ਪੁਲਸ ਨੇ ਮੁਲਜ਼ਮਾਂ ਦੀ ਭਾਲ ਲਈ ਪੱਟੀ ਤੋਂ ਸਰਹਾਲੀ ਕਲਾਂ ਤੱਕ 37 ਕੈਮਰਿਆਂ ਦੀ ਫੁਟੇਜ਼ ਲਈ ਕਬਜ਼ੇ ’ਚ
Thursday, Jan 06, 2022 - 12:30 PM (IST)
ਤਰਨਤਾਰਨ (ਰਮਨ,ਸੋਢੀ) : ਬੀਤੇ ਮੰਗਲਵਾਰ ਕਸਬਾ ਪੱਟੀ ਵਿਖੇ ਬੈਂਕ ਆਫ ਬੜ੍ਹੌਦਾ ਦੇ ਸਟਾਫ ਨੂੰ ਗੰਨ ਪੁਆਇੰਟ ਉੱਪਰ ਨਿਸ਼ਾਨਾ ਬਣਾਉਂਦੇ ਹੋਏ ਚਾਰ ਲੁਟੇਰਿਆਂ ਵਲੋਂ 8 ਲੱਖ 9 ਹਜ਼ਾਰ 850 ਰੁਪਏ ਲੁੱਟ ਲਏ ਗਏ ਸਨ, ਜਿਸ ਬਾਬਤ ਥਾਣਾ ਸਿਟੀ ਪੱਟੀ ਵਿਖੇ ਬੈਂਕ ਮੈਨੇਜਰ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰਦੇ ਹੋਏ ਪੁਲਸ ਨੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਅਪੋਲੋ ਕਾਰ ਦੀ ਪੁਲਸ ਵਲੋਂ ਸੀ.ਸੀ.ਟੀ.ਵੀ ਕੈਮਰੇ ਦੀ ਮਦਦ ਨਾਲ ਪਛਾਣ ਕਰਦੇ ਹੋਏ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪੁਲਸ ਦੀਆਂ ਵੱਖ-ਵੱਖ ਟੀਮਾਂ ਵਲੋਂ ਪੱਟੀ ਤੋਂ ਲੈ ਨੈਸ਼ਨਲ ਹਾਈਵੇ ਤੱਕ 37 ਕੈਮਰਿਆਂ ਦੀ ਫੁਟੇਜ਼ ਕਬਜ਼ੇ ’ਚ ਲਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਤਰਨਤਾਰਨ ਨੇੜੇ ਵਾਪਰਿਆ ਵੱਡਾ ਹਾਦਸਾ, ਕੁੱਝ ਦਿਨ ਪਹਿਲਾਂ ਵਿਆਹੀ ਕੁੜੀ ਸਣੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਜਾਣਕਾਰੀ ਅਨੁਸਾਰ ਪੱਟੀ ਵਿਖੇ ਅਨਾਜ ਮੰਡੀ ਨਜ਼ਦੀਕ ਸਥਿਤ ਬੈਂਕ ਆਫ ਬੜ੍ਹੌਦਾ ਦੀ ਸ਼ਾਖ਼ਾ ਨੂੰ ਚਾਰ ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ’ਤੇ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੌਰਾਨ ਲੁਟੇਰਿਆਂ ਨੇ ਬੈਂਕ ਅੰਦਰ ਦਾਖ਼ਲ ਹੋ 8 ਲੱਖ 9 ਹਜ਼ਾਰ 890 ਰੁਪਏ ਦੀ ਰਾਸ਼ੀ ਨੂੰ ਲੁੱਟਦੇ ਹੋਏ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਸਮੇਂ ਸੁਰੱਖਿਆ ਗਾਰਡ ਦੀ 12 ਬੋਰ ਰਾਈਫਲ ਬੈਂਕ ਦੇ ਡੀ.ਵੀ.ਆਰ ਨੂੰ ਵੀ ਨਾਲ ਲੈ ਗਏ। ਇਸ ਬਾਬਤ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਬੈਂਕ ਦੇ ਮੈਨੇਜਰ ਕਮਲਦੀਪ ਵਿਨਾਇਕ ਪੁੱਤਰ ਰਾਜੇਸ਼ਵਰ ਵਾਸੀ ਤਰਨ ਤਾਰਨ ਦੇ ਬਿਆਨਾਂ ਹੇਠ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਈਬਰ ਸੈੱਲ, ਸੀ.ਆਈ.ਏ ਸਟਾਫ਼, ਥਾਣਾ ਸਿਟੀ ਪੱਟੀ ਅਤੇ ਸਪੈਸ਼ਲ ਸੈੱਲ ਪੁਲਸ ਵਲੋਂ ਇਸ ਕੇਸ ਨੂੰ ਹੱਲ ਕਰਨ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ।
ਲੁਟੇਰਿਆਂ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਅਪੋਲੋ ਕਾਰ ਦੀ ਪਛਾਣ ਵੀ ਪੁਲਸ ਵਲੋਂ ਕਰ ਲਈ ਗਈ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਪੱਟੀ ਤੋਂ ਸਰਹਾਲੀ ਕਲਾਂ ਨੈਸ਼ਨਲ ਹਾਈਵੇ ਰਾਹੀਂ ਅੱਗੇ ਫ਼ਰਾਰ ਹੋਣ ਵਿਚ ਕਾਮਯਾਬ ਹੋਏ ਸਨ, ਜਿਸ ਦਾ ਪਛਾਣ ਲਈ ਪੁਲਸ ਵਲੋਂ ਰਸਤੇ ਵਿਚ ਲੱਗੇ ਕਰੀਬ 37 ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਗਿਆ ਹੈ। ਪੁਲਸ ਵਲੋਂ ਵਾਰਦਾਤ ਸਮੇਂ ਆਸ-ਪਾਸ ਦੇ ਮੋਬਾਇਲ ਟਾਵਰਾਂ ਅਧੀਨ ਆਉਂਦੇ ਵੱਖ-ਵੱਖ ਲੋਕਾਂ ਦੇ ਮੋਬਾਇਲਾਂ ਦੀਆਂ ਕਾਲਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਮੁਲਜ਼ਮਾਂ ਤੱਕ ਜਲਦ ਪਹੁੰਚ ਕੀਤੀ ਜਾ ਸਕੇ। ਪੁਲਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਜਲਦ ਪੁਲਸ ਗ੍ਰਿਫ਼ਤ ਵਿਚ ਹੋਣਗੇ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਬੀਤੀ 19 ਦਸੰਬਰ ਨੂੰ ਬਟਾਲਾ ਵਿਖੇ ਇਸੇ ਕਾਰ ਰਾਹੀਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਬੁੱਧਵਾਰ ਸਵੇਰੇ ਪੱਟੀ ਪੁਲਸ ਵਲੋਂ ਬੈਂਕ ਦੇ ਹੋਰ ਕਰਮਚਾਰੀਆਂ ਪਾਸੋਂ ਵੀ ਪੁੱਛਗਿੱਛ ਕੀਤੀ ਗਈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਲਈ ਪੁਲਸ ਦਿਨ ਰਾਤ ਮਿਹਨਤ ਕਰ ਰਹੀ ਹੈ, ਜਿਸ ਨੂੰ ਜਲਦ ਹੱਲ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?