ਸਾਡੀ ਸੇਵਾ ਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ : ਬਾਦਲ

12/11/2018 7:04:40 PM

ਅੰਮ੍ਰਿਤਸਰ,((ਛੀਨਾ))— ਸ੍ਰੀ ਅਕਾਲ ਤਖਤ ਸਾਹਿਬ 'ਤੇ ਭੁੱਲ ਬਖਸ਼ਾਉਣ ਪਹੁੰਚੇ ਬਾਦਲ ਪਰਿਵਾਰ ਅਤੇ ਸਮੁੱਚੇ ਅਕਾਲੀ ਦਲ ਵਲੋਂ 8 ਦਸੰਬਰ ਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਸਥਾਨ 'ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ ਸੀ। ਜਿਸ ਦਾ ਅੱਜ ਭੋਗ ਪੈਣ ਉਪਰੰਤ ਸਮੂਹ ਅਕਾਲੀ ਆਗੂਆਂ, ਵਰਕਰਾਂ ਨੇ ਗੁਰੂ ਚਰਨਾਂ 'ਚ ਮੁਆਫੀ ਮੰਗਣ ਲਈ ਅਰਦਾਸ ਤਾਂ ਕੀਤੀ ਪਰ ਕਿਹੜੀਆਂ ਭੁੱਲਾਂ ਦੀ ਮੁਆਫੀ ਮੰਗੀ ਗਈ ਹੈ, ਇਸ ਬਾਰੇ ਕਿਸੇ ਵੀ ਆਗੂ ਨੇ ਜਵਾਬ ਨਹੀਂ ਦਿੱਤਾ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬੇ 'ਚ 10 ਸਾਲਾਂ ਦੇ ਕਾਰਜਕਾਲ ਦੌਰਾਨ ਜਾਣੇ-ਅਣਜਾਣੇ 'ਚ ਹੋਈ ਸਾਰੀਆਂ ਭੁੱਲਾਂ ਬਖਸ਼ਾਉਣ ਲਈ ਉਹ ਆਪਣੇ ਗੁਰੂ ਦੇ ਦਰ 'ਤੇ ਆਏ ਹਨ ਅਤੇ ਪ੍ਰਮਾਤਮਾ ਦਿਆਵਾਨ ਤੇ ਮੁਆਫ ਕਰਨ ਵਾਲਾ ਹੈ। 

PunjabKesariਉਨ੍ਹਾਂ ਨੇ ਕਿਹਾ ਕਿ ਸਮੁੱਚੇ ਅਕਾਲੀ ਲੀਡਰਸ਼ਿਪ ਵਲੋਂ ਬੀਤੇ ਦਿਨ ਜੋੜਾ ਘਰ 'ਚ ਜੋੜੇ ਸਾਫ ਅਤੇ ਪਾਲਿਸ਼ ਕਰਨ, ਲੰਗਰ ਹਾਲ 'ਚ ਲੰਗਰ ਬਰਤਾਉਣ, ਪ੍ਰਸ਼ਾਦੇ ਪਕਾਉਣ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਪੂਰੀ ਸ਼ਰਧਾ ਭਾਵਨਾ ਦੇ ਨਾਲ ਨਿਭਾਈ ਗਈ ਹੈ ਅਤੇ ਸਾਡੇ ਇਸ ਧਾਰਮਿਕ ਕਾਰਜ ਤੇ ਸੇਵਾ ਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ। ਪੱਤਰਕਾਰਾਂ ਵਲੋਂ ਵੱਖ-ਵੱਖ ਮੁੱਦਿਆਂ 'ਤੇ ਸਵਾਲ ਪੁੱਛੇ ਜਾਣ 'ਤੇ ਬਾਦਲ ਨੇ ਕਿਹਾ ਕਿ ਸਾਰੀ ਜ਼ਿੰਦਗੀ ਸਵਾਲਾਂ ਦੇ ਜਵਾਬ ਦੇਣ ਦੀ ਪਈ ਹੈ। ਉਨ੍ਹਾਂ ਕਿਹਾ ਕਿ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਕੋਈ ਰਾਜਨੀਤਕ ਗੱਲ ਨਾ ਕਰੋ।

'ਅੱਜ ਸਾਡੇ ਕੋਲੋਂ ਜਿਸ ਤੋਂ ਮਰਜ਼ੀ ਮੁਆਫੀ ਮੰਗਵਾ ਲਓ'
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਜਦੋਂ ਪੱਤਰਕਾਰ ਸਵਾਲ ਪੁੱਛ ਰਹੇ ਸਨ ਤਾਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ 'ਕਾਕਾ ਤੁਸੀਂ ਵੀ ਮੇਹਰ ਕਰੋ' ਤੁਸੀਂ ਅੰਮ੍ਰਿਤਸਰ ਦੇ ਸਮਝਦਾਰ ਪੱਤਰਕਾਰ ਹੋ ਮੌਕਾ ਦੇਖ ਲਿਆ ਕਰੋ ਕਿਹੜੇ ਸਮੇਂ ਕਿਹੜੀ ਗੱਲ ਕਰਨੀ ਹੈ। ਅੱਜ ਤਾਂ ਅਸੀਂ ਭੁੱਲਾਂ ਬਖਸ਼ਾਉਣ ਆਏ ਹਾਂ ਰਾਜਨੀਤੀ ਕਰਨ ਨਹੀਂ। 'ਅੱਜ ਸਾਡੇ ਕੋਲੋਂ ਜਿਸ ਤੋਂ ਮਰਜ਼ੀ ਮੁਆਫੀ ਮੰਗਵਾ ਲਓ', ਇੰਨੀ ਗੱਲ ਕਹਿ ਕੇ ਉਹ ਉਥੋਂ ਚਲੇ ਗਏ। 

PunjabKesari

ਪਾਰਟੀ ਵਰਕਰਾਂ ਤੇ ਸ਼ਰਧਾਲੂਆਂ ਨੇ ਮਜੀਠੀਆ ਨਾਲ ਲਈਆਂ ਸੈਲਫੀਆਂ
ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈਣ ਉਪਰੰਤ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜਿਵੇਂ ਹੀ ਦਰਬਾਰ ਸਾਹਿਬ ਤੋਂ ਬਾਹਰ ਨਿਕਲਣ ਲੱਗੇ ਤਾਂ ਪਾਰਟੀ ਵਰਕਰਾਂ ਅਤੇ ਸ਼ਰਧਾਲੂਆਂ ਨੇ ਉਨ੍ਹਾਂ ਨਾਲ ਫੋਟੋਆਂ ਖਿਚਵਾਉਣੀਆਂ ਅਤੇ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਨਾਲ ਮਜੀਠੀਆ ਨੇ ਬੜੇ ਹੀ ਸ਼ਾਂਤ ਸੁਭਾਅ ਨਾਲ ਫੋਟੋਆਂ ਖਿਚਵਾਈਆਂ। ਜਿਸ ਤੋਂ ਬਾਅਦ ਉਹ ਆਪਣੀ ਮੰਜ਼ਿਲ ਵੱਲ ਚੱਲ ਪਏ। 
ਇਸ ਮੌਕੇ ਮਨਜਿੰਦਰ ਸਿੰਘ ਸਿਰਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਗੁਲਜਾਰ ਸਿੰਘ ਰਣੀਕੇ, ਪਰਮਿੰਦਰ ਸਿੰਘ ਢੀਡਸਾ, ਸ਼ਰਨਜੀਤ ਸਿੰਘ ਢਿੱਲੋ, ਤਲਬੀਰ ਸਿੰਘ ਗਿੱਲ, ਵੀਰ ਸਿੰਘ ਲੋਪੋਕੇ ਸਮੇਤ ਹੋਰ ਵੀ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ।
PunjabKesari


Related News