ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਉਪਰਾਲਿਆਂ ਦੀ DC ਨੇ ਕੀਤੀ ਨਿਵੇਕਲੀ ਪਹਿਲਕਦਮੀ

05/14/2022 5:26:10 PM

ਗੁਰਦਾਸਪੁਰ (ਜੀਤ ਮਠਾਰੂ) - ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਸ ਤਹਿਤ ਅੱਜ ਡਿਪਟੀ ਕਮਿਸ਼ਨਰ ਨੇ ਬਲਾਕ ਗੁਰਦਾਸਪੁਰ ਦੇ ਸਰਕਲ ਕਾਲਾ ਨੰਗਲ ਨਾਲ ਸਬੰਧਿਤ ਪਿੰਡ ਦਾਖਲਾ ਵਿਚ ਸਵੇਰੇ ਤੜਕਸਾਰ ਕਰੀਬ 7 ਵਜੇ ਪਹੁੰਚ ਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਮੌਕੇ ਖੇਤੀਬਾੜੀ ਅਫ਼ਸਰ (ਹੈਡਕੁਆਟਰ) ਡਾ. ਰਣਧੀਰ ਠਾਕੁਰ, ਡਾ. ਗੁਰਦੇਵ ਸਿੰਘ, ਡਾ. ਸੰਜੀਵ ਸ਼ਰਮਾ, ਮਨਜੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਜੀਤ ਕੌਰ, ਹਿਤੇਸ਼ ਆਦਿ ਖੇਤੀ ਅਧਿਕਾਰੀਆਂ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ। 

ਇਸ ਮੌਕੇ ਪਿੰਡ ਦੇ ਪਾਰਕ ਵਿਚ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਅਤੇ ਪਿੰਡ ਦੇ ਹੋਰ ਲੋਕਾਂ ਨਾਲ ਝੋਨੇ ਦੀ ਸਿੱਧੀ ਬਿਜਾਈ, ਮੂੰਗੀ ਦੀ ਕਾਸ਼ਤ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਸੁਝਾਅ ਲਏ ਅਤੇ ਮੁਸ਼ਕਲਾਂ ਸੁਣੀਆਂ। ਡੀ.ਸੀ. ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਜਿਥੇ ਖੇਤੀਬਾੜੀ ਵਿਭਾਗ ਵਲੋਂ ਖੁਦ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਉਥੇ ਹਰੇਕ ਪਿੰਡ ਵਿਚ ਇਕ ਅਗਾਂਹਵਧੂ 'ਚੈਂਪੀਅਨ' ਕਿਸਾਨ ਦੀ ਚੋਣ ਕੀਤੀ ਜਾਵੇਗੀ, ਜੋ ਆਪਣੇ ਪਿੰਡ ਵਿਚ ਕਿਸਾਨਾਂ ਨੂੰ ਜਾਗਰੂਕ ਕਰੇਗਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਦੇ ਅਗਾਂਹਵਧੂ ਕਿਸਾਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ 'ਚਾਹ ਵਿਦ ਡਿਪਟੀ ਕਮਿਸ਼ਨਰ' ਕਰਕੇ ਮਾਣ ਸਨਮਾਨ ਦਿੱਤਾ ਜਾਵੇਗਾ। 

ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪਿੰਡਾਂ 'ਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਮਾਸਟਰ ਟਰੇਨਰ ਤਿਆਰ ਕਰਨ ਤਾਂ ਜੋ ਵੱਧ ਤੋ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਮੂੰਗੀ ਦੀ ਫ਼ਸਲ ਦੀ ਕਾਸ਼ਤ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਅੱਜ ਸਮੇਂ ਦੀ ਲੋੜ ਹੈ ਅਤੇ ਰਵਾਇਤੀ ਫ਼ਸਲਾਂ ਦੇ ਚੱਕਰ ਵਿਚੋਂ ਨਿਕਲਣਾ ਚਾਹੀਦਾ ਹੈ। ਕਣਕ ਦੀ ਵਢਾਈ ਤੇ ਝੋਨੇ ਦੀ ਬਿਜਾਈ ਵਿਚ ਕਾਰਲੇ ਸਮੇਂ ਦੌਰਾਨ ਮੂੰਗੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਅਤੇ ਪੰਜਾਬ ਸਰਕਾਰ ਵਲੋਂ ਇਸ 'ਤੇ ਐੱਮ.ਐੱਸ.ਪੀ ਦੇਣ ਦਾ ਐਲਾਨ ਕੀਤਾ ਗਿਆ ਹੈ। 

ਉਨ੍ਹਾਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦੇ ਕਿਹਾ ਕਿ ਨਸ਼ਾ ਇੱਕ ਬੀਮਾਰੀ ਹੈ, ਜਿਸਦਾ ਇਲਾਜ ਸੰਭਵ ਹੈ। ਨਸ਼ਾ ਪੀੜਤ ਵਿਅਕਤੀ ਆਪਣਾ ਇਲਾਜ ਕਰਵਾ ਸਕਦਾ ਹੈ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਕੋਈ ਨਸ਼ਾ ਪੀੜਤ 62391-39973 ਵਟਸਐਪ ਨੰਬਰ 'ਤੇ ਮੈਸੇਜ ਕਰਕੇ ਆਪਣਾ ਇਲਾਜ ਕਰਵਾ ਸਕਦਾ ਹੈ। ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਹਾਂ ਪੱਖੀ ਹੁੰਗਾਰਾ ਭਰਿਆ ਅਤੇ ਨਾਲ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਸਮੇਤ ਸਪਰੇਅ ਵਾਲੀ ਮਸ਼ੀਨ ਪਿੰਡਾਂ ਜਾਂ ਸਹਿਕਾਰੀ ਸੁਸਾਇਟੀਆਂ ਵਿਚ ਵੱਧ ਤੋਂ ਵੱਧ ਉਪਲੱਬਧ ਕਰਵਾਈਆਂ ਜਾਣ। 

ਇਸ ਮੌਕੇ ਕਿਸਾਨਾਂ ਨੇ ਮੂੰਗੀ ਦੀ ਕਾਸ਼ਤ ਕਰਨ ਸਬੰਧੀ ਦੱਸਿਆ ਕਿ ਜੇਕਰ ਅਪਰੈਲ ਮਹੀਨੇ ਵਿਚ ਬੀਜ ਮੁਹੱਈਆ ਕਰਵਾਇਆ ਜਾਵੇ ਤਾਂ ਇਸ ਫ਼ਸਲ ਦੀ ਕਾਸ਼ਤ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਖੇਤੀਬਾੜੀ ਅਧਿਕਾਰੀ ਡਾ. ਗੁਰਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਕਿ ਕੱਦੂ ਵਾਲੇ ਝੋਨੇ ਵਿਚ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ, ਖਾਦ ਵੱਧ ਲੱਗਦੀ ਹੈ ਕੇ ਫ਼ਸਲ ਵਿਚ ਕੀੜੇ-ਮਕੋੜਿਆਂ ਦੀ ਭਰਮਾਰ ਵੱਧਦੀ ਹੈ। ਜਦ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਝਾੜ ਵੱਧਦਾ ਹੈ, ਪਾਣੀ ਬੱਚਦਾ ਹੈ, ਖਾਦ ਤੇ ਦਵਾਈਆਂ ਦੀ ਘੱਟ ਲੋੜ ਪੈਂਦੀ ਹੈ, ਲੇਬਰ ਬੱਚਦੀ ਹੈ, ਜ਼ਮੀਨ ਦੀ ਸ਼ਕਤੀ ਵੱਧਦੀ ਹੈ। ਡਿਪਟੀ ਕਮਿਸ਼ਨਰ ਵਲੋਂ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਕਿਹਾ ਕਿ ਲੋਕ ਆਪਣੀ ਕੋਈ ਵੀ ਮੁਸ਼ਕਿਲ ਵਟਸਐਪ ਨੰਬਰ 62393-01830 'ਤੇ ਭੇਜ ਸਕਦੇ ਹਨ ਜਾਂ ਰੋਜ਼ਾਨਾ ਸਵੇਰੇ 11 ਵਜੇ ਆਪਣੇ ਘਰ ਤੋਂ ਡਿਪਟੀ ਕਮਿਸ਼ਨਰ ਨਾਲ ਜੂਮ ਮੀਟਿੰਗ ਕਰਕੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ। ਜੂਮ ਮੀਟਿੰਗ ਕਰਨ ਲਈ ਯੂਜਰ ਆਈ.ਡੀ 99154-33777 ਤੇ ਪਾਸਵਰਡ 0033 ਲਗਾ ਕੇ ਗੱਲ ਕਰ ਸਕਦੇ ਹਨ।
 


rajwinder kaur

Content Editor

Related News