ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਜੀਲੈਂਸ ਨੂੰ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਮੰਗਿਆ ਹਫ਼ਤੇ ਦਾ ਸਮਾਂ
Thursday, Dec 15, 2022 - 10:26 AM (IST)
ਗੁਰਦਾਸਪੁਰ (ਵਿਨੋਦ)- ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਤਹਿਤ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਗੁਰਦਾਸਪੁਰ ਦੇ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਜੀਲੈਂਸ ਅਧਿਕਾਰੀਆਂ ਕੋਲੋਂ ਆਪਣੀ ਜਾਇਦਾਦ ਨਾਲ ਸਬੰਧਤ ਵੇਰਵਿਆਂ ਦਾ ਫ਼ਾਰਮ ਜਮ੍ਹਾ ਕਰਵਾਉਣ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ।
ਇਹ ਵੀ ਪੜ੍ਹੋ- ਪਾਕਿ 'ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਕੌਮ ਵਜੋਂ ਮਾਨਤਾ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਇਸ ਮਾਮਲੇ ਦੇ ਜਾਂਚ ਅਧਿਕਾਰੀ ਡੀ. ਐੱਸ. ਪੀ. ਨਿਰਮਲ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਨ੍ਹਾਂ ਕਿਹਾ ਕਿ ਪਾਹੜਾ ਨੂੰ ਕੁਝ ਜ਼ਰੂਰੀ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਸੀ। ਉਨ੍ਹਾਂ ਦੇ ਭਰਾ ਨੇ ਉਨ੍ਹਾਂ ਦੇ ਦਫ਼ਤਰ ਮਿਲ ਕੇ ਬੇਨਤੀ ਕੀਤੀ ਸੀ ਕਿ ਵਿਧਾਇਕ ਨੂੰ ਰਸਮੀ ਕਾਰਵਾਈ ਪੂਰੀ ਕਰਨ ਲਈ ਘੱਟੋ-ਘੱਟ 7 ਦਿਨ ਹੋਰ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਉਨ੍ਹਾਂ ਦੀ ਬੇਨਤੀ ਮੰਨ ਲਈ ਹੈ। ਵਿਧਾਇਕ ਪਾਹੜਾ ਨੂੰ ਹੁਣ 21 ਦਸੰਬਰ ਜਾਂ ਇਸ ਤੋਂ ਪਹਿਲਾਂ ਕਾਗਜ਼ ਦਾਖ਼ਲ ਕਰਨੇ ਪੈਣਗੇ ।
ਇਹ ਵੀ ਪੜ੍ਹੋ-100 ਸਾਲ ਨੂੰ ਢੁਕੀ ਬੀਬੀ ਸਦਰੋ ਅਜੋਕੀ ਪੀੜ੍ਹੀ ਲਈ ਮਿਸਾਲ, ਬਿਨਾਂ ਐਨਕਾਂ ਦੇ ਹੱਥੀਂ ਬੁਣਦੀ ਹੈ ਸਵੈਟਰ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 6 ਦਸੰਬਰ ਨੂੰ ਵਿਧਾਇਕ, ਉਨ੍ਹਾਂ ਦੇ ਪਿਤਾ, ਭਰਾ ਅਤੇ ਇਕ ਰਿਸ਼ਤੇਦਾਰ ਨੂੰ ਕਰੀਬ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਐੱਸ. ਐੱਸ. ਪੀ. ਵਿਜੀਲੈਂਸ (ਅੰਮ੍ਰਿਤਸਰ ਰੇਂਜ), ਡੀ. ਐੱਸ. ਪੀ. ਨਿਰਮਲ ਸਿੰਘ ਅਤੇ ਇੰਸਪੈਕਟਰ ਚੇਤਨ ਸਲਾਰੀਆ ਟੀਮ ਦੇ ਮੈਂਬਰ ਸਨ, ਜਿਨ੍ਹਾਂ ਵਿਧਾਇਕ ਤੋਂ ਪੁੱਛਗਿੱਛ ਕੀਤੀ ਸੀ, ਉਸ ਸਮੇਂ ਪਾਹੜਾ ਨੂੰ ਕੁਝ ਫ਼ਾਰਮ ਸੌਂਪੇ ਗਏ ਸਨ, ਜੋ ਉਨ੍ਹਾਂ ਨੇ ਅੱਜ ਭਰ ਕੇ ਜਮ੍ਹਾ ਕਰਵਾਉਣੇ ਸਨ। ਇਸ ਤੋਂ ਇਕ ਮਹੀਨਾ ਪਹਿਲਾਂ, ਵਿਧਾਇਕ ਅਤੇ ਉਸਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਆਪਣੇ ਬੈਂਕ ਵੇਰਵੇ ਸੌਂਪਣ ਲਈ ਕਿਹਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।