ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਰੇਲਵੇ ਕਾਊਂਟਰ ਹੁਣ ਸਿਰਫ਼ ਅੰਦਰੋਂ ਹੀ ਖੁੱਲ੍ਹੇਗਾ, ਬਾਹਰਲਾ ਰਸਤਾ ਹੋਵੇਗਾ ਬੰਦ
Friday, Jun 19, 2026 - 02:24 AM (IST)
ਅੰਮ੍ਰਿਤਸਰ (ਸਰਬਜੀਤ) : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਰੇਲਵੇ ਪ੍ਰਸ਼ਾਸਨ ਵੱਲੋਂ ਇਕ ਰੇਲਵੇ ਕਾਊਂਟਰ ਖੋਲ੍ਹਿਆ ਗਿਆ ਸੀ, ਜਿੱਥੇ ਸੰਗਤ ਆਪਣੀ ਯਾਤਰਾ ਲਈ ਟਿਕਟਾਂ ਦੀ ਬੁਕਿੰਗ ਕਰਵਾ ਸਕਦੀ ਸੀ ਪਰ ਕਾਊਂਟਰ ਦਾ ਰਸਤਾ ਬਾਹਰ ਵੱਲੋਂ ਹੋਣ ਕਾਰਨ ਸੰਗਤ ਨਾਲੋਂ ਵੱਧ ਸਥਾਨਕ ਲੋਕ ਉੱਥੇ ਆ ਕੇ ਟਿਕਟ ਬੁਕਿੰਗ ਕਰਵਾਉਂਦੇ ਸਨ। ਬੀਤੇ ਬੁੱਧਵਾਰ ਕਾਊਂਟਰ ’ਤੇ ਵਾਪਰੀ ਘਟਨਾ ਦੀ ਸ਼ਿਕਾਇਤ ’ਤੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਸਖ਼ਤ ਰੁਖ ਨੂੰ ਦੇਖਦਿਆਂ ਅੱਜ ਰੇਲਵੇ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੇ ਪ੍ਰਬੰਧਕ ਕਮੇਟੀ ਨਾਲ ਮੀਟਿੰਗ ਕੀਤੀ।
ਇਹ ਵੀ ਪੜ੍ਹੋ : ਬੈਂਕ ਆਫ਼ ਬੜੌਦਾ ਦੇ ATM ਪੁੱਟਣ ਦੀ ਕੋਸ਼ਿਸ਼, ਮੁਲਜ਼ਮ ਆਏ ਪੁਲਸ ਅੜਿੱਕੇ, ਆਧੁਨਿਕ ਔਜ਼ਾਰ ਬਰਾਮਦ
ਇਸ ਮੀਟਿੰਗ ’ਚ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਸਕੱਤਰ ਹਰਬੰਸ ਸਿੰਘ, ਮੁੰਬਈ ਤੋਂ ਜਸਬੀਰ ਸਿੰਘ ਧਾਮ ਅਤੇ ਸੁਪਰਡੈਂਟ ਦਲਜੀਤ ਸਿੰਘ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਰੇਲਵੇ ਕਾਊਂਟਰ ਹੁਣ ਸਿਰਫ ਤਖ਼ਤ ਸਾਹਿਬ ਦੇ ਅੰਦਰੋਂ ਹੀ ਖੋਲ੍ਹਿਆ ਜਾਵੇਗਾ ਤਾਂ ਜੋ ਸੰਗਤ ਨੂੰ ਟਿਕਟ ਬੁਕਿੰਗ ਕਰਵਾਉਣ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਬੁੱਧਵਾਰ ਨੂੰ ਕੁਝ ਸਥਾਨਕ ਲੋਕਾਂ ਨੇ ਇਕ ਸ਼ਰਧਾਲੂ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਦਸਤਾਰ ਦਾ ਅਪਮਾਨ ਕੀਤਾ ਹੈ, ਤਾਂ ਕਮੇਟੀ ਨੇ ਰੇਲਵੇ ਪ੍ਰਸ਼ਾਸਨ ਨੂੰ ਸ਼ਿਕਾਇਤ ਭੇਜੀ।
ਤਖ਼ਤ ਸਾਹਿਬ ਵੱਲੋਂ ਮੈਨੇਜਰ ਹਰਜੀਤ ਸਿੰਘ ਨੂੰ ਟੀਮ ਸਮੇਤ ਡੀ. ਆਰ. ਐੱਮ. ਕੋਲ ਭੇਜਿਆ ਗਿਆ, ਜਿਸ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਰੇਲਵੇ ਕਾਊਂਟਰ ਨੂੰ ਸਿਰਫ਼ ਤਖ਼ਤ ਸਾਹਿਬ ਦੇ ਅੰਦਰੋਂ ਹੀ ਚਲਾਇਆ ਜਾਵੇਗਾ ਅਤੇ ਬਾਹਰ ਵਾਲਾ ਦਾਖ਼ਲਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
