ਤਿੱਖੀ ਧੁੱਪ ਨਾਲ ਸੀਤ ਲਹਿਰ ਤੋਂ ਮਿਲਿਆ ਛੁਟਕਾਰਾ, ਤਾਪਮਾਨ ’ਚ ਹੋਇਆ ਵਾਧਾ, ਹਵਾ ਦੀ ਗੁਣਵੱਤਾ ’ਚ ਵੀ ਸੁਧਾਰ

Sunday, Feb 01, 2026 - 02:11 PM (IST)

ਤਿੱਖੀ ਧੁੱਪ ਨਾਲ ਸੀਤ ਲਹਿਰ ਤੋਂ ਮਿਲਿਆ ਛੁਟਕਾਰਾ, ਤਾਪਮਾਨ ’ਚ ਹੋਇਆ ਵਾਧਾ, ਹਵਾ ਦੀ ਗੁਣਵੱਤਾ ’ਚ ਵੀ ਸੁਧਾਰ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਨਿਕਲ ਰਹੀ ਤਿੱਖੀ ਧੁੱਪ ਕਾਰਨ ਲੋਕਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਸੀਤ ਲਹਿਰ ਤੋਂ ਵੱਡੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਤਾਪਮਾਨ ਵਿਚ ਨਿਰੰਤਰ ਵਾਧਾ ਦਰਜ ਹੋਣ ਕਾਰਨ ਹੁਣ ਦਿਨ ਖੁੱਲ੍ਹੇ ਅਤੇ ਸੁਹਾਵਣੇ ਹੋ ਗਏ ਹਨ, ਜਿਸ ਨਾਲ ਆਮ ਜਨਜੀਵਨ ਮੁੜ ਪਟੜੀ ’ਤੇ ਆਉਂਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਵਿਚ ਦਿਨ ਦਾ ਤਾਪਮਾਨ ਲਗਭਗ 21 ਡਿਗਰੀ ਸੈਂਟੀਗਰੇਡ ਤੱਕ ਪਹੁੰਚ ਗਿਆ ਹੈ, ਜਦਕਿ ਰਾਤ ਦਾ ਤਾਪਮਾਨ ਵੀ ਵੱਧ ਕੇ 8 ਡਿਗਰੀ ਸੈਂਟੀਗਰੇਡ ਦੇ ਕਰੀਬ ਦਰਜ ਕੀਤਾ ਗਿਆ ਹੈ। ਤਾਪਮਾਨ ਵਿਚ ਆਏ ਇਸ ਬਦਲਾਅ ਨਾਲ ਸਵੇਰ ਸਮੇਂ ਪੈਂਦੀ ਸੰਘਣੀ ਧੁੰਦ ਤੋਂ ਵੀ ਕਾਫ਼ੀ ਹੱਦ ਤੱਕ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ, ਨੌਜਵਾਨ ਨੂੰ ਬਚਾਇਆ ਨਹੀਂ ਸਗੋਂ ਬਣਾਈ ਵੀਡੀਓ, ਫਲਾਈਓਵਰ ਤੋਂ ਹੇਠਾਂ...

ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਆਉਣ ਵਾਲੇ ਇਕ–ਦੋ ਦਿਨਾਂ ਦੌਰਾਨ ਕੁਝ ਇਲਾਕਿਆਂ ਵਿਚ ਹਲਕੀ ਬੱਦਲਵਾਈ ਰਹਿ ਸਕਦੀ ਹੈ ਅਤੇ ਕੁਝ ਥਾਵਾਂ ’ਤੇ ਦਰਮਿਆਨਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ, ਹਾਲਾਂਕਿ ਇਸ ਤੋਂ ਬਾਅਦ ਮੌਸਮ ਮੁੜ ਸਾਫ ਰਹਿਣ ਅਤੇ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਆਸ ਹੈ। ਤਾਪਮਾਨ ਵਧਣ ਨਾਲ ਨਾ ਸਿਰਫ਼ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ ਹੈ, ਸਗੋਂ ਹਵਾ ਦੀ ਗੁਣਵੱਤਾ ਸੂਚਕ ਅੰਕ ਵਿਚ ਵੀ ਖਾਸ ਸੁਧਾਰ ਦਰਜ ਕੀਤਾ ਗਿਆ ਹੈ। ਮੌਜੂਦਾ ਸਮੇਂ ਗੁਰਦਾਸਪੁਰ ਵਿਚ ਹਵਾ ਦਾ ਗੁਣਵੱਤਾ ਸੂਚਕ ਅੰਕ 119 ਦੇ ਕਰੀਬ ਦਰਜ ਕੀਤਾ ਗਿਆ ਹੈ, ਜੋ ਸਿਹਤ ਲਈ ਜ਼ਿਆਦਾ ਹਾਨੀਕਾਰਕ ਨਹੀਂ ਮੰਨਿਆ ਜਾਂਦਾ। ਧੁੰਦ ਘਟਣ ਅਤੇ ਹਵਾ ਵਿਚ ਨਮੀ ਘਟਣ ਕਾਰਨ ਪ੍ਰਦੂਸ਼ਣ ਦੇ ਪੱਧਰ ਵਿਚ ਵੀ ਕਮੀ ਆਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 1, 2, 3 ਤੇ 4 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ

ਮੌਸਮ ਦੇ ਇਸ ਅਨੁਕੂਲ ਮਿਜ਼ਾਜ ਦਾ ਸਭ ਤੋਂ ਵੱਡਾ ਲਾਭ ਕਿਸਾਨਾਂ ਨੂੰ ਮਿਲਦਾ ਨਜ਼ਰ ਆ ਰਿਹਾ ਹੈ। ਕਣਕ, ਗੰਨਾ, ਸਰ੍ਹੋਂ ਅਤੇ ਚਾਰੇ ਦੀਆਂ ਫਸਲਾਂ ਨੂੰ ਇਸ ਮੌਸਮ ਨਾਲ ਕਾਫ਼ੀ ਰਾਹਤ ਮਿਲੀ ਹੈ। ਧੁੱਪ ਅਤੇ ਹਲਕੀ ਗਰਮੀ ਕਾਰਨ ਫਸਲਾਂ ਦੇ ਵਾਧੇ ਵਿਚ ਤੇਜ਼ੀ ਆ ਰਹੀ ਹੈ, ਜੋ ਆਉਣ ਵਾਲੀ ਪੈਦਾਵਾਰ ਲਈ ਵਧੀਆਾ ਸੰਕੇਤ ਮੰਨੀ ਜਾ ਰਹੀ ਹੈ। ਇਸ ਤੋਂ ਇਲਾਵਾ, ਮੌਸਮ ਸੁਧਰਨ ਨਾਲ ਸੜਕਾਂ ’ਤੇ ਆਵਾਜਾਈ ਆਸਾਨ ਹੋਈ ਹੈ ਅਤੇ ਸਕੂਲੀ ਬੱਚਿਆਂ, ਦਫ਼ਤਰੀ ਕਰਮਚਾਰੀਆਂ ਤੇ ਵਪਾਰਕ ਗਤੀਵਿਧੀਆਂ ’ਚ ਵੀ ਰਫ਼ਤਾਰ ਆਈ ਹੈ। ਕੁੱਲ ਮਿਲਾ ਕੇ ਮੌਸਮ ਵਿਚ ਆਏ ਇਸ ਬਦਲਾਅ ਨੇ ਜਨਜੀਵਨ, ਸਿਹਤ ਅਤੇ ਖੇਤੀਬਾੜੀ ਲਈ ਸੁਖਦਾਈ ਹਾਲਾਤ ਪੈਦਾ ਕੀਤੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਬੱਸ ਹਾਦਸਾ, ਗਰਭਵਤੀ ਔਰਤ ਸਮੇਤ 7 ਸਵਾਰੀਆਂ ਜ਼ਖ਼ਮੀ, ਪੈ ਗਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News