NRI ਦੀ ਕੋਠੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਇਨਵਰਟਰ, ਬੈਟਰੀ, ਗੈਸ ਸਿਲੰਡਰ ਕੀਤਾ ਚੋਰੀ
Sunday, Jul 17, 2022 - 12:04 PM (IST)

ਗੁਰਦਾਸਪੁਰ (ਵਿਨੋਦ)- ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਸੁੱਖਾ ਬਥਵਾਲਾ ’ਚ ਐੱਨ.ਆਰ.ਆਈ ਦੀ ਕੋਠੀ ’ਚੋਂ ਇਕ ਇਨਵਰਟਰ, ਇਨਵਰਟਰ ਦੀ ਬੈਟਰੀ, ਇਕ ਗੈਸ ਸਿਲੰਡਰ ਅਤੇ ਪਾਣੀ ਵਾਲਾ ਟੁਲੂ ਪੰਪ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਥਾਣਾ ਸਦਰ ਦੀ ਪੁਲਸ ਨੇ ਕੋਠੀ ਦੀ ਰੱਖਵਾਈ ਕਰਨ ਵਾਲੀ ਜਨਾਨੀ ਦੇ ਪਿਤਾ ਖ਼ਿਲਾਫ਼ ਚੋਰੀ ਕਰਨ ਦਾ ਮਾਮਲਾ ਦਰਜ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਬਲਜੀਰ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਪੁੱਤਰੀ ਬਲਬੀਰ ਸਿੰਘ ਵਾਸੀ ਸੁੱਖਾ ਬਥਵਾਲਾ ਨੇ ਬਿਆਨ ਦਿੱਤਾ ਕਿ ਉਸ ਦੇ ਘਰ ਦੇ ਨੇੜੇ ਐੱਨ.ਆਰ.ਆਈ ਹਰਦਿਆਲ ਸਿੰਘ ਜੋਹਲ ਪੁੱਤਰ ਰਾਮ ਸਿੰਘ ਦੀ ਰਿਹਾਇਸ਼ੀ ਕੋਠੀ ਹੈ। ਹਰਦਿਆਲ ਸਿੰਘ ਪੱਕੇ ਤੌਰ ’ਤੇ ਅਮਰੀਕਾ ਰਹਿੰਦਾ ਹੈ, ਜੋ ਕਰੀਬ ਸਾਲ ਬਾਅਦ ਪਿੰਡ ਆਉਂਦਾ ਹੈ। ਆਪਣੀ ਕੋਠੀ ਦੀ ਦੇਖਭਾਲ ਅਤੇ ਸਾਫ ਸਫਾਈ ਲਈ ਕੋਠੀ ਦੀ ਚਾਬੀ ਉਸ ਨੂੰ ਦੇ ਗਿਆ ਸੀ। 11 ਜੁਲਾਈ 22 ਨੂੰ ਜਦ ਉਹ ਹਰਦਿਆਲ ਸਿੰਘ ਦੀ ਕੋਠੀ ਵਿਚ ਸਫਾਈ ਕਰਨ ਲਈ ਗਈ ਤਾਂ ਵੇਖਿਆ ਕਿ ਕੋਠੀ ਦੀ ਬਾਰੀ ਵਿਚ ਲੱਗੀ ਹੋਈ ਗਰਿੱਲ ਟੁੱਟੀ ਹੋਈ ਸੀ। ਕੋਠੀ ਅੰਦਰੋਂ ਇਕ ਇਨਵਰਟਰ ਅਤੇ ਇਨਵਰਟਰ ਦੀ ਬੈਟਰੀ, ਇਕ ਗੈਸ ਸਿਲੰਡਰ ਅਤੇ ਪਾਣੀ ਵਾਲਾ ਟੁਲੂ ਪੰਪ ਚੋਰੀ ਹੋ ਚੁੱਕਾ ਸੀ।
ਪੜ੍ਹੋ ਇਹ ਵੀ ਖ਼ਬਰ: ਉਪ ਰਾਸ਼ਟਰਪਤੀ ਦੀ ਦੌੜ ’ਚੋਂ ਕੈਪਟਨ ਅਮਰਿੰਦਰ ਸਿੰਘ ਬਾਹਰ, ‘ਨਹਾਤੀ -ਧੋਤੀ ਰਹਿ ਗਈ ਤੇ...’
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਹੈ ਕਿ ਇਹ ਚੋਰੀ ਸ਼ਿਕਾਇਤ ਕਰਨ ਵਾਲੀ ਜਨਾਨੀ ਸਿਮਰਨਜੀਤ ਕੌਰ ਦੇ ਪਿਤਾ ਬਲਬੀਰ ਸਿੰਘ ਨੇ ਕੀਤੀ ਹੈ। ਪੁਲਸ ਨੇ ਜਨਾਨੀ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ।