਟਾ ਹਿਲਕਸ ਅਤੇ 28 ਮਹਿੰਦਰਾ ਸਕਾਰਪੀਓ ਸ਼ਾਮਲ ਹਨ ਅਤੇ ਸੜਕਾਂ ਦੀ ਨਿਗਰਾਨੀ ਲਈ ਇਹ ਵਾਹਨ ਹਰ 30 ਕਿਲੋਮੀਟਰ ਦੇ ਵਕਫ਼ੇ ਨਾਲ ਤਾਇਨਾਤ ਕੀਤੇ ਜਾ ਰਹੇ ਹਨ। ਐੱਸ. ਐੱਸ. ਐੱਫ. ਦੇ ਪਹਿਲੇ ਪੜਾਅ ’ਚ 1296 ਨਵੇਂ ਭਰਤੀ ਪੁਲਸ ਮੁਲਾਜ਼ਮਾਂ ਅਤੇ ਮੌਜੂਦਾ 432 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਦਲਦੇ ਮੌਸਮ ਕਾਰਨ ਲੋਕ ਪ੍ਰੇਸ਼ਾਨ, ਅੱਜ ਫਿਰ ਆਸਮਾਨ ’ਤੇ ਛਾਏ ਬੱਦਲ, ਭਾਰੀ ਮੀਂਹ ਦਾ ਅਲਰਟ ਜਾਰੀ

ਆਧੁਨਿਕ ਸਹੂਲਤਾਂ ਨਾਲ ਨਾਲ ਲੈਸ ਹਨ ਵਾਹਨ

ਟੋਇਟਾ ਹਿਲਕਸ ਅਤੇ ਮਹਿੰਦਰਾ ਸਕਾਰਪੀਓ ਮਾਡਲ ਦੇ ਇਹ ਵਾਹਨ ਟ੍ਰੈਫਿਕ ਅਤੇ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਇਹ ਵਾਹਨ ਸਪੀਡ ਗਨ, ਐਲਕੋਮੀਟਰ, ਈ-ਚਾਲਾਨ ਮਸ਼ੀਨਾਂ ਅਤੇ ਏ. ਆਈ. ਆਧਾਰਿਤ ਸਮਾਰਟ ਪ੍ਰਣਾਲੀ ਵਰਗੇ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਹਨ। ਇਸ ਫੋਰਸ ਕੋਲ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਨਾਲ ਨਾਲ ਰੀਅਲ-ਟਾਈਮ ਸੀ. ਸੀ. ਟੀ. ਵੀ. ਕੈਮਰਿਆਂ ਵਾਲੀ ਰਿਕਵਰੀ ਵੈਨ ਵੀ ਹੋਵੇਗੀ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦੀ ਜਾਂਚ ਅਤੇ ਤਕਨੀਕੀ ਕੰਮ ਸੰਭਾਲਣ ਲਈ ਮਕੈਨੀਕਲ ਇੰਜੀਨੀਅਰ, ਸਿਵਲ ਇੰਜੀਨੀਅਰ ਅਤੇ ਆਈ. ਟੀ. ਮਾਹਿਰਾਂ ਦੀਆਂ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News