ਨਾਜਾਇਜ਼ ਕਬਜ਼ਿਆਂ ''ਤੇ ਨਗਰ ਕੌਂਸਲ ਦਾ ਫਿਰ ਚੱਲਿਆ ਪੀਲਾ ਪੰਜਾ, ਫੜ੍ਹੀ ਵਾਲਿਆਂ ''ਚ ਪ੍ਰਸ਼ਾਸਨ ਖਿਲਾਫ਼ ਰੋਸ

Thursday, Apr 20, 2023 - 12:32 PM (IST)

ਤਰਨਤਾਰਨ (ਰਮਨ)- ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਤੋਂ ਨਿਜ਼ਾਤ ਦਿਵਾਉਣ ਲਈ ਸਥਾਨਕ ਨਗਰ ਕੌਂਸਲ ਅਤੇ ਟ੍ਰੈਫ਼ਿਕ ਪੁਲਸ ਵਲੋਂ ਸਾਂਝੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਸਥਾਨਕ ਨਗਰ ਕੌਂਸਲ ਦੀ ਟੀਮ ਵਲੋਂ ਅੰਮ੍ਰਿਤਸਰ ਰੋਡ ਰੋਹੀ ਪੁੱਲ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਜਿੱਥੇ ਹਟਾ ਦਿੱਤਾ ਗਿਆ ਉੱਥੇ ਫੁੱਟਪਾਥ ਕਿਨਾਰੇ ਬਣੀ ਦੀਵਾਰ ਵੀ ਤੋੜ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਇਕਤਰਫ਼ਾ ਕਾਰਵਾਈ ਨੂੰ ਲੈ ਕੇ ਸਬੰਧਿਤ ਫੜ੍ਹੀ ਮਾਲਕਾਂ ਵਲੋਂ ਰੋਹੀ ਦੇ ਦੂਸਰੇ ਪਾਸੇ ਕੀਤੇ ਨਾਜਾਇਜ਼ ਕਬਜ਼ੇ ਨਾ ਹਟਾਉਣ ਨੂੰ ਲੈ ਨਗਰ ਕੌਂਸਲ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਭਾਰਤੀ ਸੀਮਾ ’ਚ ਦੋ ਵਾਰ ਦਾਖ਼ਲ ਹੋਇਆ ਪਾਕਿ ਡਰੋਨ, BSF ਦੀ ਫਾਇਰਿੰਗ ਮਗਰੋਂ ਪਰਤਿਆ ਵਾਪਸ

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰੋਡ ਰੋਹੀ ਪੁਲ ਵਿਖੇ ਦੁਪਹਿਰ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ਵਾਲੀ ਟੀਮ ਵਲੋਂ ਕਾਰਵਾਈ ਕਰਦੇ ਹੋਏ ਵੱਖ-ਵੱਖ ਲੋਕਾਂ ਵਲੋਂ ਕੀਤੇ ਗਏ ਪੱਕੇ ਤੌਰ 'ਤੇ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ। ਟੀਮ ਵਲੋਂ ਕਾਰਵਾਈ ਕਰਦੇ ਹੋਏ ਨਾਜਾਇਜ਼ ਸਾਮਾਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਇਕ ਪਾਸੇ ਕੀਤੀ ਗਈ ਦੀਵਾਰ ਨੂੰ ਵੀ ਤੋੜ ਦਿੱਤਾ ਗਿਆ।

ਇਸ ਕੀਤੀ ਗਈ ਕਾਰਵਾਈ ਨੂੰ ਦੇਖ ਭੜਕੇ ਫੜ੍ਹੀ ਮਾਲਕਾਂ ਵਲੋਂ ਰੋਸ ਜਤਾਇਆ ਗਿਆ ਹੈ ਕਿ ਰੋਹੀ ਦੇ ਦੂਸਰੇ ਪਾਸੇ ਸਮੂਹ ਫੜ੍ਹੀ ਮਾਲਕਾਂ ਵਲੋਂ ਨਾਜਾਇਜ਼ ਕਬਜ਼ੇ ਕਰਦੇ ਹੋਏ ਵੱਡੀਆਂ ਦੁਕਾਨਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਉੱਪਰ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਥਿਤ ਤੌਰ ਉੱਪਰ ਆਰੋਪ ਲਗਾਉਂਦੇ ਹੋਏ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਪਾਸੋਂ ਆਪਣੀਆਂ ਜ਼ੇਬਾਂ ਗਰਮ ਕਰਦੇ ਹੋ ਸਕਦੇ ਹਨ ਤਾਂ ਹੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਨੌਜਵਾਨਾਂ ਲਈ ਮਿਸਾਲ ਬਣਿਆ ਗੁਰਦਾਸਪੁਰ ਦਾ ਅੰਮ੍ਰਿਤਬੀਰ ਸਿੰਘ, ਚੜ੍ਹਦੀ ਜਵਾਨੀ ਮਾਰੀਆਂ ਵੱਡੀਆਂ ਮੱਲ੍ਹਾਂ

ਉੱਧਰ ਟ੍ਰੈਫ਼ਿਕ ਪੁਲਸ ਦੇ ਇੰਚਾਰਜ ਬਲਜੀਤ ਕੌਰ ਅਤੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਸਥਾਨਕ ਚਾਰ ਖੰਭਾ ਚੌਂਕ, ਤਹਿਸੀਲ ਚੌਂਕ, ਗਾਰਦ ਬਾਜ਼ਾਰ, ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਰੇਲਵੇ ਰੋਡ, ਸਰਹਾਲੀ ਰੋਡ ਤੋਂ ਇਲਾਵਾ ਹੋਰ ਵੱਖ-ਵੱਖ ਬਾਜ਼ਾਰਾਂ 'ਚੋਂ ਨਾਜਾਇਜ਼ ਕਬਜ਼ੇ ਹਟਾਉਂਦੇ ਹੋਏ ਦੁਕਾਨਦਾਰਾਂ ਨੂੰ ਤਾੜਨਾ ਜਾਰੀ ਕੀਤੀ ਗਈ। ਉਨ੍ਹਾਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਕਬਜ਼ਾ ਮੁਕਤ ਬਣਾਉਣ ਸਬੰਧੀ ਮੁਹਿੰਮ ਦਾ ਦੁਕਾਨਦਾਰਾਂ ਅਤੇ ਲੋਕਾਂ ਨੂੰ ਸਾਥ ਦੇਣ ਲਈ ਅਪੀਲ ਕੀਤੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News