ਮੌਤ ਨੂੰ ਮਖੌਲਾਂ : ਰੇਲਵੇ ਸਟੇਸ਼ਨ ’ਤੇ ਯਾਤਰੀ ਨਹੀਂ ਕਰਦੇ ਰੇਲ ਨਿਯਮਾਂ ਦੀ ਪ੍ਰਵਾਹ

Friday, Aug 23, 2024 - 02:24 PM (IST)

ਮੌਤ ਨੂੰ ਮਖੌਲਾਂ : ਰੇਲਵੇ ਸਟੇਸ਼ਨ ’ਤੇ ਯਾਤਰੀ ਨਹੀਂ ਕਰਦੇ ਰੇਲ ਨਿਯਮਾਂ ਦੀ ਪ੍ਰਵਾਹ

ਅੰਮ੍ਰਿਤਸਰ (ਜਸ਼ਨ)-ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਭਾਵੇਂ ਕਿ ਦੇਸ਼ ਦੇ ਚੁਣੇ ਹੋਏ ਪਹਿਲੇ 10 ਰੇਲਵੇ ਸਟੇਸ਼ਨਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਕ ਮਾਡਲ ਰੇਲਵੇ ਸਟੇਸ਼ਨ ਵਜੋਂ ਜਾਣਿਆ ਜਾਂਦਾ ਹੈ, ਪਰ ਸਟੇਸ਼ਨ ਦੇ ਕੁਝ ਅਧਿਕਾਰੀ ਤੇ ਕੁਝ ਰੇਲਵੇ ਪੁਲਸ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਹੀਂ ਨਿਭਾ ਰਹੇ। ਜਿਸ ਕਾਰਨ ਇਕ ਤਾਂ ਰੇਲਵੇ ਯਾਤਰੀਆਂ ਨੂੰ ਮਾਡਲ ਸਟੇਸ਼ਨ ਦੀਆਂ ਪੂਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਤੇ ਦੂਜਾ ਇੱਥੇ ਅਕਸਰ ਹੀ ਕਈ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਕਈ ਲੋਕਾਂ ਨੂੰ ਤਾਂ ਆਪਣੀ ਜਾਨ ਵੀ ਗਵਾਉਣੀ ਪਈ ਹੈ।

ਦੱਸ ਦਈਏ ਕਿ ਰੇਲਵੇ ਸਟੇਸ਼ਨ ’ਤੇ ਦੋ ਪੁਲਸ ਬਲ (ਆਰ. ਪੀ. ਐੱਫ ਅਤੇ ਜੀ. ਆਰ. ਪੀ. ਪੁਲਸ ਬਲ) ਤਾਇਨਾਤ ਹਨ। ਇਨ੍ਹਾਂ ਦੋਵਾਂ ਪੁਲਸ ਬਲਾਂ ਕੋਲ ਸੁਰੱਖਿਆ ਕਰਮਚਾਰੀਆਂ ਦੀ ਕਾਫੀ ਲੰਬੀ ਚੌੜੀ ਫ਼ੌਜ ਹੈ। ਇਸ ਦੇ ਬਾਵਜੂਦ ਰੇਲਵੇ ਸਟੇਸ਼ਨ ’ਤੇ ਤਾਇਨਾਤ ਦੋਵੇਂ ਪੁਲਸ ਬਲਾਂ ਦੇ ਨੱਕ ਹੇਠਾਂ ਹੀ ਸ਼ਰੇਆਮ ਰੇਲਵੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਰੇਲਵੇ ਸਟੇਸ਼ਨ ’ਤੇ ਲੋਕ ਸ਼ਰੇਆਮ ਹੀ ਇਨ੍ਹਾਂ ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ਵਿਚ ਰੇਲਵੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਆਪਣੀ ਜਾਨ ਨੂੰ ਜੋਖਮ ’ਚ ਪਾ ਕੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸੁਰੱਖਿਆ ਮੁਲਾਜ਼ਮ ਸਭ ਕੁਝ ਦੇਖਣ ਦੇ ਬਾਵਜੂਦ ਸਿਰਫ਼ ਮੂਕ ਦਰਸ਼ਕ ਦਾ ਰੋਲ ਨਿਭਾ ਰਹੇ ਹਨ। ਇਸ ਲਈ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਇਹ ਸੰਬਧੀ ਜਦ ਰੇਲਵੇ ਸਟੇਸ਼ਨ ’ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤਾਂ ਉਥੋਂ ਦੇ ਹਾਲਾਤ ਬੜੇ ਹੈਰਾਨੀਜਨਕ ਅਤੇ ਭਿਆਨਕ ਦਿਖੇ।

ਇਹ ਵੀ ਪੜ੍ਹੋ- ਐਕਸ਼ਨ 'ਚ ਪੰਜਾਬ ਪੁਲਸ, ਕਰ 'ਤਾ ਐਨਕਾਊਂਟਰ

ਉੱਥੇ ਤਾਇਨਾਤ ਰੇਲਵੇ ਪੁਲਸ ਮੁਲਾਜ਼ਮਾਂ ਦੀ ਨੱਕ ਹੇਠ ਮੁਸਾਫਰ ਰੇਲਵੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਲੇਟਫਾਰਮ ਨੰਬਰ 1 ਅਤੇ 2 ਦੇ ਵਿਚਕਾਰ ਰੇਲਵੇ ਲਾਈਨਾਂ ਨੂੰ ਪਾਰ ਕਰ ਰਹੇ ਸਨ ਹਾਲਾਂਕਿ ਉਸੇ ਹੀ ਰੇਲਵੇ ਟਰੈਕ ਤੇ ਗੱਡੀਆਂ ਦਾ ਆਉਣਾ ਜਾਣਾ ਬਰਦਸਤੂਰ ਜਾਰੀ ਸੀ। ਇਸ ਕਰ ਕੇ ਉੱਥੇ ਕਿਸੇ ਵੀ ਵਕਤ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਅਤੇ ਲੋਕ ਰੇਲ ਗੱਡੀ ਹੇਠਾਂ ਵੀ ਆ ਸਕਦੇ ਸਨ। ਇਸ ਦੌਰਾਨ ਵੇਖਿਆ ਕਿ ਪਲੇਟਫਾਰਮ ਨੰਬਰ 1 ’ਤੇ ਦੋ-ਤਿੰਨ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ ਪਰ ਉਹ ਇਸ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਗੱਲਾਂ ’ਚ ਰੁੱਝੇ ਦਿਖਾਈ ਦਿੱਤੇ।

ਵਰਨਣਯੋਗ ਹੈ ਕਿ ਅਜਿਹਾ ਕਰਦੇ ਸਮੇਂ ਕਈ ਲੋਕ ਰੇਲ ਗੱਡੀਆਂ ਦੀ ਲਪੇਟ ’ਚ ਆਉਣ ਕਾਰਨ ਮੌਤ ਦੇ ਮੂੰਹ ’ਚ ਵੀ ਜਾ ਚੁੱਕੇ ਹਨ। ਇਸ ਦੇ ਬਾਵਜੂਦ ਰੇਲਵੇ ਸੁਰੱਖਿਆ ਕਰਮਚਾਰੀ ਅਜੇ ਵੀ ਚੌਕਸ ਨਹੀਂ ਹਨ ਅਤੇ ਰੇਲਵੇ ਯਾਤਰੀ ਵੀ ਖੁੱਲ੍ਹੇਆਮ ਰੇਲਵੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ ਅਤੇ ਆਪਣੀ ਜਾਨ ਖਤਰੇ 'ਚ ਪਾ ਰਹੇ ਹਨ। ਇਸ ਤੋਂ ਇਲਾਵਾ ਮਾਲ ਦੀ ਢੋਆ-ਢੁਆਈ ਕਰਨ ਵਾਲੇ ਰੇਲਵੇ ਦੇ ਕਾਰਕੁੰਨ ਵੀ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਉਥੇ ਬਣੇ ਪੌੜੀ ਪੁਲ ਦੀ ਵਰਤੋਂ ਨਹੀਂ ਕਰ ਰਹੇ ਸਨ ਅਤੇ ਪੈਦਲ ਹੀ ਰੇਲਵੇ ਲਾਈਨਾਂ ਪਾਰ ਕਰ ਕੇ ਸਾਰੇ ਸਾਮਾਨ ਦੀ ਢੋਆ-ਢੁਆਈ ਕਰ ਰਹੇ ਸਨ।

ਇਸ ਤੋਂ ਇਲਾਵਾ ਕੁਝ ਮਹਿਲਾ ਰੇਲਵੇ ਯਾਤਰੀਆਂ ਨੂੰ ਆਪਣੀ ਜਾਨ ਖਤਰੇ ’ਚ ਪਾ ਕੇ ਸਟੇਸ਼ਨ ’ਤੇ ਚੱਲਦੀ ਟਰੇਨ ’ਚ ਸਵਾਰ ਹੁੰਦੇ ਦੇਖਿਆ ਗਿਆ, ਜਿਸ ਕਾਰਨ ਉਥੇ ਕਿਸੇ ਵੀ ਵੇਲੇ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ ਪਰ ਉਥੇ ਮੌਜੂਦ ਕਿਸੇ ਵੀ ਰੇਲਵੇ ਅਧਿਕਾਰੀ ਜਾਂ ਰੇਲਵੇ ਪੁਲਸ ਮੁਲਾਜ਼ਮ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਬਾਰੇ ਕੁਝ ਨਹੀਂ ਕਿਹਾ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਮੁਲਾਜ਼ਮ ਨੇ ਦਿੱਤੀ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ 

ਕਿਸੇ ਵੇਲੇ ਵੀ ਵਾਪਰ ਸਕਦੈ ਹਾਦਸਾ

ਇਸ ਦੇ ਨਾਲ ਹੀ ਨੇੜੇ ਆ ਰਹੇ ਰੇਲਵੇ ਇੰਜਣ ਤੋਂ ਥੋੜ੍ਹੀ ਹੀ ਦੂਰੀ ’ਤੇ ਕੁਝ ਲੋਕ ਖੁੱਲ੍ਹੇਆਮ ਰੇਲਵੇ ਲਾਈਨਾਂ ਪਾਰ ਕਰਦੇ ਦੇਖੇ ਗਏ, ਪਰ ਇਹ ਉਨ੍ਹਾਂ ਲੋਕਾਂ ਦੀ ਚੰਗੀ ਕਿਸਮਤ ਸੀ ਕਿ ਕੀ ਰੇਲਵੇ ਇੰਜਨ ਅਤੇ ਉਹਨਾਂ ਦੇ ਵਿਚਕਾਰ ਇੱਕ ਦੋ ਸੈਕਿੰਡ ਦਾ ਹੀ ਫਰਕ ਰਹਿ ਗਿਆ, ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਇੱਥੇ ਸਵਾਲ ਇਹ ਹੈ ਕਿ ਰੇਲਵੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਆਰਪੀਐਫ ਹਰ ਰੋਜ਼ ਵੱਡੀ ਮੁਹਿੰਮ ਚਲਾ ਰਹੀ ਹੈ, ਪਰ ਇਨ੍ਹਾਂ ਯਾਤਰੀਆਂ ਤੇ ਰੇਲਵੇ ਮੁਲਾਜ਼ਮਾਂ ਦੀ ਨਜ਼ਰ ਕਿਉਂ ਨਹੀਂ ਪੇ ਰਹੀ? ਜੋ ਰੇਲਵੇ ਨਿਯਮਾਂ ਦੀਆਂ ਧੱਜੀਆਂ ਉਡਾ ਉਡਾਉਂਦੇ ਹੋਏ ਆਪਣੀ ਗਿਆਨ ਜੋ ਕਿ ਵਿਚ ਪਾਉਂਦੇ ਹਨ।

ਸੱਚਾਈ ਦਾਅਵਿਆਂ ਦੇ ਉਲਟ

ਦੂਜੇ ਪਾਸੇ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਸੁਰੱਖਿਆ ਬਲ ਸਟੇਸ਼ਨ ’ਤੇ ਸਥਿਤੀ ਨੌ ਬਰ ਨੌਰ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਸੱਚਾਈ ਇਨ੍ਹਾਂ ਸਾਰੇ ਦਾਅਵਿਆਂ ਦੇ ਉਲਟ ਹੈ। ਇਸ ਤੋਂ ਇਲਾਵਾ ਕਈ ਰੇਲਵੇ ਅਧਿਕਾਰੀ ਵੀ ਆਪਣੇ ਦਫ਼ਤਰਾਂ ’ਚ ਬੈਠ ਕੇ ਸਟੇਸ਼ਨ ’ਤੇ ਆਪਣੀ ਡਿਊਟੀ ਪੂਰੀ ਕਰਦੇ ਨਜ਼ਰ ਆਉਂਦੇ ਹਨ, ਜੇਕਰ ਇਸ ਦੌਰਾਨ ਸਟੇਸ਼ਨ ’ਤੇ ਕੋਈ ਹਾਦਸਾ ਵਾਪਰ ਜਾਵੇ ਅਤੇ ਕੋਈ ਆਪਣੀ ਕੀਮਤੀ ਜਾਨ ਗੁਆ ਬੈਠਾ ਤਾਂ ਸ਼ਾਇਦ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ?

ਇਹ ਵੀ ਪੜ੍ਹੋ- ਸਪਾ ਸੈਂਟਰ ’ਚ ਜਿਸਮ ਫਿਰੋਸ਼ੀ ਦਾ ਧੰਦਾ ਬੇਪਰਦ

ਲੋਕ ਮਨਮਰਜ਼ੀ ਕਰਨ ਤੋਂ ਨਹੀਂ ਹਟਦੇ

ਇਸ ਸਬੰਧੀ ਉਥੇ ਮੌਜੂਦ ਇਕ ਰੇਲਵੇ ਸੁਰੱਖਿਆ ਬਲ ਦੇ ਜਵਾਨ ਨੇ ਦੱਸਿਆ ਕਿ ਇਸ ਬਾਰੇ ਲੋਕਾਂ ਨੂੰ ਕਈ ਵਾਰ ਸਮਝਾਇਆ ਗਿਆ ਹੈ ਅਤੇ ਕਈਆਂ ਨੂੰ ਜੁਰਮਾਨੇ ਵੀ ਕੀਤੇ ਜਾ ਚੁੱਕੇ ਹਨ, ਪਰ ਫਿਰ ਵੀ ਇਹ ਲੋਕ ਆਪਣੀ ਮਰਜ਼ੀ ਕਰਦੇ ਹੋਏ ਬਾਜ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰੇਲਵੇ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਕੱਲ ਤੋਂ ਹੀ ਕਾਰਵਾਈ ਕਰਨ ਦੀ ਮੁਹਿੰਮ ਵਿੱਢ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News