ਅਜੇ ਬੱਚਿਆਂ ਨੂੰ ਸਕੂਲਾਂ ’ਚ ਭੇਜਣ ਲਈ ਰਾਜ਼ੀ ਨਹੀਂ ਹਨ ਮਾਪੇ, ਨਾ-ਮਾਤਰ ਰਹੀ ਵਿਦਿਆਰਥੀਆਂ ਦੀ ਹਾਜ਼ਰੀ
Thursday, Jan 15, 2026 - 05:59 PM (IST)
ਗੁਰਦਾਸਪੁਰ (ਹਰਮਨ)-ਪੰਜਾਬ ’ਚ ਚੱਲ ਰਹੀ ਅੱਤ ਦੀ ਕੜਾਕੇਦਾਰ ਠੰਡ ਅਤੇ ਸੀਤ ਲਹਿਰ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ 14 ਜਨਵਰੀ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਖੋਲ੍ਹ ਦਿੱਤੇ ਗਏ ਪਰ ਹੱਡ ਚੀਰਵੀਂ ਸੀਤ ਲਹਿਰ ਵਾਲੇ ਮੌਸਮ ਦੇ ਪ੍ਰਕੋਪ ਕਾਰਨ ਗੁਰਦਾਸਪੁਰ ਜ਼ਿਲ੍ਹੇ ਅੰਦਰ ਜ਼ਿਆਦਾਤਰ ਸਕੂਲਾਂ ’ਚ ਬੱਚਿਆਂ ਦੀ ਹਾਜ਼ਰੀ ਨਾਮਾਤਰ ਹੀ ਰਹੀ।
ਇਹ ਵੀ ਪੜ੍ਹੋ- ਪੰਜਾਬ 'ਚ 16, 17, 18 ਤੇ 19 ਦੀ ਪੜ੍ਹੋ Weather Update, ਵਿਭਾਗ ਦੀ ਵੱਡੀ ਭਵਿੱਖਬਾਣੀ
ਸਵੇਰ ਦੇ ਸਮੇਂ ਸਕੂਲਾਂ ਨੂੰ ਜਾਣ ਵਾਲੀਆਂ ਵੈਨਾਂ ਜ਼ਿਆਦਾਤਰ ਖਾਲੀ ਹੀ ਸੜਕਾਂ ’ਤੇ ਆਉਂਦੀਆਂ-ਜਾਂਦੀਆਂ ਨਜ਼ਰ ਆਈਆਂ ਅਤੇ ਬਹੁ ਗਿਣਤੀ ਬੱਚਿਆਂ ਦੇ ਮਾਪੇ ਅਜੇ ਬੱਚਿਆਂ ਨੂੰ ਸਕੂਲਾਂ ’ਚ ਭੇਜਣ ਲਈ ਰਾਜ਼ੀ ਦਿਖਾਈ ਨਹੀਂ ਦੇ ਰਹੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਪਹਿਲਾਂ ਹੀ ਠੰਢ ਦੇ ਮੱਦੇਨਜ਼ਰ ਸਕੂਲੀ ਛੁੱਟੀਆਂ ’ਚ ਦੋ ਵਾਰ ਵਾਧਾ ਕੀਤਾ ਗਿਆ ਸੀ, ਤਾਂ ਜੋ ਬੱਚਿਆਂ ਅਤੇ ਅਧਿਆਪਕਾਂ ਨੂੰ ਕੜਾਕੇਦਾਰ ਠੰਡ ਤੋਂ ਬਚਾਇਆ ਜਾ ਸਕੇ ਪਰ ਸਰਕਾਰੀ ਐਲਾਨ ਮੁਤਾਬਕ ਅੱਜ ਸਕੂਲ ਦੁਬਾਰਾ ਖੋਲ੍ਹ ਦਿੱਤੇ ਗਏ, ਜਦਕਿ ਮੌਸਮ ਦੇ ਹਾਲਾਤਾਂ ’ਚ ਕੋਈ ਵੱਡੀ ਸੁਧਾਰ ਨਹੀਂ ਆਇਆ।
ਇਹ ਵੀ ਪੜ੍ਹੋ- VVIP ਮੂਵਮੈਂਟ ਨੇ ਜਾਮ ਕਰ'ਤਾ ਅੰਮ੍ਰਿਤਸਰ, ਐਂਬੂਲੈਂਸਾਂ ਵੀ ਫਸੀਆਂ
ਮੌਸਮ ਵਿਭਾਗ ਅਨੁਸਾਰ ਗੁਰਦਾਸਪੁਰ ਖੇਤਰ ’ਚ ਅੱਜ ਅਤੇ ਬੀਤੇ ਦਿਨ ਤਾਪਮਾਨ ਲਗਭਗ 12 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ, ਜੋ ਇਸ ਸਰਦੀ ਦੇ ਸੀਜ਼ਨ ਦਾ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਤਾਪਮਾਨ ਵਿਚ ਹੋਰ ਵੀ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਹੈ। ਖਾਸ ਗੱਲ ਇਹ ਹੈ ਕਿ ਇਸ ਸਰਦੀ ਦੇ ਸੀਜ਼ਨ ਦੌਰਾਨ ਅਜੇ ਤੱਕ ਸਿਰਫ ਇਕ ਦਿਨ ਹੀ ਬਾਰਿਸ਼ ਹੋਈ ਹੈ। ਲੋਕਾਂ ਦਾ ਮੰਨਣਾ ਹੈ ਕਿ ਜਦੋਂ ਬਾਰਿਸ਼ ਹੋਈ ਤਾਂ ਠੰਡ ਦਾ ਪ੍ਰਭਾਵ ਹੋਰ ਵੀ ਤੇਜ਼ ਹੋ ਸਕਦਾ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ
ਕਈ ਅਧਿਆਪਕਾਂ ਨੇ ਦੱਸਿਆ ਕਿ ਬੱਚਿਆਂ ਦੇ ਮਾਪੇ ਫੋਨ ਕਰ ਕੇ ਸਾਫ਼ ਕਹਿ ਰਹੇ ਹਨ ਕਿ ਅੱਤ ਦੀ ਠੰਡ ਕਾਰਨ ਉਹ ਇਸ ਵੇਲੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਹੱਕ ’ਚ ਨਹੀਂ ਹਨ। ਖਾਸ ਕਰ ਕੇ ਪ੍ਰਾਇਮਰੀ ਅਤੇ ਹਾਈ ਸਕੂਲਾਂ ਤੱਕ ਦੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਹੀ ਘੱਟ ਰਹੀ। ਦੂਜੇ ਪਾਸੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਧਿਆਪਕ ਤਾਂ ਸਕੂਲ ਪਹੁੰਚੇ ਪਰ ਬੱਚਿਆਂ ਦੀ ਗੈਰ-ਹਾਜ਼ਰੀ ਕਾਰਨ ਪੜ੍ਹਾਈ ਸਬੰਧੀ ਕੰਮ ਪ੍ਰਭਾਵਿਤ ਰਿਹਾ ਅਤੇ ਅਧਿਆਪਕ ਜਿਆਦਾਤਰ ਵਿਹਲੇ ਬੈਠ ਕੇ ਆਪਣਾ ਦਫਤਰੀ ਕੰਮ ਨਿਪਟਾ ਕੇ ਘਰਾਂ ਨੂੰ ਪਰਤ ਗਏ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਤੀ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਗਲ ਲਾਈ ਮੌਤ
ਇਸ ਸਥਿਤੀ ਨੂੰ ਦੇਖਦੇ ਹੋਏ ਗੁਰਦਾਸਪੁਰ ਜ਼ਿਲੇ ਦੇ ਕਈ ਮਾਪਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਠੰਡ ਦੇ ਮੌਜੂਦਾ ਪ੍ਰਕੋਪ ਨੂੰ ਧਿਆਨ ਵਿੱਚ ਰੱਖਦਿਆਂ ਸਕੂਲੀ ਛੁੱਟੀਆਂ ਵਿਚ ਹੋਰ ਵਾਧਾ ਕੀਤਾ ਜਾਵੇ। ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਤਾਪਮਾਨ ਅਤੇ ਮੌਸਮੀ ਹਾਲਾਤਾਂ ਸੰਬੰਧੀ ਪੂਰੇ ਅੰਕੜੇ ਮੌਜੂਦ ਹਨ ਅਤੇ ਬੱਚਿਆਂ ਦੀ ਸਿਹਤ ਨੂੰ ਪਹਿਲ ਦਿੰਦਿਆਂ ਸਰਕਾਰ ਨੂੰ ਖੁਦ ਹੀ ਢੁਕਵਾਂ ਫੈਸਲਾ ਲੈਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
