ਅਣਪਛਾਤੇ ਨਕਾਬਪੋਸ਼ ਬਜ਼ੁਰਗ ਜੋੜੇ ਨੂੰ ਕੁੱਟ-ਮਾਰ ਕੇ ਘਰੋਂ 55000 ਦੀ ਨਕਦੀ ਤੇ 35 ਤੋਲੇ ਸੋਨਾ ਲੈ ਉੱਡੇ
Monday, Oct 15, 2018 - 12:43 AM (IST)

ਸੁਜਾਨਪੁਰ, (ਜੋਤੀ, ਬਖ਼ਸ਼ੀ)- ਬੀਤੀ ਰਾਤ ਪਿੰਡ ਦੌਲਤਪੁਰ ਜੱਟਾਂ ’ਚ ਇਕ ਅੈਡਵੋਕੇਟ ਦੇ ਘਰ ਅਣਪਛਾਤੇ 6 ਨਕਾਬਪੋਸ਼ ਲੁਟੇਰਿਆਂ ਵੱਲੋਂ ਡੰਡਿਅਾਂ ਨਾਲ ਹਮਲਾ ਕਰ ਕੇ ਬਜ਼ੁਰਗ ਪਤੀ-ਪਤਨੀ ਨੂੰ ਜ਼ਖਮੀ ਕਰਨ ਉਪਰੰਤ ਹਜ਼ਾਰਾਂ ਦੀ ਨਕਦੀ ਤੇ 35 ਤੋਲੇ ਸੋਨਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਅਾਂ ਦੀ ਪਛਾਣ ਦਰਸ਼ਨ ਸਿੰਘ ਪੁੱਤਰ ਨੰਦ ਸਿੰਘ ਅਤੇ ਰਘੁਵੀਰ ਕੌਰ ਪਤਨੀ ਦਰਸ਼ਨ ਸਿੰਘ ਦੇ ਰੂਪ ’ਚ ਹੋਈ ਹੈ।
ਇਸ ਸਬੰਧੀ ਐਡਵੋਕੇਟ ਸੰਦੀਪ ਸਿੰਘ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲਡ਼ਕਾ ਗੁਰਦਾਸਪੁਰ ’ਚ ਵਿਆਹ ਪ੍ਰੋਗਰਾਮ ’ਚ ਗਿਆ ਹੋਇਆ ਸੀ, ਜਿਸ ਕਾਰਨ ਉਹ ਘਰ ’ਚ ਇਕੱਲੇ ਸਨ ਕਿ ਰਾਤ 2 ਵਜੇ ਦੇ ਕਰੀਬ ਅਣਪਛਾਤੇ 6 ਨਕਾਬਪੋਸ਼ ਵਿਅਕਤੀ ਛੱਤ ਦੇ ਰਸਤਿਓਂ ਉਨ੍ਹਾਂ ਦੇ ਘਰ ’ਚ ਦਾਖਲ ਹੋਏ ਅਤੇ ਆਉਂਦੇ ਹੀ ਉਨ੍ਹਾਂ ਨੇ ਸਾਡੇ ’ਤੇ ਡੰਡਿਆਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਅਤੇ 2 ਵਿਅਕਤੀ ਉਨ੍ਹਾਂ ਨੂੰ ਬੰਧਕ ਬਣਾ ਕੇ ਉਸ ਕੋਲ ਖਡ਼੍ਹੇ ਅਤੇ ਡਰਾਉਂਦੇ ਰਹੇ ਕਿ ਰੌਲਾ ਪਾਇਆ ਤਾਂ ਜਾਨ ਤੋਂ ਮਾਰ ਦੇਣਗੇ ਜਦਕਿ ਹੋਰ 4 ਨਕਾਬਪੋਸ਼ ਵਿਅਕਤੀ ਘਰੋਂ 55,000 ਰੁਪਏ ਨਕਦੀ ਤੇ 8 ਸੋਨੇ ਦੀਅਾਂ ਚੂੜੀਅਾਂ, 1 ਚੇਨ, 1 ਬ੍ਰੈਸਲੇਟ, 1 ਰਿੰਗ, 2 ਲੇਡੀਜ਼ ਰਿੰਗ, ਟਾਪਸਾਂ ਸਮੇਤ 3 ਸੈੱਟ ਹਾਰ ਲੁੱਟ ਕੇ ਲੈ ਗਏ ਅਤੇ ਜਾਂਦੇ ਸਮੇਂ ਉਨ੍ਹਾਂ ਨੂੰ ਕਮਰੇ ’ਚ ਬੰਦ ਕਰ ਗਏ।
ਇਸ ਦੌਰਾਨ ਬਜ਼ੁਰਗ ਦੀ ਪਤਨੀ ਨੇ ਹਿੰਮਤ ਦਿਖਾਉਂਦੇ ਹੋਏ ਘਰ ਵਿਚੋਂ ਬਾਹਰ ਆ ਕੇ ਨਾਲ ਲਗਦੇ ਘਰ ’ਚ ਆਪਣੇ ਜੇਠ ਦੇ ਲਡ਼ਕੇ ਸੁਰਿੰਦਰ ਸਿੰਘ ਨੂੰ ਬੁਲਾ ਕੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਅਤੇ ਸੁਜਾਨਪੁਰ ਪੁਲਸ ਨੂੰ ਸੂਚਨਾ ਦਿੱਤੀ। ਇਸ ਸਬੰਧੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।