ਗਰਮੀ ਅਤੇ ਸ਼ਾਰਟ ਸਰਕਟ ਦਾ ਖ਼ਤਰਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੀਮਤੀ ਝੂਮਰ ਕੀਤਾ ਬੰਦ
Saturday, Jun 13, 2026 - 03:54 AM (IST)
ਅੰਮ੍ਰਿਤਸਰ (ਸਰਬਜੀਤ) : ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਬਾਰ ਦੀ ਸ਼ੋਭਾ ਵਧਾਉਣ ਲਟੀ ਲਗਾਇਆ ਗਿਆ ਲਾਈਟਿੰਗ ਝੂਮਰ ਸ਼ਾਰਟ ਸਰਕਟ ਦੇ ਡਰੋਂ ਪ੍ਰਬੰਧਕਾਂ ਵੱਲੋਂ ਬੰਦ ਕਰਵਾ ਦਿੱਤਾ ਗਿਆ ਹੈ। ਲਾਈਟਿੰਗ ਝੂਮਰ ਬੰਦ ਹੋਣ ਦੇ ਨਾਲ ਦਰਬਾਰ ਦੇ ਅੰਦਰ ਆਉਣ ਵਾਲੇ ਬਿਜਲੀ ਚਾਨਣ 'ਤੇ ਭਾਰੀ ਅਸਰ ਪਿਆ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿੱਚ ਝੂਮਰ ਦੇ ਬਲਬਾਂ ਨਾਲ ਹੋਰ ਗਰਮੀ ਪੈਦਾ ਹੁੰਦੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਚੱਲ ਰਹੀ ਕਾਰ ਸੇਵਾ ਕਾਰਨ ਚੰਦੋਆ ਸਾਹਿਬ ਵੀ ਝੂਮਰ ਦੇ ਹੇਠਾਂ ਆਇਆ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਲ ਦੀ ਘੜੀ ਲਾਈਟਿੰਗ ਝੂਮਰ ਨੂੰ ਬੰਦ ਕੀਤਾ ਗਿਆ ਹੈ ਅਤੇ ਇਸ ਦਾ ਬਦਲ ਲੱਭਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗਾ ਇਹ ਕੀਮਤੀ ਲਾਈਟਿੰਗ ਝੂਮਰ ਮੁੱਖ ਦਰਬਾਰ ਦੀ ਸ਼ੋਭਾ ਵਧਾਉਂਦਾ ਹੈ।
ਇਹ ਵੀ ਪੜ੍ਹੋ : 'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ BMS Fashion ਮਾਲਕ ਨੂੰ ਮਿਲੀ ਧਮਕੀ, ਮੰਗੇ 50 ਲੱਖ
ਪਿਛਲੇ ਸਮੇਂ ਵਿੱਚ ਇਸ ਝੂਮਰ ਵਿੱਚ ਲੱਗੇ ਬਲਬ ਵੀ ਐਲਈਡੀ ਲਗਾਏ ਗਏ ਸਨ ਤਾਂ ਜੋ ਬਿਜਲੀ ਦੀ ਖਪਤ ਘਟਨ ਦੇ ਨਾਲ ਨਾਲ ਪੈਦਾ ਹੋਣ ਵਾਲੀ ਗਰਮਾਇਸ਼ ਵੀ ਘੱਟ ਹੋਵੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਮੀਨਾਕਾਰੀ ਅਤੇ ਸੋਨੇ ਦੀ ਸੇਵਾ ਕਾਰਨ ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸੁਸ਼ੋਭਿਤ ਹੋਣ ਵਾਲਾ ਚੰਦੋਆ ਸਾਹਿਬ ਵੀ ਹਟਾ ਕੇ ਅਗਲੇ ਪਾਸੇ ਕੀਤਾ ਗਿਆ ਸੀ, ਜੋ ਇਸ ਬਿਜਲੀ ਝੁੰਮਰਦੇ ਹੇਠਾਂ ਆ ਗਿਆ। ਜਦੋਂ ਪਿਛਲੇ ਦਿਨੀਂ ਸ਼ਾਰਟ ਸਰਕਟ ਦੀਆਂ ਘਟਨਾਵਾਂ ਸਾਹਮਣੇ ਆਈਆਂ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਕਿ ਗੁਰੂ ਘਰਾਂ ਵਿੱਚ ਚੰਦੋਆ ਸਾਹਿਬ, ਪਾਲਕੀ ਸਾਹਿਬ ਅਤੇ ਹੋਰ ਅਸਥਾਨਾਂ ਤੇ ਜਿੱਥੇ ਸ਼ਾਰਟ ਸਰਕਟ ਦਾ ਖਤਰਾ ਹੋਵੇ ਉਸ ਦਾ ਯੋਗ ਪ੍ਰਬੰਧ ਕੀਤਾ ਜਾਵੇ।
ਇਹ ਵੀ ਪੜ੍ਹੋ : ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਭਤੀਜੇ ਦੀ ਸੜਕ ਹਾਦਸੇ 'ਚ ਮੌਤ, ਤੇਜ਼ ਰਫ਼ਤਾਰ ਬੱਸ ਨੇ ਮਾਰੀ ਟੱਕਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ ਨੇ ਕਿਹਾ ਕਿ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਮੀਨਾਕਾਰੀ ਅਤੇ ਸੋਨੇ ਦੀ ਸੇਵਾ ਕਰਨ ਚੰਦੋਆ ਸਾਹਿਬ ਨੂੰ ਪਿਛਲੇ ਸਾਲ ਅੱਗੇ ਕੀਤਾ ਗਿਆ ਸੀ। ਉਸ ਸਮੇਂ ਚੰਦੋਆ ਸਾਹਿਬ ਝੂਮਰ ਦੇ ਹੇਠਾਂ ਆ ਗਿਆ ਅਤੇ ਕਿਤੇ ਨਾ ਕਿਤੇ ਝੂਮਰ ਦੇ ਨਾਲ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਅਨਸੁਖਾਵੀਂ ਘਟਨਾ ਤੋਂ ਬਚਣ ਲਈ ਤਤਕਾਲੀ ਪ੍ਰਭਾਵ ਨਾਲ ਝੂਮਰ ਨੂੰ ਬੰਦ ਕੀਤਾ ਗਿਆ ਹੈ ਅਤੇ ਇਸ ਦੇ ਬਦਲਣ ਲਈ ਲਿਖਾ ਪੜੀ ਚੱਲ ਰਹੀ ਹੈ। ਜੋ ਵੀ ਸਿੰਘ ਸਾਹਿਬਾਨ ਅਤੇ ਕਮੇਟੀ ਮੈਂਬਰਾਂ ਦਾ ਸੁਝਾਅ ਮਿਲੇਗਾ, ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ, ਫਿਲਹਾਲ ਇਹ ਬਿਜਲੀ ਦੇ ਝੂਮਰ ਨੂੰ ਬੰਦ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
