ਹੈਰੋਇਨ ਸਮੱਗਲਰਾਂ ਦੀਆਂ 70 ਲੱਖ ਤੋਂ ਵੱਧ ਨਾਜਾਇਜ਼ ਜਾਇਦਾਦਾਂ ਫਰੀਜ਼

Tuesday, Mar 17, 2020 - 10:53 PM (IST)

ਹੈਰੋਇਨ ਸਮੱਗਲਰਾਂ ਦੀਆਂ 70 ਲੱਖ ਤੋਂ ਵੱਧ ਨਾਜਾਇਜ਼ ਜਾਇਦਾਦਾਂ ਫਰੀਜ਼

ਅੰਮ੍ਰਿਤਸਰ, (ਅਰੁਣ)— ਜ਼ਿਲ੍ਹਾ ਦਿਹਾਤੀ ਪੁਲਸ ਵੱਲੋਂ ਦਿਹਾਤੀ ਖੇਤਰ ਅਧੀਨ ਪੈਂਦੇ ਨਸ਼ਾ ਸਮੱਗਲਰਾਂ ਦੀਆਂ ਨਾਜਾਇਜ਼ ਜਾਇਦਾਦਾਂ ਫਰੀਜ਼ ਕਰਵਾਏ ਜਾਣ ਦੀ ਮੁਹਿੰਮ ਤਹਿਤ 2 ਹੋਰ ਨਸ਼ਾ ਸਮੱਗਲਰਾਂ ਨਿਰਵੈਲ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਜਗਤਾਰ ਸਿੰਘ ਜੱਗੂ ਪੁੱਤਰ ਲੱਖਾ ਸਿੰਘ ਦੋਵੇਂ ਵਾਸੀ ਖੁਰਮਣੀਆ ਥਾਣਾ ਘਰਿੰਡਾ ਖਿਲਾਫ ਕਾਰਵਾਈ ਕਰਦਿਆਂ ਇਨ੍ਹਾਂ ਦੀ 70 ਲੱਖ 37 ਹਜ਼ਾਰ ਰੁਪਏ ਦੀਆਂ ਜਾਇਦਾਦਾਂ ਫਰੀਜ਼ ਕੀਤੀਆਂ ਗਈਆਂ। ਦੋਵਾਂ ਸਮੱਗਲਰਾਂ ਕੋਲੋਂ 1 ਕਿੱਲੋ ਹੈਰੋਇਨ ਬਰਾਮਦ ਕੀਤੇ ਜਾਣ ਮਗਰੋਂ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
ਇਨ੍ਹਾਂ ਵੱਲੋਂ ਨਸ਼ਾ ਸਮੱਗਲਿੰਗ ਰਾਹੀਂ ਬਣਾਈ ਗਈ ਜਾਇਦਾਦ ਚੈੱਕ ਕਰਵਾਈ ਗਈ ਸੀ, ਜਿਸ 'ਚ 4 ਏਕੜ ਜ਼ਮੀਨ, ਇਕ ਮਹਿੰਦਰਾ ਬਲੈਰੋ ਗੱਡੀ, ਇਕ ਆਈ-20 ਕਾਰ ਤੇ ਇਕ ਮੋਟਰਸਾਈਕਲ ਸੀ, ਦੀ ਕੁੱਲ ਲਾਗਤ 70 ਲੱਖ 3 ਹਜ਼ਾਰ ਬਣਦੀ ਹੈ। ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਇਹ ਜਾਇਦਾਦ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਨੂੰ ਸਬਮਿਟ ਕਰਵਾਉਣ ਮਗਰੋਂ ਫਰੀਜ਼ ਕਰਵਾਈ ਗਈ। ਜ਼ਿਲ੍ਹਾ ਦਿਹਾਤੀ ਪੁਲਸ ਮੁਖੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਦਿਹਾਤੀ ਖੇਤਰ ਦੇ ਸਮੂਹ ਸਮੱਗਲਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਨੂੰ ਫਰੀਜ਼ ਕਰਵਾ ਕੇ ਸਰਕਾਰੀ ਖਜ਼ਾਨੇ 'ਚ ਲਿਆਂਦਾ ਜਾਵੇਗਾ।


author

KamalJeet Singh

Content Editor

Related News