ਦੋ ਮੋਟਰਸਾਈਕਲਾਂ ’ਤੇ ਸਵਾਰ ਪਿਸਤੌਲ ਧਾਰੀ ਬੇਖੋਫ ਲੁਟੇਰਿਆਂ ਝਬਾਲ ਇਲਾਕੇ ’ਚ ਪਾਈ ਦਹਿਸ਼ਤ
Monday, Apr 03, 2023 - 06:14 PM (IST)

ਝਬਾਲ (ਨਰਿੰਦਰ) : ਇਲਾਕਾ ਝਬਾਲ ਵਿਚ ਅੱਜ ਦੋ ਮੋਟਰਸਾਈਕਲਾਂ ਸਪਲੈਂਡਰ ਅਤੇ ਟੀ. ਵੀ. ਐੱਸ ’ਤੇ ਸਵਾਰ 4 ਨੌਜਵਾਨ ਜਿਨ੍ਹਾਂ ਦੇ ਹੱਥ ਵਿਚ ਗੋਲਡਨ ਰੰਗ ਦੇ ਦੋ ਪਿਸਟਲ ਸਨ, ਸ਼ਰੇਆਮ ਲੈ ਕੇ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਰਾਹੀਆਂ ਨੂੰ ਰੋਕ ਕੇ ਲੁੱਟ ਦਾ ਸ਼ਿਕਾਰ ਬਣਾਉਂਦੇ ਰਹੇ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ ਪ੍ਰੰਤੂ ਪੁਲਸ ਪ੍ਰਸ਼ਾਸਨ ਖਾਮੋਸ਼ ਬੈਠਾ ਹੈ। ਅੱਜ ਅੱਡਾ ਝਬਾਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭੋਜੀਆਂ ਵਾਸੀ ਨੌਜਵਾਨ ਵਿੱਕੀ ਪੁੱਤਰ ਸੁੱਖਾ ਸਿੰਘ ਅਤੇ ਸੁਮਨ ਪੁੱਤਰ ਸਾਹਿਬ ਮਸੀਹ ਨੇ ਦੱਸਿਆ ਕਿ ਦੋਵੇਂ ਪਿੰਡ ਵੱਲ ਮੋਟਰਸਾਈਕਲ ’ਤੇ ਜਾ ਰਹੇ ਸੀ, ਦੋ ਮੋਟਰਸਾਈਕਲਾਂ ਸਪਲੈਂਡਰ ਅਤੇ ਟੀ. ਵੀ. ਐੱਸ ਮੋਟਰਸਾਈਕਲ ’ਤੇ ਸਵਾਰ ਚਾਰ ਨੌਜਵਾਨਾਂ ਜਿਨ੍ਹਾਂ ਕੋਲ ਹੱਥਾਂ ਵਿਚ ਗੋਲਡਨ ਰੰਗ ਦੇ ਪਿਸਟਲ ਸਨ ਨੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਕੋਲੋਂ ਦੋ ਮਹਿੰਗੇ ਮੁੱਲ ਦੇ ਮੋਬਾਇਲ ਖੋਹ ਲਏ ਤੇ ਫਰਾਰ ਹੋ ਗਏ।
ਇਸ ਸਬੰਧੀ ਅਸੀਂ ਬਕਾਇਦਾ ਥਾਣਾ ਝਬਾਲ ਵਿਖੇ ਦਰਖਾਸਤ ਵੀ ਦਿੱਤੀ ਹੈ। ਜਦੋਂ ਕਿ ਖੋਹੇ ਮੋਬਾਇਲ ਚੱਲ ਵੀ ਰਹੇ ਹਨ, ਜਿਸ ਬਾਰੇ ਅਸੀਂ ਪੁਲਸ ਨੂੰ ਨੰਬਰ ਵੀ ਦਿੱਤੇ, ਜੇਕਰ ਪੁਲਸ ਚਾਹੇ ਤਾਂ ਚੱਲ ਰਹੇ ਮੋਬਾਇਲ ਦੇ ਆਧਾਰ ’ਤੇ ਲੋਕੇਸ਼ਨ ਕੱਢ ਕੇ ਲੁਟੇਰੇ ਫੜੇ ਜਾ ਸਕਦੇ ਹਨ ਪ੍ਰੰਤੂ ਪੁਲਸ ਪ੍ਰਸ਼ਾਸਨ ਚੁੱਪ ਹੈ, ਜਦੋਂ ਕਿ ਉਹੀ ਲੁਟੇਰੇ ਇਲਾਕੇ ਵਿਚ ਦਹਿਸ਼ਤ ਪਾਉਂਦੇ ਫਿਰ ਰਹੇ, ਜਿਨ੍ਹਾਂ ਮੱਝੂਪੁਰ ਨੇੜੇ ਹੋਰ ਮੋਬਾਇਲ ਖੋਹਣ ਦੀ ਵਾਰਦਾਤ ਕਰਨ ਦਾ ਵੀ ਪਤਾ ਚੱਲਿਆ ਹੈ। ਉਧਰ ਥਾਣਾ ਮੁਖੀ ਕੇਵਲ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਲੁਟੇਰਿਆਂ ਵਲੋਂ ਖੋਹੇ ਮੋਬਾਇਲਾਂ ਦੀਆਂ ਲੋਕੇਸ਼ਨਾਂ ਪਾਈਆਂ ਹਨ, ਜਿਸ ਦੇ ਆਧਾਰ ’ਤੇ ਜਲਦੀ ਇਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਪੁਲਸ ਸਰਗਰਮੀ ਨਾਲ ਇਨ੍ਹਾਂ ਦੇ ਪਿੱਛੇ ਲੱਗੀ ਹੈ, ਬਹੁਤ ਜਲਦ ਇਹ ਸਲਾਖਾਂ ਪਿੱਛੇ ਹੋਣਗੇ। ਦੂਸਰੇ ਪਾਸੇ ਇਨ੍ਹਾਂ ਲੁੱਟਾਂ-ਖੋਹਾਂ ਦਾ ਕਾਰਨ ਇਲਾਕੇ ਵਿਚ ਨਸ਼ਿਆਂ ਦਾ ਰੁਝਾਨ ਵੀ ਹੈ, ਜੋ ਸ਼ਰੇਆਮ ਚੱਲ ਰਿਹਾ।