ਢੱਡਰੀਆਂ ਵਾਲੇ ਦੇ ਸਮਰਥਕ ਦੇ ਘਰ ’ਤੇ ਹਮਲਾ

Saturday, Nov 10, 2018 - 05:52 AM (IST)

ਅੰਮ੍ਰਿਤਸਰ, (ਸੂਰੀ) - ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਮਰਥਕ ਭਾਈ ਸਤਨਾਮ ਸਿੰਘ ਜੇ. ਸੀ. ਬੀ. ਵਾਲਿਆਂ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ’ਤੇ ਹੋਏ ਹਮਲੇ ਬਾਰੇ ਦੱਸਿਆ ਕਿ 7-8 ਨਵੰਬਰ ਦੀ ਦਰਮਿਆਨੀ ਰਾਤ ਡੇਢ ਵਜੇ 2 ਗੱਡੀਆਂ ’ਚ ਤਕਰੀਬਨ 8-10 ਅਣਪਛਾਤੇ ਵਿਅਕਤੀਆਂ ਨੇ ਸਾਡਾ ਦਰਵਾਜ਼ਾ ਖਡ਼ਕਾਇਆ ਤੇ ਗੇਟ ਖੋਲ੍ਹਣ ਲਈ ਕਿਹਾ, ਅਸੀਂ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਸ਼ਰਾਰਤੀ ਅਨਸਰ ਗਾਲ੍ਹਾਂ ਕੱਢਦੇ ਹੋਏ ਦਰਵਾਜ਼ੇ ’ਚ ਗੋਲੀਆਂ ਮਾਰ ਕੇ ਫਰਾਰ ਹੋ ਗਏ, ਮੈਂ ਕੋਠੇ ਤੋਂ ਦੇਖਿਆ ਕਿ ਅਣਪਛਾਤੇ ਵਿਅਕਤੀ 2 ਗੱਡੀਆਂ ’ਚ ਫਰਾਰ ਹੋ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਨੇ ਕਿਹਾ ਕਿ ਗੋਲੀਆਂ ਸਾਡੇ ਗੇਟ ’ਚ ਨਹੀਂ ਬਲਕਿ ਬੇਸ਼ੱਕ ਸਾਡੀ ਛਾਤੀ ’ਚ ਮਾਰ ਲਵੋ ਪਰ ਫਿਰ ਵੀ ਅਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਰਥਨ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਸਾਡੀ ਦਰਖਾਸਤ ਦੇਣ ਤੋਂ ਬਾਅਦ ਥਾਣਾ ਮਕਬੂਲਪੁਰਾ ਨੇ ਗੋਲੀਆਂ ਦੇ ਖੋਲ ਪ੍ਰਾਪਤ ਕਰ ਲਏ ਹਨ ਤੇ ਪੁਲਸ ਨੇ ਧਾਰਾਵਾਂ 336, 506, 25 ਤੇ 27 ਤਹਿਤ ਪਰਚਾ ਤਾਂ ਦਰਜ ਕਰ ਲਿਆ ਪਰ ਅਜੇ ਤੱਕ ਦੋਸ਼ੀ ਪੁਲਸ ਦੀ ਪਕਡ਼ ਤੋਂ ਬਾਹਰ ਹਨ।
ਉਨ੍ਹਾਂ ਕਿਹਾ ਕਿ ਮੇਰੇ ਘਰ ’ਤੇ ਪਿਛਲੇ ਸਾਲ ਵੀ ਹਮਲਾ ਹੋਇਆ ਸੀ, ਜਿਸ ਸਬੰਧੀ ਮੈਂ ਦਰਖਾਸਤ ਵੀ ਪੁਲਸ ਨੂੰ ਦਿੱਤੀ ਸੀ ਪਰ ਕੋਈ ਕਾਰਵਾਈ ਨਾ ਹੋਣ ਕਰ ਕੇ ਅੱਜ ਦੂਜੀ ਵਾਰ ਹਮਲਾ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ. ਜੀ. ਪੀ. ਪੰਜਾਬ ਪੁਲਸ, ਡੀ. ਆਈ. ਜੀ. ਬਾਰਡਰ ਰੇਂਜ ਤੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਆਪਣੇ ਪਰਿਵਾਰ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਜੇ ਪੁਲਸ ਨੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਅਗਲੀ ਰਣਨੀਤੀ ਉਲੀਕਾਂਗੇ। ਪੁਲਸ ਥਾਣਾ ਮਕਬੂਲਪੁਰਾ ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਤਫਤੀਸ਼ ਚੱਲ ਰਹੀ ਹੈ, ਜਲਦ ਹੀ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News