ਪੁੱਤ ਦੀ ਯਾਦ 'ਚ NRI ਪਰਿਵਾਰ ਨੇ ਪੇਸ਼ ਕੀਤੀ ਅਨੋਖੀ ਮਿਸਾਲ, ਭਲਕੇ ਪਿੰਡ ਪਹੁੰਚ ਰਹੇ ਨੇ ਸਿਹਤ ਮੰਤਰੀ

01/19/2023 3:36:45 PM

ਤਰਨਤਾਰਨ (ਰਮਨ) : ਅਮਰੀਕਾ ’ਚ ਰਹਿੰਦੇ ਐੱਨ. ਆਰ. ਆਈ. ਸੰਧੂ ਪਰਿਵਾਰ ਨੇ ਆਪਣੇ ਪੁੱਤ ਦੀ ਯਾਦ ’ਚ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਮਾਰਤ ਸਿਹਤ ਵਿਭਾਗ ਨੂੰ ਮੁਹੱਲਾ ਕਲੀਨਿਕ ਖੋਲ੍ਹਣ ਲਈ ਦਾਨ ਕਰਨ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੇ ਉਦਘਾਟਨ ਲਈ ਸਿਹਤ ਮੰਤਰੀ ਪੰਜਾਬ ਤੋਂ ਇਲਾਵਾ ਹੋਰ ਕਈ ਵਿਧਾਇਕ ਅਤੇ ਸਿਆਸੀ ਨੇਤਾ 20 ਜਨਵਰੀ ਨੂੰ ਪਿੰਡ ਮਰਗਿੰਦਪੁਰਾ ਵਿਖੇ ਪੁੱਜ ਰਹੇ ਹਨ। ਜ਼ਿਕਰਯੋਗ ਹੈ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਦਾਨ ਕੀਤੇ ਜਾਣ ਵਾਲੀ ਇਮਾਰਤ ਨੂੰ ਕਾਨੂੰਨੀ ਤੌਰ ’ਤੇ ਸਰਕਾਰ ਦੇ ਨਾਂ ਤਬਦੀਲ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਨਾਲ ਕੀਤੀ ਸੀ ਮੁਲਾਕਾਤ, ਛਿੜੀ ਨਵੀਂ ਚਰਚਾ

ਜ਼ਿਲ੍ਹੇ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਦੇ ਸਾਬਕਾ ਸਰਪੰਚ, ਸਾਬਕਾ ਡਾਇਰੈਕਟਰ ਲੈਂਡ ਮਾਰਕ ਬੈਂਕ ਰਣਜੀਤ ਸਿੰਘ ਸੰਧੂ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਪੁੱਤਰ ਗੁਰਲਾਲ ਸਿੰਘ ਦਾ ਸਾਲ 2019 ਦੌਰਾਨ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਮੌਤ ਹੋ ਗਈ ਸੀ, ਜਿਸ ਨੂੰ ਯਾਦ ਕਰਦੇ ਹੋਏ ਹਰ ਸਾਲ ਉਸ ਦੇ ਜਨਮ ਦਿਨ (20 ਜਨਵਰੀ) ਨੂੰ ਉਚੇਚੇ ਤੌਰ ’ਤੇ ਪਰਿਵਾਰ ਸਣੇ ਅਮਰੀਕਾ ਤੋਂ ਭਾਰਤ ਪੁੱਜ ਕੇ ਸ੍ਰੀ ਅਖੰਡ ਪਾਠ ਕਰਵਾਉਣ ਉਪਰੰਤ ਲੋੜਵੰਦਾਂ ਨੂੰ ਵੱਖ-ਵੱਖ ਵਸਤੂਆਂ ਦਾਨ ਕਰਦੇ ਹਨ।

ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ, ਅਬੋਹਰ 'ਚ ਸ਼ਮਸ਼ਾਨਘਾਟ 'ਚੋਂ ਮਿਲਿਆ ਬੱਚੀ ਦਾ ਭਰੂਣ, ਨੋਚ-ਨੋਚ ਖਾ ਰਹੇ ਸੀ ਕੁੱਤੇ

ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਗੁਰਲਾਲ ਸਿੰਘ ਦੀ ਯਾਦ ’ਚ ਪਿੰਡ ਮਰਗਿੰਦਪੁਰਾ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਪਿਛਲੇ ਇਕ ਸਾਲ ਤੋਂ ਇਮਾਰਤ ਤਿਆਰ ਕਰਵਾਈ ਜਾ ਰਹੀ ਹੈ, ਜਿਸ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਲਈ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ਸਿਵਲ ਸਰਜਨ ਡਾਕਟਰ ਦਿਲਬਾਗ ਸਿੰਘ ਨੂੰ ਅਪੀਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 20 ਜਨਵਰੀ ਨੂੰ ਬੇਟੇ ਗੁਰਲਾਲ ਸਿੰਘ ਦੇ ਜਨਮ ਦਿਨ ਮੌਕੇ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਸਣੇ ਕਈ ਵਿਧਾਇਕਾਂ ਦੇ ਪੁੱਜਣ ਦੀ ਉਮੀਦ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਸੰਧੂ ਨਿਵਾਸੀ ਮਰਗਿੰਦਪੁਰਾ ਵਲੋਂ ਆਪਣੀ ਬੇਟੇ ਦੀ ਯਾਦ ’ਚ ਸਿਹਤ ਵਿਭਾਗ ਨੂੰ ਮੁਹੱਲਾ ਕਲੀਨਿਕ ਖੋਲ੍ਹਣ ਲਈ ਇਮਾਰਤ ਦਾਨ ਕਰ ਦਿੱਤੀ ਗਈ ਹੈ, ਇਸ ਇਮਾਰਤ ਨੂੰ ਪਰਿਵਾਰ ਵਲੋਂ ਕਾਨੂੰਨੀ ਤੌਰ ਉੱਪਰ ਸਰਕਾਰ ਦੇ ਨਾਂ ਤਬਦੀਲ ਕਰਵਾਉਣ ਲਈ ਕਾਗਜ਼ਾਤ ਵੀ ਸੌਂਪ ਦਿੱਤੇ ਗਏ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News