​​​​​​​ਅੰਮ੍ਰਿਤਸਰ 'ਚ DGP ਨੇ ਕੀਤੀ ਹਾਈਲੈਵਲ ਮੀਟਿੰਗ, ਅਲਰਟ ਜਾਰੀ

Monday, Sep 29, 2025 - 04:34 PM (IST)

​​​​​​​ਅੰਮ੍ਰਿਤਸਰ 'ਚ DGP ਨੇ ਕੀਤੀ ਹਾਈਲੈਵਲ ਮੀਟਿੰਗ, ਅਲਰਟ ਜਾਰੀ

ਅੰਮ੍ਰਿਤਸਰ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਪ੍ਰੈੱਸ ਕਾਨਫਰੰਸ ਕਰਕੇ ਸੂਬੇ ਦੀ ਮੌਜੂਦਾ ਸੁਰੱਖਿਆ ਹਾਲਤ ਬਾਰੇ ਜਾਣਕਾਰੀ ਦਿੱਤੀ। ਡੀ. ਜੀ. ਪੀ. ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ 'ਚ ਪਾਕਿਸਤਾਨ ਦੀ ਦਖਲਅੰਦਾਜ਼ੀ ਵਧ ਗਈ ਹੈ। ਉਨ੍ਹਾਂ ਦੇ ਅਨੁਸਾਰ, ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਡੀ. ਜੀ. ਪੀ. ਨੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਸੂਬੇ ਵਿੱਚ 57 ਵਾਧੂ ਕੰਪਨੀਆਂ ਡਿਪਲੋਇਡ ਕੀਤੀਆਂ ਗਈਆਂ ਹਨ। ਜਿਸ 'ਚ ਸੱਤ ਬੀਐਸਐਫ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਰੇਕ ਸਰਹੱਦੀ ਜ਼ਿਲ੍ਹੇ ਨੂੰ ਇੱਕ ਕੰਪਨੀ ਮਿਲੇਗੀ। ਇਸ ਦੇ ਨਾਲ ਹੀ ਸੂਬੇ ਭਰ ਵਿੱਚ 50 ਪੁਲਸ ਕੰਪਨੀਆਂ ਚੈਕਿੰਗ ਅਤੇ ਸੁਰੱਖਿਆ ਲਈ ਤਾਇਨਾਤ ਕੀਤੀਆਂ ਗਈਆਂ ਹਨ।

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਸ ਅਤੇ ਬੀਐਸਐਫ ਵਿਚਕਾਰ ਤਾਲਮੇਲ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਅਤੇ ਛੋਟੇ ਹਥਿਆਰਾਂ ਦੀ ਘੁਸਪੈਠ ਰੋਕਣ ਲਈ ਕੀਤੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਸਤੰਬਰ ਵਿੱਚ 78 ਹਥਿਆਰ ਪਾਕਿਸਤਾਨ ਤੋਂ ਪੰਜਾਬ 'ਚ ਬਰਾਮਦ ਕੀਤੇ ਗਏ, ਜਿਸ 'ਚ ਫਿਰੋਜ਼ਪੁਰ ਵਿੱਚ 27 ਪਿਸਤੌਲ, ਫਾਜ਼ਿਲਕਾ ਵਿੱਚ 21 ਅਤੇ ਅੰਮ੍ਰਿਤਸਰ ਵਿੱਚ 29 ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸਰਹੱਦ ਖੇਤਰ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ ਅਤੇ ਪਠਾਨਕੋਟ ਖੇਤਰ ਵਿੱਚ ਕੁਝ ਘੁਸਪੈਠ ਦੇ ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਡੀਜੀਪੀ ਨੇ ਫਿਰੌਤੀ ਦੇ ਮਾਮਲਿਆਂ ਵਿੱਚ ਵਾਧੇ ਤੋਂ ਇਨਕਾਰ ਨਹੀਂ ਕੀਤਾ ਅਤੇ ਲੋਕਾਂ ਨੂੰ ਪੁਲਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਸ ਕੇਂਦਰੀ ਏਜੰਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਹਾਲ ਹੀ ਵਿੱਚ ਪਿੰਡੀ ਨਾਮ ਦੇ ਇੱਕ ਅੱਤਵਾਦੀ ਨੂੰ ਯੂਏਈ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਅਤੇ ਹੈਪੀ ਪਾਸ਼ੀਆ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਡੀਜੀਪੀ ਗੌਰਵ ਯਾਦਵ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਸਤੰਬਰ ਤੋਂ ਹੁਣ ਤੱਕ 88 ਅੱਤਵਾਦੀ ਮਾਡਿਊਲ ਤੋੜੇ ਗਏ ਹਨ ਅਤੇ ਪਿਛਲੇ ਅੱਠ ਮਹੀਨਿਆਂ ਵਿੱਚ 20 ਕਤਲ ਮਾਮਲਿਆਂ ਵਿੱਚੋਂ 18 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਸ਼ੀਲੇ ਪਦਾਰਥਾਂ ਵਿਰੁੱਧ 1 ਮਾਰਚ, 2025 ਤੋਂ 20,414 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 31,177 ਗ੍ਰਿਫ਼ਤਾਰੀਆਂ ਹੋਈਆਂ ਅਤੇ 1,342 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ।


author

Shivani Bassan

Content Editor

Related News